ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਮਨ- ਅਮਾਨ ਨਾਲ ਪਈਆਂ ਵੋਟਾਂ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 5 ਅਕਤੂਬਰ
ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਰਾਜੇਸ਼ ਜੋਗਪਾਲ ਨੇ ਦੱਸਿਆ ਕਿ ਜ਼ਿਲ੍ਹਾ ਕੁਰੂਕਸ਼ੇਤਰ ਦੀਆਂ ਚਾਰੋਂ ਵਿਧਾਨ ਸਭਾਵਾਂ ਦੀਆਂ ਵਿਧਾਨ ਸਭਾ ਚੋਣਾਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ਾਂਤੀਪੂਰਵਕ ਢੰਗ ਨਾਲ ਪਈਆਂ। ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਹਰੇਕ ਵਿਧਾਨ ਸਭਾ ਹਲਕੇ ਵਿੱਚ 1-1 ਮਹਿਲਾ ਸੰਚਾਲਿਤ ਬੂਥ, 1-1 ਲੋਕ ਨਿਰਮਾਣ ਵਿਭਾਗ, 1-1 ਯੂਥ ਬੂਥ ਅਤੇ 1-1 ਮਾਡਲ ਪੋਲਿੰਗ ਬੂਥ ਵੀ ਸਥਾਪਿਤ ਕੀਤੇ ਗਏ ਹਨ।
ਵੋਟਿੰਗ ਸਬੰਧੀ ਮਾਮਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਤੇ ਡਿਪਟੀ ਕਮਿਸ਼ਨਰ ਰਾਜੇਸ਼ ਜੋਗਪਾਲ ਨੇ ਦੱਸਿਆ ਕਿ ਈ-ਡੈਸ਼ ਬੋਰਡ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਚਾਰ ਵਿਧਾਨ ਸਭਾ ਹਲਕਿਆਂ ਵਿੱਚ 66.2 ਫ਼ੀਸਦੀ ਵੋਟਾਂ ਪਈਆਂ। ਕੁਰੂਕਸ਼ੇਤਰ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਲਾਡਵਾ, ਸ਼ਾਹਬਾਦ, ਪਿਹੋਵਾ, ਥਾਨੇਸਰ ਵਿੱਚ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਜ਼ਿਲ੍ਹਾ ਚੋਣ ਅਧਿਕਾਰੀ ਦੇ ਦਫ਼ਤਰ ਤੋਂ ਸ਼ਾਮ 6 ਵਜੇ ਤੱਕ ਈ-ਡੈਸ਼ਬੋਰਡ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਥਾਨੇਸਰ ਵਿਧਾਨ ਸਭਾ ਹਲਕੇ ਵਿੱਚ ਕਰੀਬ 61.5 ਫ਼ੀਸਦੀ , ਪਿਹੋਵਾ ਵਿਧਾਨ ਸਭਾ ਹਲਕੇ ਵਿੱਚ ਕਰੀਬ 65.4 ਫ਼ੀਸਦੀ , ਲਾਡਵਾ ਵਿਧਾਨ ਸਭਾ ਹਲਕੇ ਵਿੱਚ ਕਰੀਬ 71.6 ਫ਼ੀਸਦੀ ਅਤੇ ਸ਼ਾਹਬਾਦ ਵਿੱਚ 66.7 ਫ਼ੀਸਦੀ ਦੇ ਕਰੀਬ ਵੋਟਾਂ ਪਈਆਂ। ਸ਼ਾਹਬਾਦ ਵਿਧਾਨ ਸਭਾ ਹਲਕੇ ਦੇ ਵੋਟਰ ਆਪਣੀ ਵੋਟ ਪਾਓ। ਇਸ ਤਰ੍ਹਾਂ ਕੁਰੂਕਸ਼ੇਤਰ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਸ਼ਾਮ 6 ਵਜੇ ਤੱਕ ਕੁੱਲ 66.2 ਫੀਸਦੀ ਵੋਟਿੰਗ ਹੋਈ। ਜ਼ਿਲ੍ਹਾ ਕੁਰੂਕਸ਼ੇਤਰ ਦੇ ਚਾਰੇ ਵਿਧਾਨ ਸਭਾ ਹਲਕਿਆਂ ਵਿੱਚ ਸ਼ਾਂਤੀਪੂਰਵਕ ਵੋਟਾਂ ਪਈਆਂ। ਇਸ ਦੌਰਾਨ ਸੈਕਟਰ ਅਫਸਰ, ਪੈਟਰੋਲਿੰਗ ਪਾਰਟੀਆਂ, ਜਨਰਲ ਅਬਜ਼ਰਵਰ ਸਣੇ ਮਾਈਕਰੋ ਅਬਜ਼ਰਵਰ ਅਤੇ ਖਰਚਾ ਨਿਗਰਾਨ ਸਮੁੱਚੇ ਸਿਸਟਮ ’ਤੇ ਨਜ਼ਰ ਰੱਖ ਰਹੇ ਸਨ।
ਪ੍ਰਸ਼ਾਸਨ ਨੇ ਕੁਰੂਕਸ਼ੇਤਰ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ 810 ਬੂਥ ਬਣਾਏ ਹਨ। ਇਨ੍ਹਾਂ ਬੂਥਾਂ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪ੍ਰਸ਼ਾਸਨ ਵੱਲੋਂ ਪੁਲੀਸ ਤੇ ਹੋਰ ਬਲ ਤਾਇਨਾਤ ਕੀਤੇ ਗਏ ਸਨ। ਸਾਰੇ ਬੂਥਾਂ ’ਤੇ ਪਲ-ਪਲ ਵੋਟਰਾਂ ਵੱਲੋਂ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਜਾਣਨ ਲਈ ਪ੍ਰਸ਼ਾਸਨ ਵੱਲੋਂ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਸੀ
ਜੀਂਦ ਹਲਕੇ ਵਿੱਚ ਸਭ ਤੋਂ ਘੱਟ ਅਤੇ ਜੁਲਾਨਾ ਵਿੱਚ ਸਭ ਤੋਂ ਵੱਧ ਵੋਟਾਂ ਪਈਆਂ
ਜੀਂਦ (ਮਹਾਂਵੀਰ ਮਿੱਤਲ): ਵਿਧਾਨ ਸਭਾ ਚੋਣਾਂ ਲਈ ਵੋਟਰਾਂ ਨੇ ਨਵੀਂ ਊਰਜਾ ਅਤੇ ਨਵੀਂ ਉਮੰਗਾਂ ਦੇ ਨਾਲ ਵੋਟ ਪਾਈ। ਅੱਜ ਜੀਂਦ ਜ਼ਿਲ੍ਹੇ ਵਿੱਚ ਸ਼ਾਮਲ 10 ਲੱਖ, 27 ਹਜ਼ਾਰ 123 ਵੋਟਰਾਂ ਨੇ ਵੋਟਾਂ ਪਾਈਆਂ। ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਵੋਟਾਂ ਸ਼ਾਂਤੀਪੂਰਬਕ ਮੁਕੰਮਲ ਹੋਈਆਂ। ਜੀਂਦ ਜ਼ਿਲ੍ਹੇ ਵਿੱਚ 1036 ਪੋਲਿੰਗ ਬੂਥ ਬਣਾਏ ਗਏ ਸਨ ਅਤੇ ਇਸ ਦੌਰਾਨ 4324 ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਸਨ। ਅੱਜ ਸਵੇਰੇ 7 ਵਜੇ ਵੋਟਾਂ ਪੈਣੀਆਂ ਸ਼ੁਰੂ ਹੋਈਆਂ। ਸ਼ਾਮ ਕਰੀਬ ਚਾਰ ਵਜੇ ਤੱਕ ਜੀਂਦ ਵਿੱਚ 52.2, ਜੁਲਾਨਾ 62.3, ਨਰਵਾਣਾ 54.2, ਸਫੀਦੋਂ 58.2 ਅਤੇ ਉਚਾਨਾ 57.6 ਫ਼ੀਸਦ ਵੋਟਾਂ ਪਈਆਂ। ਇਸੇ ਤਰ੍ਹਾਂ ਅੱਜ ਸ਼ਾਮੀਂ 6.25 ਵਜੇ ਤੱਕ ਜੀਂਦ ਵਿੱਚ 64.4, ਜੁਲਾਨਾ 74.3, ਨਰਵਾਣਾ 68.7, ਸਫੀਦੋਂ 72.7 ਅਤੇ ਉਚਾਨਾ 72.7 ਫ਼ੀਸਦ ਵੋਟਾਂ ਪਈਆਂ। ਇਸ ਵਾਰ ਜੀਂਦ ਹਲਕੇ ਵਿੱਚ ਸਭ ਤੋਂ ਘੱਟ 64.4 ਫ਼ੀਸਦ ਅਤੇ ਜੁਲਾਨਾ ਵਿੱਚ ਸਭ ਤੋਂ ਵੱਧ 74.3 ਫ਼ੀਸਦ ਵੋਟਾਂ ਪਈਆਂ।