For the best experience, open
https://m.punjabitribuneonline.com
on your mobile browser.
Advertisement

ਚੌਦਵੀਂ ਦੇ ਚੰਦ ਜਿਹੀ ਵਹੀਦਾ ਰਹਿਮਾਨ

11:15 AM Oct 14, 2023 IST
ਚੌਦਵੀਂ ਦੇ ਚੰਦ ਜਿਹੀ ਵਹੀਦਾ ਰਹਿਮਾਨ
Advertisement

ਜਦੋਂ ਹਿੰਦੀ ਸਨਿਮਾ ਵਿੱਚ ਵਹੀਦਾ ਰਹਿਮਾਨ ਨੂੰ ਪਹਿਲਾ ਮੌਕਾ ਦੇਣ ਵਾਲੇ ਗੁਰੂ ਦੱਤ ਨੇ ਬਾਲਗ ਅਵਸਥਾ ਵਿੱਚ ਪ੍ਰਵੇਸ਼ ਕਰ ਰਹੀ ਵਹੀਦਾ ਨੂੰ ਆਪਣਾ ਨਾਮ ਬਦਲਣ ਲਈ ਬੇਨਤੀ ਕੀਤੀ, ਤਾਂ ਉਸ ਨੇ ਪੂਰੇ ਆਤਮਵਿਸ਼ਵਾਸ ਨਾਲ ਗੁਰੂ ਦੱਤ ਨੂੰ ਇਨਕਾਰ ਕਰ ਦਿੱਤਾ।
ਵੰਡ ਤੋਂ ਬਾਅਦ ਇਹ ਉਹ ਦੌਰ ਸੀ ਜਦੋਂ ਦਰਸ਼ਕਾਂ ਦਾ ਪਿਆਰ ਪ੍ਰਾਪਤ ਕਰਨ ਲਈ ਦਿਲੀਪ ਕੁਮਾਰ, ਮੀਨਾ ਕੁਮਾਰੀ ਵਰਗੇ ਅਦਾਕਾਰਾਂ ਨੇ ਆਪਣੇ ਨਾਂ ਬਦਲ ਲਏ ਸਨ, ਪਰ ਵਹੀਦਾ ਰਹਿਮਾਨ ਨੇ ਕਿਹਾ, ‘‘ਵਹੀਦਾ ਨੇ ਕਾਮਯਾਬੀ ਹਾਸਲ ਕਰਨੀ ਹੈ ਅਤੇ ਇਹ ਵਹੀਦਾ ਦੇ ਨਾਂ ’ਤੇ ਹੀ ਹੋਣੀ ਹੈ। ਮੇਰੇ ਪਿਤਾ ਨੇ ਇਹ ਨਾਮ ਬੜੇ ਪਿਆਰ ਨਾਲ ਰੱਖਿਆ ਹੈ, ਮੈਂ ਇਸ ਨੂੰ ਬਦਲ ਨਹੀਂ ਸਕਦੀ।’’ ਆਉਣ ਵਾਲੇ ਦਿਨਾਂ ’ਚ ਵਹੀਦਾ ਨੇ ਨਾ ਸਿਰਫ਼ ਆਪਣੇ ਨਾਂ ਦਾ ਲੋਹਾ ਮਨਵਾਇਆ ਸਗੋਂ ਦਰਸ਼ਕਾਂ ਨੂੰ ਆਪਣੀ ਪ੍ਰਤਿਭਾ ਸਵੀਕਾਰ ਕਰਨ ਲਈ ਵੀ ਮਜਬੂਰ ਕਰ ਦਿੱਤਾ।
ਵਹੀਦਾ ਲਈ ਹਿੰਦੀ ਸਨਿਮਾ ਦੇ ਦਰਵਾਜ਼ੇ ਖੋਲ੍ਹਣ ਵਾਲੇ ਗੁਰੂ ਦੱਤ ਸਨ, ਜੋ ਉਸ ਸਮੇਂ ‘ਸੀ.ਆਈ.ਡੀ.’ ਲਈ ਦੇਵ ਆਨੰਦ ਦੇ ਨਾਲ ਇੱਕ ਨਵੀਂ ਅਦਾਕਾਰਾ ਦੀ ਤਲਾਸ਼ ਕਰ ਰਹੇ ਸਨ। ਅਜਿਹੀ ਅਦਾਕਾਰਾ ਜੋ ਨਕਾਰਾਤਮਕ ਕਿਰਦਾਰ ਨੂੰ ਸਹੀ ਠਹਿਰਾ ਸਕੇ। ਕਿਹਾ ਜਾ ਸਕਦਾ ਹੈ ਕਿ ਇਸ ਫਿਲਮ ਵਿੱਚ ਕੰਮ ਕਰਦਿਆਂ ਗੁਰੂ ਦੱਤ ਨੇ ਵਹੀਦਾ ਵਿੱਚ ਕਿਤੇ ਨਾ ਕਿਤੇ ਅਜਿਹੀ ਚੰਗਿਆੜੀ ਜ਼ਰੂਰ ਦੇਖੀ ਹੋਵੇਗੀ ਕਿ ਉਹ ਗੁਰੂ ਦੱਤ ਦੀਆਂ ਫਿਲਮਾਂ ਦੀ ਲੋੜ ਬਣ ਗਈ ਸੀ। ‘ਪਿਆਸਾ’ ਵਰਗੀ ਅਭਿਲਾਸ਼ੀ ਫਿਲਮ ਵਿੱਚ ਗੁਰੂ ਦੱਤ ਨੇ ਵਹੀਦਾ ਨੂੰ ਇੱਕ ਗੁੰਝਲਦਾਰ ਭੂਮਿਕਾ ਦਿੱਤੀ ਜੋ ਉਸ ਨੇ ਪੂਰੀ ਆਸਾਨੀ ਨਾਲ ਨਿਭਾਈ। ਭਾਵੇਂ ਗੁਰੂ ਦੱਤ ਦੀ ਅਗਲੀ ਫਿਲਮ ‘ਕਾਗਜ਼ ਕੇ ਫੂਲ’ ਨੂੰ ਦਰਸ਼ਕਾਂ ਨੇ ਬਹੁਤਾ ਪਸੰਦ ਨਹੀਂ ਕੀਤਾ, ਪਰ ਇੱਥੇ ਵੀ ਵਹੀਦਾ ਦੀ ਅਦਾਕਾਰੀ ਦੀ ਤਾਰੀਫ਼ ਹੋਈ। ਉਸ ਨੇ ਬਾਅਦ ਵਿੱਚ ਹਿੰਦੀ ਸਨਿਮਾ ਦੇ ਕਈ ਵੱਡੇ ਸਿਤਾਰਿਆਂ ਅਤੇ ਵੱਡੇ ਨਿਰਦੇਸ਼ਕਾਂ ਨਾਲ ਕੰਮ ਕੀਤਾ, ਪਰ ਗੁਰੂ ਦੱਤ ਦੀਆਂ ਬਲੈਕ ਐਂਡ ਵ੍ਹਾਈਟ ਫਿਲਮਾਂ ਵਿੱਚ ਉਸ ਦੇ ਕਿਰਦਾਰ ਵਿੱਚ ਜੋ ਚਮਕ ਸੀ, ਉਸ ਨੂੰ ਦੁਹਰਾਇਆ ਨਹੀਂ ਜਾ ਸਕਿਆ।
ਵਹੀਦਾ ਰਹਿਮਾਨ ਜਿੱਥੇ ਗੁਰੂ ਦੱਤ ਦੀਆਂ ਗੰਭੀਰ ਫਿਲਮਾਂ ਦੀ ਤਾਕਤ ਬਣੀ, ਉੱਥੇ ਦੇਵ ਆਨੰਦ ਦੀਆਂ ਸੰਗੀਤਕ ਪ੍ਰੇਮ ਕਹਾਣੀਆਂ ਦੀ ਪਛਾਣ ਵੀ ਬਣੀ। ‘ਸੀ.ਆਈ. ਡੀ.’ ਤੋਂ ਇਲਾਵਾ ਦੇਵ ਆਨੰਦ ਨਾਲ ਉਸ ਦੀ ਜੋੜੀ ਨੇ ‘ਸੋਲ੍ਹਵਾਂ ਸਾਲ’, ‘ਕਾਲਾ ਬਾਜ਼ਾਰ’, ‘ਪ੍ਰੇਮ ਪੁਜਾਰੀ’, ‘ਬਾਤ ਏਕ ਰਾਤ ਕੀ’ ਅਤੇ ‘ਗਾਈਡ’ ਵਰਗੀਆਂ ਸਫਲ ਫਿਲਮਾਂ ਦਿੱਤੀਆਂ। ‘ਗਾਈਡ’ ਦੇਖਣ ਤੋਂ ਬਾਅਦ ਲੇਖਕ ਆਰ.ਕੇ. ਨਾਰਾਇਣ ਨੇ ਲਿਖਿਆ ਸੀ, ‘‘ਵਹੀਦਾ ਰਹਿਮਾਨ ਨੇ ਰੋਜ਼ੀ ਨੂੰ ਪਰਦੇ ’ਤੇ ਜ਼ਿੰਦਾ ਕੀਤਾ ਜਿਵੇਂ ਮੈਂ ਲਿਖਿਆ ਸੀ।’’ ਇਹ ਵਹੀਦਾ ਸੀ, ਜਿਸ ਲਈ ਹਰ ਕਿਰਦਾਰ ਨੂੰ ਨਿਭਾਉਣਾ ਆਸਾਨ ਹੋ ਗਿਆ। ਉਸ ਦੀ ਸ਼ਖ਼ਸੀਅਤ ਵਿੱਚ ਇੱਕ ਖ਼ਾਸ ਕਿਸਮ ਦੀ ਕੋਮਲਤਾ ਸੀ, ਜਿਸ ਕਾਰਨ ਉਹ ਹਰ ਕਿਰਦਾਰ ਵਿੱਚ ਸਹਿਜੇ ਹੀ ਢਲ ਜਾਂਦੀ ਸੀ। ਉਸ ਦੀ ਅਜਿਹੀ ਪ੍ਰਤਿਭਾ ਸੀ ਕਿ ਸੱਤਿਆਜੀਤ ਰੇ ਉਸ ਨੂੰ ਆਪਣੀ ਬੰਗਾਲੀ ਫਿਲਮ ‘ਅਭਿਗਿਆਨ’ ਵਿੱਚ ਮੁੱਖ ਭੂਮਿਕਾ ਲਈ ਕੋਲਕਾਤਾ ਲੈ ਗਏ।
ਉਹ ਇਕਲੌਤੀ ਅਜਿਹੀ ਅਭਨਿੇਤਰੀ ਹੋਵੇਗੀ ਜਿਸ ਨੇ ਚਰਿੱਤਰ ਭੂਮਿਕਾਵਾਂ ਨੂੰ ਉਸੇ ਸਰਗਰਮੀ ਨਾਲ ਦਿਖਾਇਆ ਜਿਸ ਨਾਲ ਉਸ ਨੇ ਨਾਇਕਾ ਦੀਆਂ ਭੂਮਿਕਾਵਾਂ ਨਿਭਾਈਆਂ ਹਨ। ‘ਅਦਾਲਤ’, ‘ਕਭੀ ਕਭੀ’, ‘ਤ੍ਰਿਸ਼ੂਲ’, ‘ਨਮਕਹਲਾਲ’ ਅਤੇ ‘ਮਸ਼ਾਲ’ ਵਰਗੀਆਂ ਮਸ਼ਹੂਰ ਫਿਲਮਾਂ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀਆਂ। ਕੁਝ ਸਾਲਾਂ ਦੇ ਵਕਫ਼ੇ ਤੋਂ ਬਾਅਦ ਜਦੋਂ ਉਹ ਇੱਕ ਵਾਰ ਫਿਰ ‘ਦਿੱਲੀ 6’ ਅਤੇ ਫਿਰ ‘ਰੰਗ ਦੇ ਬਸੰਤੀ’ ਵਿੱਚ ਨਜ਼ਰ ਆਈ ਤਾਂ ਉਸ ਨੂੰ ਇੱਕ ਵਾਰ ਫਿਰ ਅਹਿਸਾਸ ਹੋਇਆ ਕਿ ਅਦਾਕਾਰੀ ਉਸ ਦੇ ਰੋਮ-ਰੋਮ ਵਿੱਚ ਰਚੀ ਹੋਈ ਹੈ। ਸ਼ੈਲੇਂਦਰ ਦੀ ‘ਤੀਸਰੀ ਕਸਮ’ ਵਿੱਚ ਹੀਰਾਬਾਈ ਨੂੰ ਮੇਲੇ ’ਤੇ ਲਿਜਾਣ ਲਈ ਹੀਰਾਮਨ ਦੀ ਬੈਲ ਗੱਡੀ ਵਿੱਚ ਬਿਠਾਇਆ ਜਾਂਦਾ ਹੈ। ਟਪਰ ਕਾਰ ਵਿੱਚ ਪਿੱਛਿਓਂ ਆ ਰਹੀ ਆਵਾਜ਼ ਤੋਂ ਹੀਰਾਮਨ ਡਰ ਜਾਂਦਾ ਹੈ, ਸੋਚਦਾ ਹੈ ਕਿ ‘ਕੀ ਇਹ ਕੋਈ ਭੂਤ ਹੈ?’ ਜਦੋਂ ਉਹ ਭੂਤ ਦੇ ਉਲਟੇ ਪੈਰਾਂ ਨੂੰ ਦੇਖਣ ਲਈ ਪਿੱਛੇ ਮੁੜਦਾ ਹੈ ਤਾਂ ਉਸ ਨੂੰ ਹੀਰਾਬਾਈ ਦੇ ਚਿਹਰੇ ਦੀ
ਝਲਕ ਦਿਖਾਈ ਦਿੰਦੀ ਹੈ। ਫਿਰ ਉਹ ਆਖਦਾ ਹੈ ਓਹ... ਇਹ ਤਾਂ ਪਰੀ ਹੈ।’ ਵਹੀਦਾ ਰਹਿਮਾਨ ਹਿੰਦੀ ਸਨਿਮਾ ਦੀ ਪਰੀ ਹੀ ਹੈ, ਜਿਸ ਕੋਲ ਸੰਵੇਦਨਸ਼ੀਲਤਾ ਅਤੇ ਸੁੰਦਰਤਾ ਦੋਵੇਂ ਹਨ।
ਪਦਮਸ੍ਰੀ ਅਤੇ ਪਦਮ ਭੂਸ਼ਨ ਪ੍ਰਾਪਤ ਕਰ ਚੁੱਕੀ ਵਹੀਦਾ ਰਹਿਮਾਨ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਇਸ ਸਾਲ ਦਾ ਦਾਦਾ ਸਾਹਿਬ ਫਾਲਕੇ ਐਵਾਰਡ ਦੇਣ ਲਈ ਚੁਣਿਆ ਗਿਆ ਹੈ। ਪੰਜ ਦਹਾਕਿਆਂ ਤੋਂ ਵੱਧ ਦੇ ਕਰੀਅਰ ਵਿੱਚ ਉਸ ਨੇ ਕਈ ਭਾਸ਼ਾਵਾਂ ਵਿੱਚ 90 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸ ਨੂੰ ‘ਰੇਸ਼ਮਾ’ ਅਤੇ ‘ਸ਼ੇਰਾ’ (1971) ਫਿਲਮਾਂ ਵਿੱਚ ਕੰਮ ਕਰਨ ਬਦਲੇ ਕੌਮੀ ਫਿਲਮ ਪੁਰਸਕਾਰ ਮਿਲਿਆ।
ਸੰਪਰਕ : 90135-10023

Advertisement

Advertisement
Author Image

sukhwinder singh

View all posts

Advertisement
Advertisement
×