For the best experience, open
https://m.punjabitribuneonline.com
on your mobile browser.
Advertisement

ਮਾਝੇ-ਦੋਆਬੇ ਵਿੱਚ ਅਮਨ-ਅਮਾਨ ਨਾਲ ਪਈਆਂ ਵੋਟਾਂ

11:34 AM Jun 02, 2024 IST
ਮਾਝੇ ਦੋਆਬੇ ਵਿੱਚ ਅਮਨ ਅਮਾਨ ਨਾਲ ਪਈਆਂ ਵੋਟਾਂ
ਜਲੰਧਰ ਵਿੱਚ ਇੱਕ ਪੋਲਿੰਗ ਬੂਥ ’ਤੇ ਵੋਟ ਪਾਉਣ ਲਈ ਆਪਣੀ ਵਾਰੀ ਉਡੀਕਦੇ ਹੋਏ ਲੋਕ। -ਫੋਟੋ: ਮਲਕੀਅਤ ਸਿੰਘ
Advertisement

ਪਾਲ ਸਿੰਘ ਨੌਲੀ
ਜਲੰਧਰ, 1 ਜੂਨ
ਲੋਕ ਸਭਾ ਚੋਣਾਂ ਲਈ ਛੋਟੀਆਂ-ਮੋਟੀਆਂ ਘਟਨਾਵਾਂ ਵਾਪਰਨ ਤੋਂ ਇਲਾਵਾ ਵੋਟਾਂ ਪੈਣ ਦਾ ਕੰਮ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ। ਨਕੋਦਰ ਹਲਕੇ ਵਿੱਚ ਡਿਊਟੀ ਦੇ ਰਹੇ ਚੋਣ ਮੁਲਾਜ਼ਮ ਸੁਰਿੰਦਰ ਕੁਮਾਰ ਦੀ ਮੌਤ ਹੋ ਗਈ ਜਦਕਿ ਆਦਮਪੁਰ ਹਲਕੇ ਵਿੱਚ ਮਨਸੂਰਪੁਰ ਵਡਾਲਾ ਵਿੱਚ ‘ਆਪ’ ਤੇ ਕਾਂਗਰਸੀ ਵਰਕਰਾਂ ਵਿੱਚ ਝੜਪ ਹੋ ਗਈ। ਕੁੱਲ ਮਿਲਾ ਕੇ ਵੋਟਾਂ ਪੈਣ ਦਾ ਕੰਮ ਸ਼ਾਂਤੀਪੂਰਨ ਨਿਬੜ ਗਿਆ। ਜਲੰਧਰ ਲੋਕ ਸਭਾ ਹਲਕੇ ਵਿੱਚ ਬਣੇ 1951 ਪੋਲਿੰਗ ਬੂਥਾਂ ’ਤੇ ਵੋਟਰਾਂ ਨੇ ਆਪਣੀਆਂ ਵੋਟਾਂ ਪਾਈਆਂ। ਜਲੰਧਰ ਤੋਂ ਚੋਣ ਲੜ ਰਹੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ‘ਆਪ’ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ, ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ, ਬਸਪਾ ਦੇ ਬਲਵਿੰਦਰ ਕੁਮਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਮਹਿੰਦਰ ਸਿੰਘ ਕੇਪੀ ਸਮੇਤ 20 ਉਮੀਦਵਾਰਾਂ ਦਾ ਭਵਿੱਖ ਈਵੀਐੱਮਜ਼ ਵਿੱਚ ਬੰਦ ਹੋ ਗਿਆ ਹੈ।
ਲੋਕ ਸਵੇਰੇ ਹੀ ਵੋਟ ਪਾਉਣ ਲਈ ਲਾਈਨਾਂ ਵਿੱਚ ਲੱਗ ਗਏ ਸਨ। ਜਲੰਧਰ ਪੱਛਮੀ ਹਲਕੇ ਵਿੱਚ ਕਾਂਗਰਸ ਅਤੇ ਭਾਜਪਾ ਆਗੂਆਂ ਵਿੱਚ ਹੱਥੋਪਾਈ ਹੋ ਗਈ। ਸੁਰੱਖਿਆ ਕਰਮਚਾਰੀਆਂ ਨੇ ਮਾਮਲਾ ਸੁਲਝਾ ਲਿਆ। ਦੋਵਾਂ ਧਿਰਾਂ ਨੇ ਇੱਕ ਦੂਜੇ `ਤੇ ਹਮਲੇ ਦੇ ਦੋਸ਼ ਲਾਏ ਹਨ। ਇਸ ਮਾਮਲੇ `ਚ ਥਾਣਾ-5 ਦੇ ਐੱਸਐੱਚਓ ਭੂਸ਼ਣ ਕੁਮਾਰ ਨੇ ਦੱਸਿਆ ਕਿ ਮਾਮੂਲੀ ਝਗੜਾ ਹੋਇਆ ਸੀ, ਜਿਸ ਨੂੰ ਮੌਕੇ ’ਤੇ ਹੀ ਸੁਲਝਾ ਲਿਆ ਗਿਆ। ਜਲੰਧਰ ਦੇ ਬੂਥ ਨੰਬਰ 33 ’ਤੇ ਸ਼ੀਤਲ ਕੁਮਾਰ ਨਾਂ ਦੇ ਵਿਅਕਤੀ ਨੇ ਹੰਗਾਮਾ ਮਚਾ ਦਿੱਤਾ ਸੀ। ਜਾਣਕਾਰੀ ਅਨੁਸਾਰ ਜਦੋਂ ਉਹ ਵੋਟ ਪਾਉਣ ਗਿਆ ਤਾਂ ਉਸ ਦੀ ਵੋਟ ਪਹਿਲਾਂ ਹੀ ਪੈ ਚੁੱਕੀ ਸੀ। ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਜਲੰਧਰ ਪੱਛਮੀ ਹਲਕੇ ਵਿੱਚ ਡੇਰੇ ਲਾਈ ਰੱਖੇ।
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਅੰਮ੍ਰਿਤਸਰ ਹਲਕੇ ਵਿੱਚ ਇਸ ਵਾਰ ਵੋਟਰਾਂ ਦਾ ਵੋਟਾਂ ਪਾਉਣ ਸਬੰਧੀ ਉਤਸ਼ਾਹ ਮੱਠਾ ਰਿਹਾ। ਇਸ ਹਲਕੇ ਵਿੱਚ 50.33 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ। ਅਜਨਾਲਾ ਵਿਧਾਨ ਸਭਾ ਹਲਕੇ ਦੇ ਪਿੰਡ ਲੱਖੂਵਾਲ ਵਿੱਚ ਬੀਤੀ ਰਾਤ ਆਪ ਵਰਕਰ ਦੀਪ ਇੰਦਰ ਸਿੰਘ ਦੇ ਹੋਏ ਕਤਲ ਤੋਂ ਬਾਅਦ ਇੱਥੇ ਪਿੰਡ ਵਾਸੀਆਂ ਨੇ ਵੋਟਾਂ ਦਾ ਬਾਈਕਾਟ ਕੀਤਾ ਅਤੇ ਇੱਥੇ ਬੂਥ ਨੰਬਰ 73 ਅਤੇ 74 ਵਿੱਚ ਸਿਰਫ ਤਿੰਨ ਵੋਟਾਂ ਹੀ ਪਈਆਂ ਹਨ, ਪਰ ਅਜਨਾਲਾ ਹਲਕੇ ਵਿੱਚ ਸਭ ਤੋਂ ਵੱਧ 59.35 ਫ਼ੀਸਦੀ ਮਤਦਾਨ ਦਰਜ ਕੀਤਾ ਗਿਆ ਹੈ। ਇਸ ਦੌਰਾਨ ਅੰਮ੍ਰਿਤਸਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਘੱਟ 41.67 ਫ਼ੀਸਦੀ ਮਤਦਾਨ ਹੋਇਆ। ਕੁੱਲ ਚਾਰ ਦਿਹਾਤੀ ਵਿਧਾਨ ਸਭਾ ਹਲਕਿਆਂ ਅਟਾਰੀ ਵਿੱਚ 54.80 ਫ਼ੀਸਦੀ, ਮਜੀਠਾ ਵਿੱਚ 54.60 ਫ਼ੀਸਦੀ, ਰਾਜਾਸਾਂਸੀ ਵਿੱਚ 58.90 ਫ਼ੀਸਦੀ ਅਤੇ ਅਜਨਾਲਾ ਵਿੱਚ 59.35 ਫ਼ੀਸਦੀ ਮਤਦਾਨ ਹੋਇਆ। ਦਿਹਾਤੀ ਹਲਕਿਆਂ ਵਿੱਚ ਵਧੇਰੇ ਮਤਦਾਨ ਹੋਇਆ ਜਦੋਂਕਿ ਸ਼ਹਿਰੀ ਹਲਕਿਆਂ ਵਿੱਚ ਘੱਟ ਵੋਟਾਂ ਪਈਆਂ ਹਨ। ਸ਼ਹਿਰੀ ਹਲਕਿਆਂ ਵਿੱਚੋਂ ਉੱਤਰੀ ਵਿਧਾਨ ਸਭਾ ਹਲਕੇ ਵਿੱਚ 48.27 ਫ਼ੀਸਦੀ, ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ 47.85 ਫ਼ੀਸਦੀ, ਅੰਮ੍ਰਿਤਸਰ ਪੂਰਬੀ ਵਿੱਚ 46.20 ਫ਼ੀਸਦੀ, ਅੰਮ੍ਰਿਤਸਰ ਦੱਖਣੀ ਵਿੱਚ 43.10 ਫ਼ੀਸਦੀ ਤੇ ਅੰਮ੍ਰਿਤਸਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ 41.67 ਫ਼ੀਸਦੀ ਮਤਦਾਨ ਹੋਇਆ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਵੋਟਾਂ ਪੈਣ ਦਾ ਕੰਮ ਅਮਨਪੂਰਵਕ ਮੁਕੰਮਲ ਹੋ ਗਿਆ।
ਪਠਾਨਕੋਟ (ਪੱਤਰ ਪ੍ਰੇਰਕ): ਜ਼ਿਲ੍ਹਾ ਪਠਾਨਕੋਟ ਅੰਦਰ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ- ਸੁਜਾਨਪੁਰ, ਭੋਆ ਤੇ ਪਠਾਨਕੋਟ ਵਿੱਚ 568 ਪੋਲਿੰਗ ਸਟੇਸ਼ਨਾਂ ਉਪਰ ਅੱਜ ਵੋਟਾਂ ਪਾਉਣ ਦਾ ਕੰਮ ਅਮਨ ਨਾਲ ਨੇਪਰੇ ਚੜ੍ਹ ਗਿਆ। ਭਾਰੀ ਗਰਮੀ ਦੇ ਬਾਵਜੂਦ ਵੋਟਰਾਂ ਨੇ ਘਰਾਂ ਨਿਕਲ ਕੇ ਵੋਟਿੰਗ ਕੀਤੀ। ਸਵੇਰੇ 7 ਵਜੇ ਹੀ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਅਤੇ ਲੋਕ ਸਵੇਰ ਵੇਲੇ ਹੀ ਲੰਬੀਆਂ ਲਾਈਨਾਂ ਵਿੱਚ ਲੱਗ ਗਏ। ਸਵੇਰੇ 9:30 ਵਜੇ ਤੱਕ ਪਠਾਨਕੋਟ ਵਿਧਾਨ ਸਭਾ ਹਲਕੇ ਅੰਦਰ 6.6 ਪ੍ਰਤੀਸ਼ਤ, ਭੋਆ ਵਿੱਚ 10.4 ਪ੍ਰਤੀਸ਼ਤ ਅਤੇ ਸੁਜਾਨਪੁਰ ਵਿੱਚ 11.1 ਪ੍ਰਤੀਸ਼ਤ ਵੋਟਾਂ ਪੈ ਗਈਆਂ ਸਨ। ਬਾਅਦ ਵਿੱਚ ਇਹੀ ਰਫਤਾਰ ਸਾਰਾ ਦਿਨ ਚੱਲਦੀ ਰਹੀ ਅਤੇ ਸ਼ਾਮ ਨੂੰ 5 ਵਜੇ ਤੱਕ ਪਠਾਨਕੋਟ ਹਲਕੇ ਅੰਦਰ 63.8 ਪ੍ਰਤੀਸ਼ਤ, ਭੋਆ ਵਿੱਚ 61.27 ਪ੍ਰਤੀਸ਼ਤ ਅਤੇ ਸੁਜਾਨਪੁਰ ਵਿੱਚ 63 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਸਨ।
ਫਿਲੌਰ (ਪੱਤਰ ਪ੍ਰੇਰਕ) ਹਲਕਾ ਜਲੰਧਰ ਤੋਂ ਸੰਸਦ ਮੈਂਬਰ ਚੁਣਨ ਲਈ ਕੁੱਝ ਬੂਥਾਂ ’ਤੇ ਸਵੇਰ ਵੇਲੇ ਤੋਂ ਹੀ ਲੰਬੀਆਂ ਲਾਈਨਾਂ ਲੱਗੀਆਂ ਦੇਖੀਆਂ ਗਈਆਂ। ਪਿੰਡ ਅਕਲਪੁਰ ਦੇ ਸਰਪੰਚ ਪਰਮਜੀਤ ਸਿੰਘ ਦੇ 106 ਸਾਲਾਂ ਦਾਦੀ ਮਾਤਾ ਜਗੀਰ ਕੌਰ ਨੇ ਆਪਣੀ ਵੋਟ ਪਾਈ। ਭਾਜਪਾ ਆਗੂ ਰਣਜੀਤ ਸਿੰਘ ਪਵਾਰ ਨੇ ਆਪਣੀ ਫੇਸਬੁੱਕ ਪ੍ਰੋਫਾਈਲ ’ਤੇ ਵੀਵੀਪੈਟ ਦੀ ਚੋਣ ਨਿਸ਼ਾਨ ਦਿਖਾਉਂਦੀ ਹੋਈ ਵੀਡੀਓ ਕਲਿੱਪ ਅਪਲੋਡ ਕੀਤੀ। ਸ਼ਹਿਰ ਦੇ 159 ਬੂਥ ’ਤੇ ਇੱਕ ਵੋਟ ਪੈਣ ਉਪਰੰਤ ਹੀ ਮਸ਼ੀਨ ਕੰਮ ਕਰਨੋਂ ਰੁਕ ਗਈ, ਜਿਸ ਕਾਰਨ ਬਾਕੀ ਮਤਦਾਨ ਦੇਰੀ ਨਾਲ ਸ਼ੁਰੂ ਹੋਇਆ। ਰਵਾਇਤੀ ਲੱਗਣ ਵਾਲੇ ਬੂਥ ਕੁੱਝ ਪਿੰਡਾਂ ’ਚ ਸਾਂਝੇ ਰੂਪ ’ਚ ਹੀ ਲੱਗੇ।
ਕਾਹਨੂੰਵਾਨ (ਪੱਤਰ ਪ੍ਰੇਰਕ): ਬਲਾਕ ਕਾਹਨੂੰਵਾਨ ਵਿੱਚ ਸਾਰਾ ਦਿਨ ਵੋਟਿੰਗ ਦਾ ਕੰਮ ਅਮਨ ਅਮਾਨ ਨਾਲ ਚੱਲਿਆ ਰਿਹਾ। ਪਿੰਡਾਂ ਵਿੱਚ ਪੋਲਿੰਗ ਬੂਥਾਂ ਦੇ ਬਾਹਰ ਵੱਖ ਵੱਖ ਪਾਰਟੀਆਂ ਦੇ ਸਮਰਥਕ ਕਿਸੇ ਤਰਾਂ ਦੇ ਵੀ ਟਕਰਾਅ ਵਾਲੇ ਮਾਹੌਲ ਵਿੱਚ ਹੋਣ ਦੀ ਬਜਾਏ ਇੱਕ ਦੂਜੇ ਦੀ ਸਹਿਮਤੀ ਨਾਲ ਚੱਲਦੇ ਨਜ਼ਰ ਆਏ। ਮਰਦਾਂ ਦੀ ਬਜਾਏ ਔਰਤ ਵੋਟਰਾਂ ਵਿੱਚ ਵੋਟ ਪਾਉਣ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ।
ਤਲਵਾੜਾ (ਦੀਪਕ ਠਾਕੁਰ): ਹਲਕਾ ਦਸੂਹਾ ਵਿੱਚ ਵੋਟਾਂ ਦਾ ਕੰਮ ਪੁਰ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ। ਡੀਐੱਸਪੀ ਦਸੂਹਾ ਜਗਦੀਸ਼ ਰਾਜ ਅੱਤਰੀ ਨੇ ਦੱਸਿਆ ਕਿ ਬਲਾਕ ਦਸੂਹਾ ਅਤੇ ਤਲਵਾੜਾ ਦੇ 224 ਪੋਲਿੰਗ ਬੂਥਾਂ ’ਚ ਵੋਟਿੰਗ ਦਾ ਅਮਲ ਪੁਰ ਅਮਨ ਅਮਾਨ ਨਾਲ ਮੁਕੰਮਲ ਹੋਇਆ। ਐੱਸਡੀਐੱਮ ਪ੍ਰਦੀਪ ਕੁਮਾਰ ਬੈਂਸ ਨੇ ਦਸਿਆ ਕਿ ਸ਼ਾਮ 6 ਵਜੇ ਤੱਕ ਦਸੂਹਾ ਵੋਟਿੰਗ ਅਮਲ ਮੁਕੰਮਲ ਕਰ ਲਿਆ ਗਿਆ ਸੀ। ਪਿੰਡ ਡੁਗਰਾਲ ਬਲਾਕ ਤਲਵਾੜਾ ਦੀ 104 ਸਾਲਾ ਬਜ਼ੁਰਗ ਸੋਮਵਤੀ ਪਤਨੀ ਮਰਹੂਮ ਸੂਰਮ ਸਿੰਘ ਪਿੰਡ ਪੱਲੀ ਦੇ ਬੂਥ ’ਚ ਆਪਣੀ ਵੋਟ ਪਾਈ।

Advertisement

ਦਸੂਹਾ ’ਚ ਕਈ ਬੂਥਾਂ ’ਤੇ ਪ੍ਰਬੰਧਾਂ ਦੀ ਘਾਟ ਰੜਕੀ

ਦਸੂਹਾ (ਭਗਵਾਨ ਦਾਸ ਸੰਦਲ): ਇੱਥੇ ਵੋਟਾਂ ਦਾ ਅਮਲ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਿਆ। ਹਲਕੇ ਵਿੱਚ 1,92,780 ਵੋਟਰ ਹਨ ਜਿਨ੍ਹਾਂ ਵਿੱਚੋਂ ਸ਼ਾਮ 6 ਵਜੇ ਤੱਕ 224 ਪੋਲਿੰਗ ਬੂਥਾਂ ’ਤੇ ਕਰੀਬ 60 ਫੀਸਦੀ ਵੋਟਰਾਂ ਨੇ ਆਪਣੇ ਵੋਟ ਪਾਉਣ ਦੇ ਜਮਹੂਰੀ ਹੱਕ ਦੀ ਵਰਤੋਂ ਕੀਤੀ। ਹਲਕਾ ਵਿਧਾਇਕ ਕਰਮਬੀਰ ਘੁੰਮਣ ਨੇ ਆਪਣੀ ਵੋਟ ਡੀਏਵੀ ਪਿੰਡੀ ਦਾਸ ਸਕੂਲ ਵਿੱਚ ਬਣੇ ਪੋਲਿੰਗ ਬੂਥ ’ਤੇ ਵੋਟ ਪਾਈ। ਕਈ ਬੂਥਾਂ ’ਤੇ ਵੋਟਰਾਂ ਲਈ ਪੀਣ ਵਾਲੇ ਪਾਣੀ ਅਤੇ ਵੀਲ੍ਹ ਚੇਅਰਾਂ ਦਾ ਪ੍ਰਬੰਧ ਨਹੀਂ ਸੀ ਜਿਸ ਕਾਰਨ ਬਜ਼ੁਰਗ ਵੋਟਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਸਫਦਰਪੁਰ, ਬੰਗਾਲੀਪੁਰ ਤੇ ਨਗਰ ਕੋਂਸਲ ਸਣੇ ਹੋਰ ਕਈ ਬੂਥਾਂ ’ਤੇ ਈਵੀਐੱਮਜ਼ ’ਚ ਤਕਨੀਕੀ ਖਰਾਬੀ ਆਉਣ ਦਾ ਵੀ ਸਮਾਚਾਰ ਹੈ ਜਿਨ੍ਹਾਂ ਨੂੰ ਤਬਦੀਲ ਕੀਤਾ ਗਿਆ। ਉਪ ਮੰਡਲ ਮੈਜਿਟ੍ਰੇਟ ਕਮ ਸਹਾਇਕ ਰਿਟਰਨਿੰਗ ਅਫਸਰ ਪ੍ਰਦੀਪ ਸਿੰਘ ਬੈਂਸ ਵੱਲੋਂ ਵੱਖ-ਵੱਖ ਬੂਥਾਂ ’ਤੇ ਦੌਰਾ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ ਗਿਆ।

ਬੰਗਾ ਦੇ ਇੱਕ ਬਾਜ਼ਾਰ ’ਚ ਵੋਟਾਂ ਪਾਉਣ ਲਈ ਅਪੀਲ ਦਲੀਲ ਕਰਦੇ ਹੋਏ ਡੀਸੀ ਨਵਜੋਤ ਪਾਲ ਸਿੰਘ।

ਬੰਗਾ:ਡੀਸੀ ਨੇ ਬਾਜ਼ਾਰਾਂ ’ਚ ਮਤਦਾਨ ਦਾ ਹੋਕਾ ਦਿੱਤਾ

ਬੰਗਾ (ਸੁਰਜੀਤ ਮਜਾਰੀ): ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਅੱਜ ਬਾਜ਼ਾਰ ’ਚ ਜਾ ਕੇ ਦੁਕਾਨਦਾਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਦੇ ਦੇਖੇ ਗਏ। ਉਨ੍ਹਾਂ ਦੁਕਾਨਾਂ ’ਤੇ ਜਾ ਕੇ ਚੋਣ ਪੁਰਬ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਉਨ੍ਹਾਂ ਦੁਕਾਨਾਂ ’ਤੇ ਬੈਠੇ ਮਾਲਕਾਂ ਅਤੇ ਸਾਮਾਨ ਲੈਣ ਆਏ ਗਾਹਕਾਂ ਤੋਂ ਮੱਤਦਾਨ ਕਰਨ ਦੀ ਜਾਣਕਾਰੀ ਲਈ ਅਤੇ ਜਿਨ੍ਹਾਂ ਨੇ ਅਜੇ ਤੱਕ ਵੋਟ ਨਹੀਂ ਪਾਈ ਸੀ, ਉਹ ਉਨ੍ਹਾਂ ਨੂੰ ਕਹਿ ਰਹੇ ਸਨ ਕਿ, ‘ਜਾਓ, ਭਾਈ ਪਹਿਲਾਂ ਵੋਟ ਪਾ ਕੇ ਆਓ’। ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਨੇ ਕਿਹਾ ਕਿ ਬਰਾਬਰਤਾ ਅਤੇ ਦੇਸ਼ ਨਿਰਮਾਣ ਦਾ ਪਹਿਰੇਦਾਰ ਸਾਬਤ ਹੋਇਆ ਵੋਟ ਦਾ ਹੱਕ ਭਾਰਤੀ ਸੰਵਿਧਾਨ ਵਿੱਚ ਲਿਖਤੀ ਤੌਰ ’ਤੇ ਪ੍ਰਮਾਣਿਤ ਹੈ। ਉਨ੍ਹਾਂ ਨਵੇਂ ਵੋਟਰਾਂ ਨੂੰ ਪਹਿਲੀ ਵਾਰ ਵੋਟ ਪਾਉਣ ’ਤੇ ਵਧਾਈ ਦਿੱਤੀ ਅਤੇ ਅਪਾਹਜ ਵੋਟਰਾਂ ਦੀ ਹਿੰਮਤ ਦੀ ਦਾਦ ਦਿੱਤੀ। ਉਨ੍ਹਾਂ ਆਪਣੀ ਸਹਾਇਕ ਟੀਮ ਨਾਲ ਜ਼ਿਲ੍ਹੇ ਦੇ ਮਤਦਾਨ ਕੇਂਦਰਾਂ ਦਾ ਦੌਰ ਵੀ ਕੀਤਾ।

Advertisement
Author Image

Advertisement
Advertisement
×