ਰਜਵਾੜਾਸ਼ਾਹੀ ਉਮੀਦਵਾਰਾਂ ਨੂੰ ਵੋਟ ਦੇਣਾ ਬੱਚਿਆਂ ਦੇ ਭਵਿੱਖ ਨਾਲ ਗੱਦਾਰੀ: ਸਮਾਓ
ਪੱਤਰ ਪ੍ਰੇਰਕ
ਜੋਗਾ, 21 ਮਈ
ਵੋਟਾਂ ਲੈ ਕੇ ਸੱਤਾਧਾਰੀ ਲੀਡਰ ਪਾਰਲੀਮੈਂਟ ਵਿੱਚ ਲੋਕਾਂ ਤੋਂ ਸਿੱਖਿਆ, ਇਲਾਜ ਤੇ ਰੁਜ਼ਗਾਰ ਖੋਹਣ ਦੀਆਂ ਨੀਤੀਆਂ ਬਣਾਉਂਦੇ ਹਨ। ਅੱਜ ਰਜਵਾੜਾਸ਼ਾਹੀ ਉਮੀਦਵਾਰਾਂ ਨੂੰ ਵੋਟ ਦੇਣਾ ਆਪਣੇ ਬੱਚਿਆ ਦੇ ਭਵਿੱਖ ਨਾਲ ਗ਼ੱਦਾਰੀ ਹੋਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸ਼ਹਿਰ ਜੋਗਾ, ਪਿੰਡਾਂ ਭੁਪਾਲ, ਅਤਲਾ ਆਦਿ ਦੇ ਅੰਦਰ ਕੀਤੀਆਂ ਗਈਆ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਅਤੇ ਉਮੀਦਵਾਰ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕੀਤਾ। ਉਨ੍ਹਾਂ ਕਿਹਾ ਕਿ ‘ਆਪ’, ਕਾਂਗਰਸ, ਭਾਜਪਾ ਤੇ ਅਕਾਲੀ ਲੀਡਰ ਵੱਡੇ ਪੂੰਜੀਪਤੀਆਂ ਦੇ ਹੱਕਾਂ ’ਚ ਕੰਮ ਕਰਦੇ ਹਨ। ਕਾਮਰੇਡ ਭੋਲਾ ਸਿੰਘ ਝੱਬਰ ਨੇ ਕਿਹਾ ਕਿ ਅੱਜ ਵੋਟਾਂ ਲਈ ਗਰੀਬਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇਣ ਵਾਲੇ ਰਜਵਾੜੇ ਲੀਡਰ ਆਪ ਅਰਬਾਂ ’ਚ ਵਿਕਦੇ ਹਨ। ਇਸੇ ਦਾ ਕਾਰਨ ਹੈ ਕਿ ਪਾਰਲੀਮੈਂਟ ਤੇ ਵਿਧਾਨ ਸਭਾਵਾਂ ਅੰਦਰ ਮਜ਼ਦੂਰਾਂ-ਕਿਸਾਨਾਂ ਦੀ ਕੋਈ ਗੱਲ ਨਹੀਂ ਹੁੰਦੀ। ‘ਆਪ’ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਰਾਸ਼ੀ ਨਾ ਦੇਣ ਕਾਰਨ ਵਿਦਿਆਰਥੀ ਕਾਲਜਾਂ ਵਿੱਚ ਜ਼ਲੀਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਝੂਠੇ ਵਾਅਦੇ ਕਰ ਕੇ ਵੋਟਾਂ ਲੈਣ ਵਾਲੇ ਸਿਆਸੀ ਪਾਰਟੀਆਂ ਦੇ ਲੀਡਰਾਂ ’ਤੇ ਧੋਖਾਧੜੀ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ।