ਜੰਮੂ ਕਸ਼ਮੀਰ ਵਿੱਚ ਦੂਜੇ ਗੇੜ ਲਈ ਵੋਟਿੰਗ ਅੱਜ
ਸ੍ਰੀਨਗਰ:
ਜੰਮੂ ਕਸ਼ਮੀਰ ’ਚ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਲਈ ਬੁੱਧਵਾਰ ਨੂੰ 26 ਸੀਟਾਂ ਲਈ ਵੋਟਾਂ ਪੈਣਗੀਆਂ। ਇਹ ਸੀਟਾਂ ਜੰਮੂ ਡਿਵੀਜ਼ਨ ਅਤੇ ਕਸ਼ਮੀਰ ਵਾਦੀ ਦੇ ਤਿੰਨ-ਤਿੰਨ ਜ਼ਿਲ੍ਹਿਆਂ ਵਿਚ ਪੈਂਦੀਆਂ ਹਨ। ਚੋਣ ਕਮਿਸ਼ਨ ਮੁਤਾਬਕ 25.78 ਲੱਖ ਵੋਟਰ 239 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ। ਵੋਟਿੰਗ ਦੇ ਅਮਲ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਬਲਾਂ, ਪੁਲੀਸ ਤੇ ਕੇਂਦਰੀ ਹਥਿਆਰਬੰਦ ਨੀਮ ਫੌਜੀ ਬਲਾਂ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਭਲਕੇ ਜਿਨ੍ਹਾਂ ਆਗੂਆਂ ਦਾ ਸਿਆਸੀ ਭਵਿੱਖ ਈਵੀਐੱਮਜ਼ ਵਿਚ ਬੰਦ ਹੋ ਜਾਵੇਗਾ ਉਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਤਾਰਿਕ ਹਾਮਿਦ ਕਾਰਾ, ਜੰਮੂ ਕਸ਼ਮੀਰ ਭਾਜਪਾ ਦੇ ਪ੍ਰਧਾਨ ਰਵਿੰਦਰ ਰੈਣਾ, ਅਪਨੀ ਪਾਰਟੀ ਦੇ ਪ੍ਰਧਾਨ ਅਲਤਾਫ਼ ਬੁਖਾਰੀ (ਚਾਨਾਪੋਰਾ), ਸਾਬਕਾ ਮੰਤਰੀ ਅਲੀ ਮੁਹੰਮਦ ਸਾਗਰ (ਖਨਯਾਰ), ਅਬਦੁਲ ਰਹੀਮ ਰਾਥਰ (ਚਰਾਰ-ਏ-ਸ਼ਰੀਫ), ਚੌਧਰੀ ਜ਼ੁਲਫਿਕਾਰ ਅਲੀ(ਬੁੱਢਲ) ਤੇ ਸੱਯਦ ਮੁਸ਼ਤਾਕ ਬੁਖਾਰੀ (ਸੂਰਨਕੋਟ) ਪ੍ਰਮੁੱਖ ਹਨ। ਪਹਿਲੇ ਗੇੜ ਦੀ ਪੋਲਿੰਗ ਦੌਰਾਨ 18 ਸਤੰਬਰ ਨੂੰ 61.38 ਫੀਸਦ ਪੋਲਿੰਗ ਹੋਈ ਸੀ। ਤੀਜੇ ਤੇ ਆਖਰੀ ਗੇੜ ਲਈ 1 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ। ਉਮਰ ਅਬਦੁੱਲਾ ਗੰਦਰਬਲ ਤੇ ਬੜਗਾਮ ਸੀਟਾਂ ਤੋਂ ਚੋਣ ਲੜ ਰਹੇ ਹਨ ਜਦੋਂਕਿ ਕਾਰਾ ਕੇਂਦਰੀ ਸ਼ਾਲਟੈਂਗ ਤੋਂ ਉਮੀਦਵਾਰ ਹਨ। ਰੈਣਾ ਰਾਜੌਰੀ ਜ਼ਿਲ੍ਹੇ ਵਿਚ ਨੌਸ਼ਹਿਰਾ ਸੀਟ ਬਰਕਰਾਰ ਰੱਖਣ ਦੀ ਕੋਸ਼ਿਸ਼ ਵਿਚ ਹਨ, ਜਿੱਥੋਂ ਉਨ੍ਹਾਂ 2014 ਵਿਚ ਜਿੱਤ ਦਰਜ ਕੀਤੀ ਸੀ। ਭਲਕੇ ਵੱਖਵਾਦੀ ਆਗੂ ਸਾਰਜਾਨ ਅਹਿਮਦ ਵਾਗੇ ਉਰਫ਼ ਬਰਕਤੀ ਦੀ ਕਿਸਮਤ ਦਾ ਫੈਸਲਾ ਹੋਵੇਗਾ, ਜੋ ਬੀੜਵਾਹ ਤੇ ਗੰਦਰਬਲ ਤੋਂ ਚੋਣ ਲੜ ਰਿਹਾ ਹੈ। ਚੋਣ ਅਧਿਕਾਰੀ ਨੇ ਕਿਹਾ ਕਿ ਦੂਜੇ ਗੇੜ ਲਈ ਕੁੱਲ 3502 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਵਿਚੋਂ 1056 ਪੋਲਿੰਗ ਸਟੇਸ਼ਨ ਸ਼ਹਿਰੀ ਤੇ 2446 ਪੇਂਡੂ ਖੇਤਰਾਂ ਵਿਚ ਹਨ। ਚੋਣ ਕਮਿਸ਼ਨ ਨੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਵੈੱਬਕਾਸਟਿੰਗ ਸਹੂਲਤਾਂ ਦਾ ਪ੍ਰਬੰਧ ਕੀਤਾ ਹੈ। -ਪੀਟੀਆਈ
ਚੋਣ ਅਮਲੇ ਦਾ ਵਾਹਨ ਖੱਡ ’ਚ ਡਿੱਗਣ ਕਾਰਨ ਦੋ ਹਲਾਕ
ਜੰਮੂ:
ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਅੱਜ ਜ਼ੋਨਲ ਮੈਜਿਸਟ੍ਰੇਟ ਨੂੰ ਚੋਣ ਡਿਊਟੀ ’ਤੇ ਲਿਜਾ ਰਿਹਾ ਵਾਹਨ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਪੁਲੀਸ ਮੁਲਾਜ਼ਮ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਬਾਅਦ ਦੁਪਹਿਰ 3 ਵਜੇ ਦੇ ਕਰੀਬ ਮਹੋਰ ਖੇਤਰ ਦੇ ਟਕਸਨ-ਅੰਗੜੀ ਪਿੰਡ ਨੇੜੇ ਵਾਹਨ ਖੱਡ ’ਚ ਡਿੱਗਣ ਤੋਂ ਪਹਿਲਾਂ ਜ਼ੋਨਲ ਮੈਜਿਸਟ੍ਰੇਟ ਅਜੈ ਕੁਮਾਰ ਨੇ ਛਾਲ ਮਾਰ ਦਿੱਤੀ, ਜਿਸ ਸਦਕਾ ਉਹ ਬਚ ਗਏ। ਬਚਾਅ ਕਰਮੀਆਂ ਨੇ ਘਟਨਾ ਸਥਾਨ ਤੋਂ ਕਾਂਸਟੇਬਲ ਐਜਾਜ਼ ਖਾਨ (31) ਅਤੇ ਡਰਾਈਵਰ ਜਾਵੇਦ ਅਹਿਮਦ (30) ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ।