VPN, Proxy server ਬੰਬ ਦੀਆਂ ਝੂਠੀਆਂ ਧਮਕੀਆਂ ਦੀ ਜਾਂਚ ਨੂੰ ਗੁੰਝਲਦਾਰ ਬਣਾ ਰਹੇ ਹਨ: ਦਿੱਲੀ ਪੁਲੀਸ
ਨਵੀਂ ਦਿੱਲੀ, 19 ਦਸੰਬਰ
ਬੀਤੇ ਨੌਂ ਦਿਨਾਂ ਵਿੱਚ ਦਿੱਲੀ ਦੇ 100 ਤੋਂ ਵੱਧ ਸਕੂਲਾਂ ਵਿੱਚ ਬੰਬ ਹੋਣ ਦੀਆਂ ਆ ਰਹੀਆਂ ਝੂਠੀਆਂ ਈਮੇਲਜ਼ ਕਾਰਨ ਹਫੜਾ-ਦਫੜੀ ਮੱਚ ਗਈ ਹੈ। ਜ਼ਿਕਰਯੋਗ ਹੈ ਕਿ ਇਹ ਧਮਕੀਆਂ ਲੰਮੇ ਸਮੇਂ ਤੋਂ ਆ ਰਹੀਆਂ ਹਨ ਜੋ ਕਿ ਬਾਅਦ ਵਿੱਚ ਝੂਠੀਆਂ ਨਿੱਕਲਦੀਆਂ ਹਨ। ਹਾਲਾਂਕਿ ਪੁਲੀਸ ਅਤੇ ਹੋਰ ਏਜੰਸੀਆਂ ਇਨ੍ਹਾ ਧਮਕੀਆਂ ਦੇ ਪਿੱਛੇ ਦੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਕਾਰਵਾਈ ਕਰ ਰਹੀ ਹੈ ਪਰ ਹੁਣ ਤੱਕ ਕੋਈ ਵੱਡੀ ਸਫਲਤਾ ਹੱਥ ਨਹੀਂ ਲੱਗੀ।
ਪੁਲੀਸ ਅਤੇ ਮਾਹਿਰਾਂ ਨੇ ਕਿਹਾ ਕਿ ਵੀਪੀਐਨ ਅਤੇ ਪ੍ਰੌਕਸੀ ਸਰਵਰ ਕੇਸਾਂ ਨੂੰ ਹੱਲ ਕਰਨ ਅਤੇ ਇਹਨਾਂ ਸੇਵਾਵਾਂ ਤੋਂ ਜਾਣਕਾਰੀ ਪ੍ਰਾਪਤ ਕਰਨ ਲਈ ਕਾਨੂੰਨੀ ਢਾਂਚੇ ਵਿੱਚ ਮੁੱਖ ਰੁਕਾਵਟਾਂ ਵਜੋਂ ਪੇਸ਼ ਆ ਰਹੇ ਹਨ। ਜਿਸ ਕਾਰਨ ਜਾਂਚ ਵਿੱਚ ਦੇਰੀ ਹੁੰਦੀ ਹੈ। ਇਸ ਸਾਲ ਮਈ ਦੌਰਾਨ 50 ਤੋਂ ਵੱਧ ਬੰਬ ਦੀ ਧਮਕੀ ਭਰੀਆਂ ਈਮੇਲਾਂ ਨੇ ਦਿੱਲੀ ਦੇ ਸਕੂਲਾਂ ਨੂੰ ਹੀ ਨਹੀਂ ਬਲਕਿ ਹਸਪਤਾਲਾਂ, ਹਵਾਈ ਅੱਡਿਆਂ ਅਤੇ ਏਅਰਲਾਈਨ ਕੰਪਨੀਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਪੁਲੀਸ ਨੂੰ ਅਜੇ ਤੱਕ ਇਨ੍ਹਾਂ ਮਾਮਲਿਆਂ ਵਿੱਚ ਕੋਈ ਸਫਲਤਾ ਨਹੀਂ ਮਿਲੀ ਹੈ।
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਬੁੱਧਵਾਰ ਨੂੰ ਸਕੂਲਾਂ ਨੂੰ ਮਿਲ ਰਹੀਆਂ ਧਮਕੀਆਂ ’ਤੇ ਚਿੰਤਾ ਜ਼ਾਹਰ ਕੀਤੀ ਸੀ ਅਤੇ ਦੋਸ਼ੀ ਨੂੰ ਫੜਨ ’ਚ ਪੁਲੀਸ ਦੀ ਅਸਫਲਤਾ 'ਤੇ ਸਵਾਲ ਚੁੱਕੇ ਸਨ। ਸੀਨੀਅਰ ਅਧਿਕਾਰੀਆਂ ਦੇ ਅਨੁਸਾਰ ਦਿੱਲੀ ਪੁਲੀਸ ਨੇ ਭੇਜਣ ਵਾਲਿਆਂ ਦੇ IP ਪਤੇ ਪ੍ਰਾਪਤ ਕਰਨ ਲਈ Google, VK (Mail.ru ਵਜੋਂ ਜਾਣਿਆ ਜਾਂਦਾ ਹੈ) ਅਤੇ Outlook.com ਵਰਗੇ ਸੇਵਾ ਪ੍ਰਦਾਤਾਵਾਂ ਨੂੰ ਲਿਖਿਆ ਹੈ। ਕੁਝ ਮਾਮਲਿਆਂ ਵਿੱਚ ਪੁਲੀਸ ਨੂੰ ਜਵਾਬ ਵੀ ਮਿਲਿਆ ਹੈ, ਪਰ ਉਹ ਸਹੀ ਮੂਲ ਦਾ ਪਤਾ ਨਹੀਂ ਲਗਾ ਸਕੀ ਹੈ।
ਦਿੱਲੀ ਪੁਲੀਸ ਨੇ ਕੇਂਦਰੀ ਏਜੰਸੀਆਂ ਰਾਹੀਂ ਇੰਟਰਪੋਲ ਦੀ ਮਦਦ ਵੀ ਮੰਗੀ ਹੈ। ਅਧਿਕਾਰੀਆਂ ਨੇ ਕਿਹਾ ਕਿ ਸਾਡੀ ਜਾਂਚ ਚੱਲ ਰਹੀ ਹੈ। ਅਸੀਂ ਭੇਜਣ ਵਾਲੇ ਦੇ ਮੂਲ ਦਾ ਪਤਾ ਲਗਾਉਣ ਲਈ ਕੰਮ ਕਰ ਰਹੇ ਹਾਂ। ਜਦੋਂ ਕਿ ਉਹਨਾਂ ਦੇ ਸਰਵਰ ਜਾਂ ਡੋਮੇਨ ਯੂਰਪੀਅਨ ਜਾਂ ਮੱਧ ਪੂਰਬੀ ਦੇਸ਼ਾਂ ਵਿੱਚ ਲੱਭੇ ਗਏ ਹਨ, ਅਸਲ ਮੂਲ ਦੀ ਪੁਸ਼ਟੀ ਨਹੀਂ ਹੋਈ ਹੈ, ਕਿਉਂਕਿ ਈਮੇਲਾਂ ਨੂੰ VPNs (ਵਰਚੁਅਲ ਪ੍ਰਾਈਵੇਟ ਨੈੱਟਵਰਕ) ਜਾਂ Proxy Server ਦੀ ਵਰਤੋਂ ਕਰਕੇ ਭੇਜਿਆ ਗਿਆ ਸੀ।
ਦਿੱਲੀ ਪੁਲੀਸ ਸਪੈਸ਼ਲ ਸੈੱਲ ਦੀ ਇੱਕ ਸਮਰਪਿਤ ਯੂਨਿਟ ਨੂੰ ਧਮਕੀਆਂ ਦੇ ਮਾਮਲਿਆਂ ਦੀ ਜਾਂਚ ਦਾ ਕੰਮ ਸੌਂਪਿਆ ਗਿਆ ਹੈ।
ਫਿਊਚਰ ਕ੍ਰਾਈਮ ਰਿਸਰਚ ਫਾਊਂਡੇਸ਼ਨ ਦੇ ਸਹਿ-ਸੰਸਥਾਪਕ ਸ਼ਸ਼ਾਂਕ ਸ਼ੇਖਰ ਨੇ ਕਿਹਾ, "ਸਾਈਬਰ ਖਤਰਿਆਂ ਨੂੰ ਟਰੈਕ ਕਰਨ ਲਈ ਤਕਨੀਕੀ ਮੁਹਾਰਤ, ਰੀਅਲ-ਟਾਈਮ ਖਤਰੇ ਦੀ ਖੁਫੀਆ ਜਾਣਕਾਰੀ ਅਤੇ ਅੰਤਰਰਾਸ਼ਟਰੀ ਸਹਿਯੋਗ ਦੀ ਲੋੜ ਹੁੰਦੀ ਹੈ। ਪੀਟੀਆਈ