ਵਾਹਿਦ ਵੱਲੋਂ ਭਾਸ਼ਾ ਵਿਭਾਗ ਦਾ ਪੁਰਸਕਾਰ ਵਾਪਸ ਕਰਨ ਦਾ ਐਲਾਨ
ਬੀਰ ਇੰਦਰ ਸਿੰਘ ਬਨਭੌਰੀ
ਸੰਗਰੂਰ, 10 ਅਕਤੂਬਰ
ਭਾਸ਼ਾ ਵਿਭਾਗ ਪੰਜਾਬ ਵਲੋਂ ਬੀਤੇ ਦਿਨੀਂ ਸਾਹਿਤ ਨਾਲ ਸਬੰਧਤ 10 ਸਰਵੋਤਮ ਪੁਸਤਕਾਂ ਦੇ ਲੇਖਕਾਂ ਨੂੰ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਇਹ ਪੁਰਸਕਾਰ ਹਾਸਲ ਕਰਨ ਵਾਲੇ ਲੇਖਕ ਤੇ ਮੈਂਬਰ ਪ੍ਰਬੰਧਕੀ ਬੋਰਡ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਾਹਿਦ ਨੇ ਇਹ ਪੁਰਸਕਾਰ ਵਾਪਸ ਕਰਨ ਦਾ ਐਲਾਨ ਹੈ। ਸੋਸ਼ਲ ਮੀਡੀਆ ਉੱਤੇ ਆਪਣੀ ਪ੍ਰਤੀਕਿਰਿਆ ਸਾਂਝੀ ਕਰਦਿਆਂ ਲੇਖਕ ਨੇ ਇਤਰਾਜ਼ ਜਤਾਇਆ ਕਿ ਜੇਕਰ ਸਰਕਾਰ ਉਸ ਨੂੰ ਯੋਗਤਾ ਦੇ ਆਧਾਰ ਉੱਤੇ ਰੁਜ਼ਗਾਰ ਨਹੀਂ ਦੇ ਸਕਦੀ ਤਾਂ ਉਸ ਨੂੰ ਅਜਿਹੇ ਸਨਮਾਨ ਕਿਸੇ ਕੰਮ ਦੇ ਨਹੀਂ ਜਾਪਦੇ। ਉਸ ਨੇ ਲਿਖਿਆ ਹੈ ਕਿ ਖ਼ੁਸ਼ੀ ਦੀ ਗੱਲ ਹੈ ਕਿ ਸਰਕਾਰ ਲੇਖਕਾਂ ਨੂੰ ਸਨਮਾਨਿਤ ਕਰ ਰਹੀ ਹੈ ਪਰ ਮਾਣ ਸਨਮਾਨ ਵੀ ਉਦੋਂ ਹੀ ਸ਼ੋਭਦੇ ਹਨ ਜਦ ਯੋਗਤਾ ਮੁਤਾਬਕ ਸਨਮਾਨਜਨਕ ਰੁਜ਼ਗਾਰ ਹਾਸਲ ਹੋਵੇ। ਜ਼ਿੰਦਗੀ ਸਿਰਫ਼ ਸਨਮਾਨਾਂ ਦੇ ਆਸਰੇ ਬਤੀਤ ਨਹੀਂ ਹੁੰਦੀ। ਉਹ ਆਪਣੀ ਯੋਗਤਾ ਅਰਸਾ ਪਹਿਲਾਂ ਹੀ ਸਿੱਧ ਕਰ ਚੁੱਕੇ ਹਨ। ਉਹ ਸਾਲ 2021 ’ਚ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਦੀ ਭਰਤੀ ਵਿਚ ਸਿਲੈਕਟ ਹੋ ਚੁੱਕੇ ਹਨ ਪਰ ਇਹ ਭਰਤੀ ਅਦਾਲਤੀ ਪ੍ਰਕਿਰਿਆ ਵਿਚ ਅਟਕ ਗਈ ਸੀ। ਇਸ ਸਾਲ 23 ਸਤੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਨੇ ਇਸ ਭਰਤੀ ਨੂੰ ਹਰੀ ਝੰਡੀ ਦੇ ਦਿੱਤੀ। ਸਰਕਾਰ ਨੇ ਲਗਪਗ 600 ਉਮੀਦਵਾਰਾਂ ਨੂੰ ਅਗਲੇ ਦੋ ਦਿਨਾਂ ’ਚ ਜੁਆਇਨ ਕਰਵਾ ਦਿੱਤਾ ਪਰ ਪੰਜਾਬੀ, ਹਿੰਦੀ, ਅੰਗਰੇਜ਼ੀ, ਭੂਗੋਲ ਤੇ ਸਿੱਖਿਆ ਵਿਭਾਗ ਦੇ 411 ਉਮੀਦਵਾਰਾਂ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਡੀਪੀਆਈ ਦਫ਼ਤਰ ਤੇ ਸਿੱਖਿਆ ਮੰਤਰੀ ’ਤੇ ਸਾਰ ਨਾ ਲੈਣ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਜਦ ਭਾਸ਼ਾ ਵਿਭਾਗ ਵੱਲੋਂ ਸਰਵੋਤਮ ਪੁਸਤਕਾਂ ਦੇ ਐਲਾਨ ਹੋਏ ਤਾਂ ਉਸ (ਵਾਹਿਦ) ਨੂੰ ਭਾਸ਼ਾ ਵਿਭਾਗ ਵੱਲੋਂ ਸਰਵੋਤਮ ਕਾਵਿ ਪੁਸਤਕ ਲਈ ਸਨਮਾਨ ਦਿੱਤਾ ਗਿਆ।