ਬਰਤਾਨੀਆ ਵਿੱਚ ਆਮ ਚੋਣਾਂ ਲਈ ਵੋਟਿੰਗ
ਲੰਡਨ, 4 ਜੁਲਾਈ
ਬਰਤਾਨੀਆ ’ਚ ਅੱਜ ਆਮ ਚੋਣਾਂ ਲਈ ਵੋਟਿੰਗ ਚੱਲ ਰਹੀ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਤੇ ਲੇਬਰ ਪਾਰਟੀ ਤੋਂ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਕੀਰ ਸਟਾਰਮਰ ਸਮੇਤ ਲੱਖਾਂ ਲੋਕਾਂ ਨੇ ਵੋਟ ਪਾਈ ਹੈ।
ਸੂਨਕ ਤੇ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਉੱਤਰੀ ਇੰਗਲੈਂਡ ਦੇ ਯਾਰਕਸ਼ਾਇਰ ਵਿੱਚ ਰਿਚਮੰਡ ਤੇ ਨਾਰਥਲੈਰਟਨ ਦੇ ਆਪਣੇ ਚੋਣ ਹਲਕੇ ਵਿਚਲੇ ਵੋਟ ਕੇਂਦਰ ਪੁੱਜੇ। ਥੋੜੀ ਦੇਰ ਬਾਅਦ ਸਟਾਰਮਰ ਅਤੇ ਉਨ੍ਹਾਂ ਦੀ ਪਤਨੀ ਵਿਕਟੋਰੀਆ ਵੀ ਉੱਤਰੀ ਲੰਡਨ ਦੇ ਕੈਮਡੇਨ ’ਚ ਆਪਣੇ ਵੋਟਿੰਗ ਕੇਂਦਰ ਪੁੱਜੇ। ਇਨ੍ਹਾਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਰਿਸ਼ੀ ਸੂਨਕ (44) ਦੇ ਸਿਆਸੀ ਭਵਿੱਖ ਦਾ ਫ਼ੈਸਲਾ ਹੋਵੇਗਾ। 44 ਸਾਲਾ ਸੂਨਕ 14 ਸਾਲ ਸੱਤਾ ’ਚ ਰਹਿਣ ਵਾਲੀ ਕੰਜ਼ਰਵੇਟਿਵ ਪਾਰਟੀ ਪ੍ਰਤੀ ਵੋਟਰਾਂ ਦੇ ਗੁੱਸੇ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਛੇ ਹਫ਼ਤੇ ਦੀ ਮੁਹਿੰਮ ਦੌਰਾਨ 61 ਸਾਲਾ ਕੀਮ ਸਟਾਰਮਰ ਦੀ ਅਗਵਾਈ ਹੇਠਲੀ ਲੇਬਰ ਪਾਰਟੀ ਖ਼ਿਲਾਫ਼ ਕਾਫੀ ਸੰਘਰਸ਼ ਕਰਨਾ ਪਿਆ ਹੈ। ਸੂਨਕ ਨੇ ਵੋਟਰਾਂ ਨੂੰ ਟੈਕਸ ਵਧਾਉਣ ਵਾਲੀ ਲੇਬਰ ਪਾਰਟੀ ਨੂੰ ਬਹੁਮਤ ਨਾ ਦੇਣ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਇੰਗਲੈਂਡ, ਸਕਾਟਲੈਂਡ, ਵੇਲਜ਼ ਤੇ ਉੱਤਰੀ ਆਇਰਲੈਂਡ ਵਿਚਲੇ 650 ਚੋਣ ਹਲਕਿਆਂ ਲਈ ਉਮੀਦਵਾਰ ਮੈਦਾਨ ਵਿੱਚ ਹਨ। ਦੋ ਮੁੱਖ ਪਾਰਟੀਆਂ ਤੋਂ ਇਲਾਵਾ ਲਿਬਰਲ ਡੈਮੋਕਰੈਟਸ, ਗਰੀਨ ਪਾਰਟੀ, ਸਕਾਟਿਸ਼ ਨੈਸ਼ਨਲ ਪਾਰਟੀ (ਐੱਸਐੱਨਪੀ), ਐੱਸਡੀਐੱਲਪੀ, ਡੈਮੋਕਰੈਟਿਕ ਯੂਨੀਅਨਿਸਟ ਪਾਰਟੀ (ਡੀਯੂਪੀ), ਸਿਨ ਫਿਏਨ, ਪਲੇਡ ਸਾਇਮਰੂ, ਰਿਫਾਰਮ ਪਾਰਟੀ ਨੇ ਵੀ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਹਨ। ਕਈ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਹਨ।
ਦੇਸ਼ ਭਰ ’ਚ ਬਣਾਏ ਗਏ ਤਕਰੀਬਨ 40 ਹਜ਼ਾਰ ਵੋਟਿੰਗ ਕੇਂਦਰ ਸਥਾਨਕ ਸਮੇਂ ਅਨੁਸਾਰ ਸਵੇਰੇ ਸੱਤ ਵਜੇ ਖੁੱਲ੍ਹੇ ਜਿਨ੍ਹਾਂ ’ਚ ਤਕਰੀਬਨ ਚਾਰ ਕਰੋੜ 60 ਲੱਖ ਵੋਟਰ ਆਪਣੀ ਪਸੰਦ ਦੇ ਉਮੀਦਵਾਰ ਦੀ ਚੋਣ ਕਰ ਸਕਣਗੇ। -ਪੀਟੀਆਈ