For the best experience, open
https://m.punjabitribuneonline.com
on your mobile browser.
Advertisement

ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਲਈ ਵੋਟਾਂ ਪਈਆਂ

08:32 AM Sep 28, 2024 IST
ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਲਈ ਵੋਟਾਂ ਪਈਆਂ
ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਵੇਲੇ ਵੋਟ ਪਾਉਣ ਲਈ ਕਤਾਰ ਵਿੱਚ ਖੜ੍ਹੇ ਵਿਦਿਆਰਥੀ। -ਫੋਟੋ: ਪੀਟੀਆਈ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਸਤੰਬਰ
ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀਯੂਐੱਸਯੂ) ਲਈ ਵੋਟਿੰਗ ਉੱਤਰੀ ਅਤੇ ਦੱਖਣੀ ਕੈਂਪਸ ਵਿੱਚ ਭਾਰੀ ਸੁਰੱਖਿਆ ਦੌਰਾਨ ਹੋਈ। ਕੁੱਝ ਘਟਨਾਵਾਂ ਵਾਪਰਨ ਕਰਕੇ ਕਿਤੇ ਹਾਲਤ ਤਣਾਅ ਵਾਲੇ ਵੀ ਰਹੇ। ਵੋਟਾਂ ਦੀ ਗਿਣਤੀ ਅਤੇ ਨਤੀਜੇ ਦਿੱਲੀ ਹਾਈ ਕੋਰਟ ਦੇ ਫੈਸਲੇ ਮਗਰੋਂ ਐਲਾਨੇ ਜਾਣਗੇ। ਅਦਾਲਤ ਨੇ ਇਸ ਅਮਲ ’ਤੇ ਰੋਕ ਲਾ ਦਿੱਤੀ ਸੀ। ਚੋਣ ਪ੍ਰਚਾਰ ਦੌਰਾਨ ਜਨਤਕ ਥਾਵਾਂ ਗੰਦੀਆਂ ਕਰਨ ਤੋਂ ਖਫ਼ਾ ਅਦਾਲਤ ਨੇ ਦਿੱਲੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਝਾੜ ਵੀ ਪਾਈ ਸੀ। ਚੋਣਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਦੋਵਾਂ ਕੈਂਪਸ ਵਿੱਚ ਭਾਰੀ ਪੁਲੀਸ ਤਾਇਨਾਤ ਕੀਤੀ ਗਈ ਸੀ। ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀਯੂਐੱਸਯੂ) ਦੇ ਪ੍ਰਧਾਨ, ਉਪ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਦੀ ਚੋਣ ਲਈ ਡੀਯੂ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਲਗਪਗ 1.40 ਲੱਖ ਵਿਦਿਆਰਥੀ ਵੋਟ ਪਾਉਣ ਦੇ ਯੋਗ ਹਨ ਅਤੇ ਹਰ ਸਾਲ ਵੋਟ ਫ਼ੀਸਦੀ 39 ਤੋਂ 43 ਰਹਿੰਦਾ ਹੈ। ਪਹਿਲੇ ਸਾਲ ਵਾਲੇ ਵਿਦਿਆਰਥੀਆਂ ਵੱਲੋਂ ਉਤਸ਼ਾਹ ਨਾਲ ਵੋਟਾਂ ਪਾਈਆਂ ਗਈਆਂ। ਦੋ ਪੜਾਵਾਂ ਵਿੱਚ ਵੋਟਿੰਗ ਹੋਈ। ਸਵੇਰ ਦੀ ਸ਼ਿਫਟ ਦੇ ਵਿਦਿਆਰਥੀਆਂ ਨੇ ਦੁਪਹਿਰ 1 ਵਜੇ ਤੱਕ ਅਤੇ ਸ਼ਾਮ ਦੀ ਸ਼ਿਫਟ ਦੇ ਵਿਦਿਆਰਥੀਆਂ ਨੇ ਦੁਪਹਿਰ 3 ਤੋਂ ਸ਼ਾਮ 7.30 ਵਜੇ ਤੱਕ ਵੋਟਾਂ ਪਾਈਆਂ। ਕੁੱਲ 21 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ ਪ੍ਰਧਾਨ ਦੇ ਅਹੁਦੇ ਲਈ ਅੱਠ, ਮੀਤ ਪ੍ਰਧਾਨ ਦੇ ਅਹੁਦੇ ਲਈ ਪੰਜ ਅਤੇ ਸੰਯੁਕਤ ਸਕੱਤਰ ਅਤੇ ਸਕੱਤਰ ਦੇ ਅਹੁਦੇ ਲਈ ਚਾਰ-ਚਾਰ ਉਮੀਦਵਾਰ ਸ਼ਾਮਲ ਹਨ। ਮੁੱਖ ਮੁਕਾਬਲਾ ਇਸ ਸਾਲ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਨਾਲ ਸਬੰਧਤ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ), ਕਾਂਗਰਸ ਸਮਰਪਿਤ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐੱਨਐੱਸਯੂਆਈ) ਅਤੇ ਖੱਬੇ ਪੱਖੀ ਗੱਠਜੋੜ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਏਆਈਐੱਸਏ) ਅਤੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੇ ਸਾਂਝੇ ਗੱਠਜੋੜ ਦਰਮਿਆਨ ਹੈ। ਬੀਤੇ ਸਾਲਾਂ ਤੋਂ ਇੱਥੇ ਏਬੀਵੀਪੀ ਦਾ ਦਬਦਬਾ ਕਾਇਮ ਰਿਹਾ ਹੈ।

Advertisement

ਵਿਦਿਆਰਥੀ ਅਤੇ ਪ੍ਰੋਫੈਸਰ ਵਿਚਾਲੇ ਹੋਈ ਹੱਥੋਪਾਈ, ਵੀਡੀਓ ਵਾਇਰਲ
ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਦੌਰਾਨ ਕਾਫੀ ਹੰਗਾਮਾ ਹੋਇਆ। ਇੱਕ ਵਿਦਿਆਰਥੀ ਅਤੇ ਅਧਿਆਪਕ ਵਿਚਕਾਰ ਹੱਥੋਪਾਈ ਵੀ ਹੋ ਗਈ, ਜਿਸ ਦੀ ਵੀਡੀਓ ਵਾਇਰਲ ਹੋਈ। ਡੀਯੂ ਦੇ ਉੱਤਰੀ ਕੈਂਪਸ ਵਿੱਚ ਲਾਅ ਸੈਂਟਰ-2 ਵਿੱਚ ਐੱਨਐੱਸਯੂਆਈ ਦੇ ਸੰਯੁਕਤ ਸਕੱਤਰ ਉਮੀਦਵਾਰ ਲੋਕੇਸ਼ ਚੌਧਰੀ ਅਤੇ ਉਸ ਦੇ ਸਾਥੀਆਂ ਦੀ ਚੋਣ ਡਿਊਟੀ ’ਤੇ ਤਾਇਨਾਤ ਪ੍ਰੋਫੈਸਰ ਵਿਚਕਾਰ ਝੜਪ ਹੋ ਗਈ। ਦੋਸ਼ ਹੈ ਕਿ ਚੌਧਰੀ ਨੇ ਆਪਣਾ ਚੋਣ ਬੈਜ ਲਗਾ ਕੇ ਇੱਕ ਬੂਥ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਚੋਣ ਇੰਚਾਰਜ ਵਜੋਂ ਡਿਊਟੀ ਦੇ ਰਹੇ ਪ੍ਰੋ. ਅਨੁਪਮ ਝਾਅ ਸਣੇ ਸਟਾਫ਼ ਨਾਲ ਝਗੜਾ ਹੋ ਗਿਆ। ਘਟਨਾ ਦੌਰਾਨ ਝਾਅ ਨਾਲ ਕਥਿਤ ਬਦਸਲੂਕੀ ਅਤੇ ਕੁੱਟਮਾਰ ਕੀਤੀ ਗਈ।

Advertisement

Advertisement
Author Image

sukhwinder singh

View all posts

Advertisement