‘ਸੱਚ ਦੀ ਜਿੱਤ ਤੇ ਝੂਠ ਦੀ ਹਾਰ’ ਵਾਲੀ ਪਰੰਪਰਾ ਨੂੰ ਚੇਤੇ ਰੱਖਣ ਵੋਟਰ: ਪ੍ਰਿਯੰਕਾ
ਚਤਿਰਕੂਟ: ਮੱਧ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਦੌਰਾਨ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਇੱਥੇ ਸੱਤਾਧਾਰੀ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਵੋਟਰਾਂ ਨੂੰ ਰਮਾਇਣ ਦੀ ਸੱਚ ਦੀ ਜਿੱਤ ਅਤੇ ਝੂਠ ਦੀ ਹਾਰ ਦੀ ਪਰੰਪਰਾ ਚੇਤੇ ਕਰਵਾਈ। ਸਤਨਾ ਜ਼ਿਲ੍ਹੇ ਦੇ ਚਤਿਰਕੂਟ ਵਿਧਾਨ ਸਭਾ ਹਲਕੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਵੋਟਰ ਉਨ੍ਹਾਂ ਨੇਤਾਵਾਂ ਪ੍ਰਤੀ ਆਪਣੀ ‘ਸ਼ਰਧਾ’ ਥੋੜ੍ਹੀ ਘੱਟ ਕਰ ਲੈਣ ਜੋ ਚੋਣਾਂ ਦੌਰਾਨ ਧਰਮ ਦੇ ਨਾਂ ’ਤੇ ਵੋਟ ਮੰਗਦੇ ਹਨ। ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ, ‘‘ਜਦੋਂ ਤੁਸੀਂ ਦੇਸ਼ ਦੀਆਂ ਸਰਕਾਰੀ ਕੰਪਨੀਆਂ ਕੌਡੀਆਂ ਦੇ ਭਾਅ ਆਪਣੇ ਕਾਰੋਬਾਰੀ ਮਿੱਤਰਾਂ ਨੂੰ ਦੇ ਸਕਦੇ ਹੋ ਤਾਂ ਤੁਸੀਂ ਭ੍ਰਿਸ਼ਟ ਹੋ। ਤੁਸੀਂ ਆਪਣੇ-ਆਪ ਨੂੰ ਕੁੱਝ ਵੀ ਕਹੋ ਪਰ ਇਸ ਤੋਂ ਵੱਡਾ ਭ੍ਰਿਸ਼ਟਾਚਾਰ ਅਤੇ ਇਸ ਤੋਂ ਵੱਡੀ ਗੱਦਾਰੀ ਕੁਝ ਵੀ ਨਹੀਂ ਹੈ ਕਿ ਇਸ ਦੇਸ਼ ਦੀ ਸੰਪਤੀ ਆਪਣੇ ਗਿਣੇ-ਚੁਣੇ ਲੋਕਾਂ ਨੂੰ ਸੌਂਪ ਦਿੱਤੀ।’’ ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਭਾਜਪਾ ਜਾਤੀ ਜਨਗਣਨਾ ਤੋਂ ਇਸ ਲਈ ਭੱਜ ਰਹੀ ਹੈ ਕਿਉਂਕਿ ਉਹ ਲੋਕਾਂ ਦਾ ਵਿਕਾਸ ਨਹੀਂ ਕਰਨਾ ਚਾਹੁੰਦੀ ਹੈ। ਪ੍ਰਿਯੰਕਾ ਨੇ ਕਿਹਾ ਕਿ ਸਰਕਾਰ ਉਨ੍ਹਾਂ ਫਜ਼ੂਲ ਦੇ ਕੰਮਾਂ ’ਤੇ ਅੰਨ੍ਹਾ ਪੈਸਾ ਖਰਚ ਕਰ ਰਹੀ ਹੈ, ਜਿਨ੍ਹਾਂ ਨਾਲ ਕਿਸਾਨਾਂ, ਗਰੀਬਾਂ ਅਤੇ ਮੱਧਵਰਗੀ ਲੋਕਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। -ਪੀਟੀਆਈ