ਜੰਮੂ ਕਸ਼ਮੀਰ ਵਿਚ ਤੀਜੇ ਤੇ ਆਖ਼ਰੀ ਗੇੜ ਲਈ ਵੋਟਾਂ ਅੱਜ
* ਪੱਛਮੀ ਪਾਕਿ ਰਫਿਊਜੀ, ਵਾਲਮੀਕਿ ਸਮਾਜ ਤੇ ਗੋਰਖਾ ਭਾਈਚਾਰੇ ਦੇ ਮੈਂਬਰ ਪਹਿਲੀ ਵਾਰ ਪਾਉਣਗੇ ਵੋਟਾਂ
* ਸੱਜਾਦ ਲੋਨ, ਦੋ ਸਾਬਕਾ ਉਪ ਮੁੱਖ ਮੰਤਰੀਆਂ ਦੀ ਸਿਆਸੀ ਕਿਸਮਤ ਦਾ ਹੋਵੇਗਾ ਫੈਸਲਾ
ਜੰਮੂ, 30 ਸਤੰਬਰ
ਜੰਮੂ ਕਸ਼ਮੀਰ ਅਸੈਂਬਲੀ ਦੀਆਂ 40 ਸੀਟਾਂ ਲਈ ਤੀਜੇ ਤੇ ਆਖਰੀ ਗੇੜ ਤਹਿਤ ਮੰਗਲਵਾਰ ਨੂੰ ਵੋਟਾਂ ਪੈਣਗੀਆਂ। ਇਹ 40 ਅਸੈਂਬਲੀ ਹਲਕੇ ਜੰਮੂ ਕਸ਼ਮੀਰ ਦੇ ਸੱਤ ਜ਼ਿਲ੍ਹਿਆਂ (ਚਾਰ ਜੰਮੂ ਤੇ ਤਿੰਨ ਉੱਤਰੀ ਕਸ਼ਮੀਰ) ਵਿਚ ਪੈਂਦੇ ਹਨ। ਵੋਟਾਂ ਸਵੇਰੇ 7 ਤੇ ਸ਼ਾਮੀਂ 6 ਵਜੇ ਤੱਕ ਪੈਣਗੀਆਂ। ਜੰਮੂ ਖੇਤਰ ਵਿਚ ਆਉਂਦੇ ਜ਼ਿਲ੍ਹਿਆਂ ਵਿਚ ਜੰਮੂ, ਊਧਮਪੁਰ, ਸਾਂਬਾ ਤੇ ਕਠੂਆਂ ਤੇ ਉੱਤਰੀ ਕਸ਼ਮੀਰ ਦੇ ਤਿੰਨ ਜ਼ਿਲ੍ਹੇ -ਬਾਰਾਮੁੱਲਾ, ਬਾਂਦੀਪੋਰਾ ਤੇ ਕੁਪਵਾੜਾ ਸ਼ਾਮਲ ਹਨ। ਆਖਰੀ ਗੇੜ ਦੀਆਂ ਚੋਣਾਂ 415 ਉਮੀਦਵਾਰਾਂ ਦੇ ਸਿਆਸੀ ਭਵਿੱਖ ਦਾ ਫੈਸਲਾ ਕਰਨਗੀਆਂ, ਜਿਨ੍ਹਾਂ ਵਿਚ ਦੋ ਸਾਬਕਾ ਉਪ ਮੁੱਖ ਮੰਤਰੀ ਤਾਰਾ ਚੰਦ ਤੇ ਮੁਜ਼ੱਫਰ ਬੇਗ਼, ਪੀਪਲਜ਼ ਕਾਨਫਰੰਸ ਦੇ ਚੇਅਰਮੈਨ ਤੇ ਸਾਬਕਾ ਮੰਤਰੀ ਸੱਜਾਦ ਲੋਨ (ਕੁਪਵਾੜਾ ਦੀਆਂ ਦੋ ਸੀਟਾਂ), ਨੈਸ਼ਨਲ ਪੈਂਥਰਜ਼ ਪਾਰਟੀ ਇੰਡੀਆ ਦੇ ਪ੍ਰਧਾਨ ਦੇਵ ਸਿੰਘ (ਊਧਮਪੁਰ ਦੀ ਚੇਨਾਨੀ ਸੀਟ) ਵੀ ਸ਼ਾਮਲ ਹਨ। ਭਲਕੇ ਪੱਛਮੀ ਪਾਕਿਸਤਾਨੀ ਰਫਿਊਜੀ, ਵਾਲਮੀਕਿ ਸਮਾਜ ਤੇ ਗੋਰਖਾ ਭਾਈਚਾਰੇ ਦੇ ਮੈਂਬਰ ਵੀ ਵੋਟਾਂ ਪਾਉਣਗੇ, ਜਿਨ੍ਹਾਂ ਨੂੰ ਧਾਰਾ 370 ਰੱਦ ਕੀਤੇ ਜਾਣ ਮਗਰੋਂ ਅਸੈਂਬਲੀ, ਨਿਗ਼ਮ ਤੇ ਪੰਚਾਇਤ ਚੋਣਾਂ ਲਈ ਵੋਟ ਪਾਉਣ ਦਾ ਅਧਿਕਾਰ ਮਿਲਿਆ ਹੈ। ਉਂਝ 39.18 ਲੱਖ ਤੋਂ ਵੱਧ ਵੋਟਰ 5060 ਪੋਲਿੰਗ ਸਟੇਸ਼ਨਾਂ ’ਤੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਦੇ ਯੋਗ ਹਨ।
ਵਧੀਕ ਡੀਜੀਪੀ (ਏਡੀਜੀਪੀ) ਜੰਮੂ ਜ਼ੋਨ ਆਨੰਦ ਜੈਨ ਨੇ ਕਿਹਾ ਕਿ ‘ਦਹਿਸ਼ਤ ਮੁਕਤ ਤੇ ਸ਼ਾਂਤੀਪੂਰਨ’ ਚੋਣਾਂ ਯਕੀਨੀ ਬਣਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਚੋਣ ਡਿਊਟੀਆਂ ’ਤੇ ਤਾਇਨਾਤ ਹਜ਼ਾਰਾਂ ਦੀ ਗਿਣਤੀ ਵਿਚ ਸਟਾਫ਼ ਅੱਜ ਈਵੀਐੱਮਜ਼ ਤੇ ਹੋਰ ਚੋਣ ਸਮੱਗਰੀ ਲੈ ਕੇ ਆਪੋ ਆਪਣੇ ਜ਼ਿਲ੍ਹਾ ਹੈੱਡਕੁਆਰਟਰਾਂ ਵੱਲ ਰਵਾਨਾ ਹੋ ਗਿਆ। 18 ਸਤੰਬਰ ਨੂੰ ਪਹਿਲੇ ਗੇੜ ਵਿਚ 61.38 ਫੀਸਦ ਤੇ 25 ਸਤੰਬਰ ਨੂੰ ਦੂਜੇ ਗੇੜ ਵਿਚ 57.31 ਫੀਸਦ ਪੋਲਿੰਗ ਹੋਈ ਸੀ। ਪੰਜ ਸਾਲ ਪਹਿਲਾਂ ਧਾਰਾ 370 ਮਨਸੂਖ ਕੀਤੇ ਜਾਣ ਦੇ ਫੈਸਲੇ ਮਗਰੋਂ ਜੰਮੂ ਕਸ਼ਮੀਰ ਵਿਚ ਇਹ ਪਹਿਲੀ ਅਸੈਂਬਲੀ ਚੋਣ ਹੈ, ਜਿਸ ਦੇ ਨਤੀਜੇ 8 ਅਕਤੂੁਬਰ ਨੂੰ ਐਲਾਨੇ ਜਾਣਗੇ। ਜੰਮੂ ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ ਪਾਂਡੂਰੰਗ ਕੇ. ਪੋਲੇ ਨੇ ਕਿਹਾ ਕਿ ਜੰਮੂ ਖੇਤਰ ਦੀਆਂ 24 ਤੇ ਕਸ਼ਮੀਰ ਵਾਦੀ ਦੀਆਂ 16 ਸੀਟਾਂ ਲਈ 39.18 ਲੱਖ ਤੋਂ ਵੱਧ ਵੋਟਰ ਯੋਗ ਹਨ। -ਪੀਟੀਆਈ