ਕਾਂਗਰਸ ਨੂੰ ਵੋਟ ਪਾਉਣਾ ਹਰਿਆਣਾ ਦੇ ਵਿਕਾਸ ਅਤੇ ਸਥਿਰਤਾ ਨੂੰ ਦਾਅ ’ਤੇ ਲਾਉਣਾ: ਮੋਦੀ
ਸੋਨੀਪਤ, 25 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਜੇ ਇਹ ਪਾਰਟੀ ਗ਼ਲਤੀ ਨਾਲ ਵੀ ਸੱਤਾ ਵਿਚ ਆ ਗਈ ਤਾਂ ਇਸ ਵਿਚਲਾ ‘ਅੰਦਰੂਨੀ ਕਲੇਸ਼’ ਹਰਿਆਣਾ ਨੂੰ ਤਬਾਹ ਕਰ ਦੇਵੇਗਾ। ਸੋਨੀਪਤ ਜ਼ਿਲ੍ਹੇ ਦੇ ਗੋਹਾਨਾ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੂੰ ਵੋਟ ਪਾਉਣ ਦਾ ਮਤਲਬ ਹਰਿਆਣਾ ਦੀ ਸਥਿਰਤਾ ਤੇ ਵਿਕਾਸ ਨੂੰ ਦਾਅ ਉੱਤੇ ਲਾਉਣਾ ਹੈ। ਉਨ੍ਹਾਂ ਰਾਖਵਾਂਕਰਨ ਦੇ ਮੁੱਦੇ ’ਤੇ ਵੀ ਕਾਂਗਰਸ ਨੂੰ ਘੇਰਿਆ। ਉਨ੍ਹਾਂ ਦਾਅਵਾ ਕੀਤਾ ਕਿ ਰਾਖਵਾਂਕਰਨ ਦਾ ਵਿਰੋਧ ਕਰਨਾ ਤੇ ਇਸ ਪ੍ਰਤੀ ਨਫ਼ਰਤ ਕਾਂਗਰਸ ਦੇ ਡੀਐੱਨਏ ਵਿਚ ਹੈ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ ਜਿਵੇਂ ਜਿਵੇਂ ਹਰਿਆਣਾ ਵਿਚ ਵੋਟਿੰਗ ਦਾ ਦਿਨ ਨੇੜੇ ਆ ਰਿਹਾ ਹੈ, ਸੂਬੇ ਵਿਚ ਭਾਜਪਾ ਲਈ ਹਮਾਇਤ ਵਧਣ ਲੱਗੀ ਹੈ।
ਸ੍ਰੀ ਮੋਦੀ ਨੇ ਮੁੱਖ ਵਿਰੋਧੀ ਧਿਰ ਨੂੰ ਭੰਡਦੇ ਹੋਏ ਕਿਹਾ ਕਿ ਕਾਂਗਰਸ ਸਰਕਾਰਾਂ ਨੂੰ ‘ਅਸਥਿਰਤਾ’ ਲਈ ਜਾਣਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਾਂਗਰਸ ਸ਼ਾਸਿਤ ਕਰਨਾਟਕ ਦੀ ਮਿਸਾਲ ਦਿੰਦਿਆਂ ਕਿਹਾ, ‘ਬੀਤੇ ਸਾਲਾਂ ਵਿਚ ਜਿੱਥੇ ਕਿਤੇ ਵੀ ਇਨ੍ਹਾਂ ਸਰਕਾਰਾਂ ਬਣਾਈਆਂ, ਮੁੱਖ ਮੰਤਰੀ ਤੇ ਮੰਤਰੀ ਇਕ ਦੂਜੇ ਨਾਲ ਹੀ ਲੜਦੇ ਰਹੇ। ਉਨ੍ਹਾਂ ਦਾ ਲੋਕਾਂ ਦੀਆਂ ਦੁੱਖ ਤਕਲੀਫਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ।’ ਪਿਛਲੇ ਹਫ਼ਤੇ ਕੁਰੂਕਸ਼ੇਤਰ ਮਗਰੋਂ ਹਰਿਆਣਾ ਵਿਚ ਦੂਜੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘ਕਰਨਾਟਕ ਵਿਚ ਇਨ੍ਹਾਂ ਦਾ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਅੰਦਰੂਨੀ ਲੜਾਈ ’ਚ ਰੁੱਝੇ ਹਨ। ਤਿਲੰਗਾਨਾ ਤੇ ਹਿਮਾਚਲ ਪ੍ਰਦੇਸ਼ ’ਚ ਵੀ ਇਹੀ ਹਾਲ ਹੈ।’’ ਉਨ੍ਹਾਂ ਚੇਤਾਵਨੀ ਦਿੱਤੀ, ‘ਇਸ ਲਈ ਹਰਿਆਣਾ ਖ਼ਬਰਦਾਰ ਰਹੇ। ਯਾਦ ਰੱਖੋ ਜੇ ਕਾਂਗਰਸ ਗ਼ਲਤੀ ਨਾਲ ਵੀ ਸੱਤਾ ਵਿਚ ਆ ਗਈ ਤਾਂ ਇਹ ਆਪਣੇ ਅੰਦਰੂਨੀ ਕਲੇਸ਼ ਨਾਲ ਹਰਿਆਣਾ ਨੂੰ ਤਬਾਹ ਕਰ ਦੇਵੇਗੀ।’ -ਪੀਟੀਆਈ
ਰਾਜ ਦੀ ਭਾਜਪਾ ਸਰਕਾਰ ਦੇ ਗੁਣ ਗਾਏ
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਕਾਰਜਕਾਲ ਵਿਚ ਹਰਿਆਣਾ ਨੇ ਇੰਡਸਟਰੀ ਤੇ ਖੇਤੀ ਸੈਕਟਰਾਂ ਵਿਚ ਸਿਖਰਲੇ ਰਾਜਾਂ ’ਚ ਥਾਂ ਬਣਾਈ ਹੈ। ਉਨ੍ਹਾਂ ਕਿਹਾ, ‘ਵਿਸ਼ਵ ਦੀਆਂ ਸਿਖਰਲੀਆਂ ਕੰਪਨੀਆਂ ਅੱਜ ਭਾਰਤ ਵਿਚ ਫੈਕਟਰੀਆਂ ਸਥਾਪਿਤ ਕਰਨ ਵਿਚ ਦਿਲਚਸਪੀ ਰੱਖਦੀਆਂ ਹਨ। ਜਦੋਂ ਸਨਅਤੀਕਰਨ ਵਧਦਾ ਹੈ ਤਾਂ ਇਸ ਦਾ ਸਭ ਤੋਂ ਵੱਡਾ ਫਾਇਦਾ ਗਰੀਬਾਂ, ਕਿਸਾਨਾਂ ਤੇ ਦਲਿਤਾਂ ਨੂੰ ਹੁੰਦਾ ਹੈ।’ ਸ੍ਰੀ ਮੋਦੀ ਨੇ ਕਿਹਾ ਕਿ ਬੀਆਰ ਅੰਬੇਦਕਰ ਮੰਨਦੇ ਸਨ ਕਿ ਦਲਿਤਾਂ ਦੇ ਸਸ਼ਕਤੀਕਰਨ ਵਿਚ ਸਨਅਤਾਂ ਦੀ ਵੱਡੀ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਓਬੀਸੀ ਭਾਈਚਾਰੇ ਨਾਲ ਸਬੰਧਤ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬਹੁਤ ਥੋੜ੍ਹੇ ਸਮੇਂ ’ਚ ਹਰਿਆਣਾ ਦੇ ਲੋਕਾਂ ਦੇ ਦਿਲਾਂ ’ਚ ਥਾਂ ਬਣਾਈ ਹੈ।