For the best experience, open
https://m.punjabitribuneonline.com
on your mobile browser.
Advertisement

ਸੱਤ ਦਹਾਕਿਆਂ ਤੋਂ ਰੇਲਵੇ ਲਾਈਨ ਦੀ ਉਡੀਕ ’ਚ ਪਾਤੜਾਂ ਤੇ ਸਮਾਣਾ

07:50 AM Apr 02, 2024 IST
ਸੱਤ ਦਹਾਕਿਆਂ ਤੋਂ ਰੇਲਵੇ ਲਾਈਨ ਦੀ ਉਡੀਕ ’ਚ ਪਾਤੜਾਂ ਤੇ ਸਮਾਣਾ
Advertisement

ਗੁਰਨਾਮ ਸਿੰਘ ਚੌਹਾਨ
ਪਾਤੜਾਂ, 1 ਅਪਰੈਲ
ਪਟਿਆਲਾ ਰੇਲਵੇ ਲਾਈਨ ਨਾਲ ਜੁੜਿਆ ਹੋਣ ਦੇ ਬਾਵਜੂਦ ਆਜ਼ਾਦੀ ਤੋਂ ਬਾਅਦ ਦੀਆਂ ਸਰਕਾਰਾਂ ਨੇ 7 ਦਹਾਕਿਆਂ ਦੇ ਲੰਬੇ ਅਰਸੇ ਮਗਰੋਂ 130 ਕਿਲੋਮੀਟਰ ਲੰਬੀ ਰੇਲਵੇ ਲਾਈਨ ਵਿਛਾ ਕੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਅਤੇ ਸਮਾਣਾ ਨੂੰ ਜਾਖਲ ਰੇਲਵੇ ਲਾਈਨ ਨਾਲ ਨਹੀਂ ਜੋੜਿਆ ਜਦੋਂ ਕਿ ਹਲਕਾ ਸ਼ੁਤਰਾਣਾ ਦਾ ਪਿੰਡ ਬਹਿਰ ਸਾਹਿਬ ਤੇ ਸਮਾਣਾ ਨੂੰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਹੈ। ਗੁਰੂ ਤੇਗ ਬਹਾਦਰ ਸਾਹਿਬ ਤੇ ਉਨ੍ਹਾਂ ਦੇ ਛੋਟੇ ਪੋਤਰਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਸ਼ਹੀਦ ਕਰਨ ਵਾਲੇ ਜਲਾਦ ਸਮਾਣਾ ਦੇ ਸਨ। ਇਸ ਲਈ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕਰਨ ਤੋਂ ਪਹਿਲਾਂ ਇਸਲਾਮਿਕ ਸ਼ਹਿਰ ਸਮਾਣਾ ਦੀ ਇੱਟ ਨਾਲ ਇੱਟ ਖੜਕਾਈ ਸੀ। ਇਤਿਹਾਸ ਪੱਖੋਂ ਅਮੀਰ ਸ਼ਹਿਰ ਸਮਾਣਾ ਦੇ ਵਸਨੀਕਾਂ ਨੇ ਪਾਤੜਾਂ ਪਟਿਆਲਾ ਮੁੱਖ ਮਾਰਗ ਉੱਤੇ ਬੰਦਾ ਸਿੰਘ ਬਹਾਦਰ ਦਾ ਛੋਟੇ ਜਿਹੇ ਚੌਕ ਵਿੱਚ ਬੁੱਤ ਸਥਾਪਿਤ ਕੀਤਾ ਹੈ। ਰੇਲਵੇ ਲਾਈਨ ਨਾ ਹੋਣ ਕਰਕੇ ਪੰਜ ਪੀਰਾਂ ਦੇ ਪਵਿੱਤਰ ਸਥਾਨ ਦੇ ਦਰਸ਼ਨਾਂ ਲਈ ਆਉਂਦੇ ਮੁਸਲਿਮ ਸ਼ੀਆ ਵਰਗ ਦੇ ਲੋਕਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਲੋਕਾਂ ਦਾ ਮੰਨਣਾ ਹੈ ਕਿ ਧਬਲਾਨ, ਸਮਾਣਾ, ਕਕਰਾਲਾ, ਘੱਗਾ, ਪਾਤੜਾਂ, ਮੂਣਕ ਅਤੇ ਜਾਖਰ ਤੱਕ ਕਰੀਬ 130 ਕਿਲੋਮੀਟਰ ਰੇਲਵੇ ਲਾਈਨ ਨਾਲ ਜੁੜ ਕੇ ਵਿਕਾਸ ਪੱਖੋਂ ਪਛੜਿਆ ਹਲਕਾ ਸ਼ੁਤਰਾਣਾ ਤੇ ਸਮਾਣਾ ਹੋਰਨਾਂ ਹਲਕਿਆਂ ਵਾਂਗ ਤਰੱਕੀ ਕਰ ਸਕਦੇ ਹਨ। ਅਫਸੋਸ ਹੈ ਕਿ ਰੇਲਵੇ ਵਿਭਾਗ ਨੇ ਸਮਾਣਾ ਵਿੱਚ ਟਿਕਟ ਬੁੱਕ ਕਰਨ ਲਈ ਬਣਾਇਆ ਕਾਊਂਟਰ ਢਾਈ ਦਹਾਕਿਆਂ ਤੋਂ ਬੰਦ ਕਰ ਦਿੱਤਾ ਹੈ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਬਣੇ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਰੇਲਵੇ ਮੰਤਰੀ ਨੂੰ ਮਿਲ ਕੇ ਰੇਲਵੇ ਲਾਈਨ ਲਈ ਹੰਭਲਾ ਮਾਰਿਆ ਸੀ ਪਰ ਸਰਕਾਰ ਬਦਲ ਜਾਣ ਕਾਰਨ ਪ੍ਰਾਜੈਕਟ ਠੰਢੇ ਬਸਤੇ ਦੇ ਵਿੱਚ ਪੈ ਗਿਆ ਸੀ। ਚੌਥੀ ਵਾਰ ਕਾਂਗਰਸ ਵੱਲੋਂ ਸੰਸਦ ਮੈਂਬਰ ਬਣੇ ਪਰਨੀਤ ਕੌਰ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੋਂ ਰੇਲਵੇ ਲੈਣ ਦਾ ਪ੍ਰਾਜੈਕਟ ਪੂਰਾ ਕਰਾਉਣ ਵਿੱਚ ਫੇਰ ਅਸਫਲ ਰਹੇ। ਇਸ ਵਾਰ ਲੋਕ ਸਭਾ ਹਲਕਾ ਪਟਿਆਲਾ ਤੋਂ ਭਾਰਤੀ ਜਨਤਾ ਪਾਰਟੀ ਨੇ ਪਰਨੀਤ ਕੌਰ ਨੂੰ, ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਡਾ. ਬਲਵੀਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰੋ. ਮਹਿੰਦਰਪਾਲ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

Advertisement

Advertisement
Author Image

Advertisement
Advertisement
×