For the best experience, open
https://m.punjabitribuneonline.com
on your mobile browser.
Advertisement

ਮਾਛੀਵਾੜਾ, ਪਾਇਲ ਤੇ ਰਾਏਕੋਟ ’ਚ ਵੋਟਾਂ ਦਾ ਕੰਮ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ

08:05 AM Jun 02, 2024 IST
ਮਾਛੀਵਾੜਾ  ਪਾਇਲ ਤੇ ਰਾਏਕੋਟ ’ਚ ਵੋਟਾਂ ਦਾ ਕੰਮ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ
ਰਾਏਕੋਟ ’ਚ ਵੋਟ ਪਾ ਕੇ ਬੂਥ ਤੋਂ ਬਾਹਰ ਆਉਂਦੀ ਹੋਈ 93 ਸਾਲਾ ਕੁਸ਼ੱਲਿਆ ਦੇਵੀ।
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 1 ਜੂਨ
ਲੋੋਕ ਸਭਾ ਚੋਣਾਂ ਲਈ ਅੱਜ ਮਾਛੀਵਾੜਾ ਬਲਾਕ ਦੇ 116 ਪਿੰਡਾਂ ਅਤੇ ਸ਼ਹਿਰ ਦੇ 19 ਬੂਥਾਂ ਵਿਚ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਿਆ। ਗਰਮੀ ਦੇ ਬਾਵਜੂਦ ਵੋਟਰਾਂ ਵਿਚ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਖਾਸ ਕਰ ਪਰਵਾਸੀ ਮਜ਼ਦੂਰ ਅਤੇ ਜਿਨ੍ਹਾਂ ਇਲਾਕਿਆਂ ਵਿਚ ਗਰੀਬ ਵਸੋਂ ਜ਼ਿਆਦਾ ਹੈ, ਉੱਥੇ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਸਵੇਰ 7 ਵਜੇ ਸ਼ੁਰੂ ਹੋਈ ਚੋਣ ਪ੍ਰਕਿਰਿਆ 11 ਵਜੇ ਤੱਕ ਪੂਰੀ ਤੇਜ਼ੀ ਨਾਲ ਰਹੀ, ਜਿਸ ਤੋਂ ਬਾਅਦ ਗਰਮੀ ਕਾਰਨ ਵੋਟਰਾਂ ਦਾ ਉਤਸ਼ਾਹ ਮੱਠਾ ਪਿਆ। ਮਾਛੀਵਾੜਾ ਬਲਾਕ ਦੇ ਪਿੰਡਾਂ ਤੇ ਬਾਕੀ ਬੂਥਾਂ ’ਤੇ 50 ਤੋਂ 55 ਫੀਸਦੀ ਵੋਟਿੰਗ ਰਹੀ। ਲੋਕ ਸਭਾ ਚੋਣਾਂ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਭਾਈਚਾਰਕ ਸਾਂਝ ਬਣਾਈ ਰੱਖੀ ਅਤੇ ਕਿਤੇ ਵੀ ਕੋਈ ਤਕਰਾਰਬਾਜ਼ੀ ਜਾਂ ਅਣਸੁਖਾਵੀਂ ਘਟਨਾ ਨਹੀਂ ਹੋਈ। ਅੱਜ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਇੰਚਾਰਜ ਵਿਕਰਮ ਸਿੰਘ ਬਾਜਵਾ, ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਸ਼ਕਤੀ ਆਨੰਦ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਦਰਸ਼ਨ ਕੁੰਦਰਾ ਸਮੇਤ ਹੋਰ ਕਈ ਸਿਆਸੀ ਪਾਰਟੀਆਂ ਦੇ ਆਗੂ ਵੀ ਪਰਿਵਾਰਾਂ ਸਮੇਤ ਬੂਥਾਂ ’ਤੇ ਵੋਟ ਪਾਉਣ ਪੁੱਜੇ।
ਉਥੇ ਹੀ ਲੋਕ ਸਭਾ ਚੋਣਾਂ ਦੌਰਾਨ ਵੱਖ-ਵੱਖ ਕਿਸਾਨ ਯੂਨੀਅਨਾਂ ਵਲੋਂ ਭਾਜਪਾ ਉਮੀਦਵਾਰ ਦਾ ਡਟ ਕੇ ਵਿਰੋਧ ਕੀਤਾ ਗਿਆ ਅਤੇ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਕਿ ਕਿਸਾਨੀ ਮੰਗਾਂ ਨਾ ਮੰਨੇ ਜਾਣ ਕਾਰਨ ਇਨ੍ਹਾਂ ਨੂੰ ਵੋਟਾਂ ਨਾ ਪਾਈਆਂ ਜਾਣ। ਭਾਜਪਾ ਦੇ ਵਿਰੋਧ ਦੇ ਬਾਵਜ਼ੂਦ ਮਾਛੀਵਾੜਾ ਇਲਾਕੇ ਵਿਚ ਸ਼ਹਿਰ ਤੋਂ ਇਲਾਵਾ ਬੇਟ ਖੇਤਰ ਦੇ ਜ਼ਿਆਦਾਤਰ ਪਿੰਡਾਂ ਵਿਚ ਪੋਲਿੰਗ ਬੂਥਾਂ ਦੇ ਬਾਹਰ ਭਾਜਪਾ ਨੇ ਆਪਣੇ ਬੂਥ ਲਗਾਏ ਹੋਏ ਸਨ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ ਕਿ ਹੁਣ ਪਿੰਡਾਂ ਵਿਚ ਵੀ ਭਾਜਪਾ ਆਪਣੀ ਪਕੜ ਬਣਾਉਂਦੀ ਜਾ ਰਹੀ ਹੈ। ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਵਿਚ ਭਾਜਪਾ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਮਿਲਦੀਆਂ ਹਨ ਅਤੇ ਪਿੰਡਾਂ ਵਿਚ ਕਿੰਨੇ ਪ੍ਰਤੀਸ਼ਤ ਵੋਟ ਪਾਰਟੀ ਦੇ ਹੱਕ ਵਿਚ ਭੁਗਤੀ ਇਸਦਾ ਨਤੀਜਿਆਂ ਤੋਂ ਬਾਅਦ ਪਤਾ ਲੱਗੇਗਾ ਪਰ ਇਕੱਲੇ ਤੌਰ ’ਤੇ ਚੋਣ ਲੜ ਰਹੀ ਭਾਜਪਾ ਦਾ ਪਿੰਡ-ਪਿੰਡ ਬੂਥ ਲੱਗਣਾ ਬਾਕੀ ਵਿਰੋਧੀ ਸਿਆਸੀ ਪਾਰਟੀਆਂ ਨੂੰ ਵੀ ਸੋਚਾਂ ਵਿਚ ਪਾ ਗਿਆ ਹੈ।
ਪਾਇਲ (ਦੇਵਿੰਦਰ ਸਿੰਘ ਜੱਗੀ): ਪਾਇਲ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ’ਚ ਵੋਟਾਂ ਦਾ ਕੰਮ ਸ਼ਾਤੀਪੂਰਵਕ ਨਾਲ ਨੇਪਰੇ ਚੜ੍ਹ ਗਿਆ। ਸਥਾਨਕ ਸ਼ਹਿਰ ਦੇ ਬੂਥ ਨੰਬਰ 68 ਵਿੱਚ ਸਵੇਰੇ ਵੇਲੇ ਵੋਟਿੰਗ ਮਸ਼ੀਨ ਵਿੱਚ ਕੁਝ ਤਕਨੀਕੀ ਖਰਾਬੀ ਹੋਣ ਕਾਰਨ ਵੋਟਰਾਂ ਨੂੰ ਕੁਝ ਸਮਾਂ ਇੰਤਜ਼ਾਰ ਕਰਨਾ ਪਿਆ। ਇਸੇ ਤਰ੍ਹਾਂ ਨਾਲ ਲੱਗਦੇ ਬੂਥ ਨੰਬਰ 69 ਵਿੱਚ ਵੀ ਤਕਨੀਕੀ ਖਰਾਬ ਹੋਣ ਕਾਰਨ ਮਸ਼ੀਨ ਨੂੰ ਤੁਰੰਤ ਬਦਲੀ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਪਾਇਲ ਸ਼ਹਿਰ ਦੇ ਬੂਥ ਨੰਬਰ. 68 ਦੀਆਂ ਕੁੱਲ 829 ਵੋਟਾਂ ’ਚੋਂ 514 ਵੋਟਾਂ ਪੋਲ ਹੋਈਆ, ਬੂਥ ਨੰ. 69 ਕੁੱਲ 848 ’ਚੋਂ 560, ਬੂਥ ਨੰਬਰ. 70 ’ਚੋਂ ਕੁੱਲ 817-460, ਬੂਥ ਨੰਬਰ. 71 ਕੁੱਲ 773-462, ਬੂਥ ਨੰਬਰ. 72 ਕੁੱਲ 739 ’ਚੋਂ 485, ਪਿੰਡ ਮਾਜਰੀ ਕੁੱਲ 750 ’ਚੋਂ 468, ਪਿੰਡ ਗੋਬਿੰਦਪੁਰਾ ਕੁੱਲ 783 ’ਚੋਂ 213, ਪਿੰਡ ਕੋਟਲੀ ਕੁੱਲ 252 ’ਚੋਂ 157, ਬੂਥ ਨੰਬਰ. 60 ਕੁੱਲ 695 ’ਚੋਂ 403, ਬੂਥ ਨੰਬਰ. 61 ਕੁੱਲ 674 ’ਚੋਂ 440, ਪਿੰਡ ਸ਼ਾਹਪੁਰ ਬੂਥ ਨੰਬਰ. 62 ਕੁੱਲ ਵੋਟਾਂ 1148 ’ਚੋਂ 634, ਪਿੰਡ ਘੁਡਾਣੀ ਖੁਰਦ ਬੂਥ ਨੰਬਰ. 75 ਕੁੱਲ 724 ’ਚੋਂ 471, ਪਿੰਡ ਧਮੋਟ ਖੁਰਦ ਵਿੱਚ ਕੁੱਲ 536 ’ਚੋਂ 355 ਵੋਟਾਂ ਪੋਲ ਹੋਈਆਂ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਰਾਖਵਾਂ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ’ਚ ਪੈਂਦੇ ਵਿਧਾਨ ਸਭਾ ਹਲਕਾ ਰਾਏਕੋਟ ਵਿੱਚ ਗਰਮੀ ਦੇ ਬਾਵਜੂਦ ਲੋਕ ਵੋਟਿੰਗ ਕਰਨ ਲਈ ਬੂਥਾਂ ’ਤੇ ਪਹੁੰਚੇ। ਗਰਮੀ ਕਾਰਨ ਭਾਵੇਂ ਪੋਲਿੰਗ ਬੂਥਾਂ ’ਤੇ ਲੰਬੀਆਂ ਕਤਾਰਾਂ ਤਾਂ ਨਹੀਂ ਲੱਗੀਆਂ ਪਰ ਵੋਟਾਂ ਪਾਉਣ ਦਾ ਕੰਮ ਨਿਰੰਤਰ ਚੱਲਦਾ ਰਿਹਾ| ਉਪ ਪੁਲੀਸ ਕਪਤਾਨ ਰਾਏਕੋਟ ਰਛਪਾਲ ਸਿੰਘ ਨੇ ਦੱਸਿਆ ਕਿ ਰਾਏਕੋਟ ਵਿਧਾਨ ਸਭਾ ਹਲਕੇ ’ਚ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਤੇ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਪੂਰਨ ਹੋ ਗਿਆ| ਕਈ ਥਾਵਾਂ ’ਤੇ ਵੋਟਰਾਂ ਦੇ ਪੀਣ ਵਾਸਤੇ ਸ਼ਰਬਤ ਤੇ ਠੰਢੇ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ, ਜਿਸ ਨਾਲ ਵੋਟਰਾਂ ਨੂੰ ਕਾਫੀ ਰਾਹਤ ਮਿਲੀ|

Advertisement

ਰਾਏਕੋਟ ਵਿੱਚ 65 ਫ਼ੀਸਦ ਵੋਟਾਂ ਪਈਆਂ

ਰਾਏਕੋਟ (ਸੰਤੋਖ ਗਿੱਲ): ਲੋਕ ਸਭਾ ਹਲਕਾ ਸ੍ਰੀ ਫ਼ਤਹਿਗੜ੍ਹ ਸਾਹਿਬ ਅਧੀਨ ਆਉਂਦੇ ਰਾਏਕੋਟ ਵਿਧਾਨ ਸਭਾ ਹਲਕੇ ਵਿੱਚ ਅੱਜ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਿਆ। ਪੋਲਿੰਗ ਬੂਥਾਂ ’ਤੇ 11 ਵਜੇ ਤੱਕ 19 ਫ਼ੀਸਦ, ਦੁਪਹਿਰ 1 ਵਜੇ ਤੱਕ 41 ਫੀਸਦ ਵੋਟਾਂ ਪਈਆਂ। ਦੁਪਹਿਰ ਸਮੇਂ ਲੋਕ ਘਰਾਂ ਤੋਂ ਨਾ ਨਿਕਲੇ, ਜਿਸ ਕਾਰਨ 1 ਵਜੇ ਤੋਂ 3 ਵਜੇ ਤੱਕ ਕੇਵਲ 2 ਫ਼ੀਸਦ ਵੋਟਾਂ ਪੈਣ ਕਾਰਨ ਇਹ ਗਿਣਤੀ 44 ਫ਼ੀਸਦ ਰਹੀ, ਸ਼ਾਮ 5 ਵਜੇ ਤੱਕ 59 ਫ਼ੀਸਦ ਅਤੇ 6 ਵਜੇ ਤੱਕ ਕਰੀਬ 65 ਫ਼ੀਸਦ ਵੋਟਾਂ ਪੈਣ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ, ਜਦੋਂਕਿ ਅਧਿਕਾਰਤ ਤੌਰ ’ਤੇ ਦੇਰ ਸ਼ਾਮ ਤੱਕ ਕੋਈ ਅੰਕੜਾ ਜਾਰੀ ਨਹੀਂ ਕੀਤਾ ਗਿਆ।

Advertisement
Author Image

Advertisement
Advertisement
×