ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵੋਟਰਾਂ ਦਾ ਆਪੋ ਆਪਣਾ ਮੁੱਦਾ, ਆਪੋ ਆਪਣਾ ਰਾਗ..!

06:37 AM May 10, 2024 IST
ਨਾਭਾ ਨੇੜਲੇ ਪਿੰਡ ਸਹੌਲੀ ਦਾ ਇਕ ਬਜ਼ੁਰਗ ਵੱਖ ਵੱਖ ਮੁੱਦਿਆਂ ’ਤੇ ਆਪਣੇ ਿਵਚਾਰ ਪ੍ਰਗਟਾਉਂਦਾ ਹੋਇਆ।

* ਉਮੀਦਵਾਰਾਂ ਦਾ ਅਕਸ ਵੋਟਰਾਂ ’ਤੇ ਅਸਰਅੰਦਾਜ਼

Advertisement

ਚਰਨਜੀਤ ਭੁੱਲਰ
ਸੰਗਰੂਰ, 9 ਮਈ
ਮਾਲਵਾ ਖ਼ਿੱਤੇ ’ਚ ਜਿੰਨੇ ਹਲਕੇ ਨੇ, ਓਨੇ ਹੀ ਮੁੱਦੇ ਹਨ। ਆਮ ਲੋਕ ਮੁੱਦੇ ਛੇੜਦੇ ਹਨ ਜਦੋਂ ਕਿ ਨੇਤਾ ਚਿੱਕੜ ਉਛਾਲੀ ਵਿਚ ਉਲਝੇ ਹੋਏ ਹਨ। ਲੋਕ ਉਨ੍ਹਾਂ ਮੁੱਦਿਆਂ ਦੀ ਗੱਲ ਕਰਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਨੂੰ ਰੋਜ਼ਮੱਰ੍ਹਾ ਦੋ-ਚਾਰ ਹੋਣਾ ਪੈਂਦਾ ਹੈ। ਆਮ ਆਦਮੀ ਪਾਰਟੀ ਗੱਲ ਗੱਲ ’ਤੇ ਆਪਣੀਆਂ ਪ੍ਰਾਪਤੀਆਂ ਦਾ ਖ਼ਾਕਾ ਖੋਲ੍ਹਦੀ ਹੈ ਤੇ ਦੂਜੇ ਬੰਨੇ ਵਿਰੋਧੀ ਧਿਰਾਂ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਉਂਗਲ ਧਰ ਰਹੀਆਂ ਹਨ। ਉਮੀਦਵਾਰਾਂ ਦਾ ਅਕਸ ਵੀ ਵੋਟਰਾਂ ’ਤੇ ਅਸਰ ਕਰ ਰਿਹਾ ਹੈ। ਜੇ ਬਠਿੰਡਾ ਹਲਕੇ ’ਚ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਸ਼ਰਾਫ਼ਤ ਤੋਂ ਵੋਟਰ ਪ੍ਰਭਾਵਿਤ ਹੋ ਰਹੇ ਹਨ, ਉੱਥੇ ਪਟਿਆਲਾ ਹਲਕੇ ’ਚ ਡਾ.ਧਰਮਵੀਰ ਗਾਂਧੀ ਦੇ ਕੱਦ ਨੂੰ ਲੋਕ ਕਾਂਗਰਸ ਨਾਲੋਂ ਉੱਚਾ ਦੇਖ ਰਹੇ ਹਨ।
ਪਟਿਆਲਾ ਦੇ ਪਿੰਡ ਧਰੇੜੀ ਜੱਟਾਂ ਦੀ ਗੁਰਮੀਤ ਕੌਰ ‘ਆਮ ਆਦਮੀ ਕਲੀਨਿਕ’ ਦੀ ਸਿਫ਼ਤ ਕਰਦੀ ਹੈ। ਆਖਦੀ ਹੈ ਕਿ ਦਵਾਈ ਵੀ ਮੁਫ਼ਤ ਮਿਲਦੀ ਹੈ ਅਤੇ ਟੈਸਟ ਵੀ ਮੁਫ਼ਤ ਹੁੰਦੇ ਹਨ। ਕੋਲ ਖੜ੍ਹੀ ਨਿਰਮਲ ਕੌਰ ਨਾਲ ਦੀ ਨਾਲ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਦੀ ਗਾਰੰਟੀ ਪੂਰੀ ਨਾ ਹੋਣ ਦਾ ਜ਼ਿਕਰ ਕਰਦੀ ਹੈ। ਰਾਜਪੁਰਾ ਦਾ ਲੋਹਾ ਕਾਰੋਬਾਰੀ ਨਰਿੰਦਰ ਕੁਮਾਰ ਆਖਦਾ ਹੈ ਕਿ ‘ਸ਼ਹਿਰ ਦੀਆਂ ਸੜਕਾਂ ਦਾ ਹਾਲ ਦੇਖ ਲਓ, ਵਿਕਾਸ ਦਾ ਆਪੇ ਪਤਾ ਲੱਗ ਜਾਊ।’ ਮਾਲਵੇ ’ਚ ਲਿੰਕ ਸੜਕਾਂ ਇੱਕ ਵੱਡਾ ਮੁੱਦਾ ਹਨ। ਭਵਾਨੀਗੜ੍ਹ ਦਾ ਹਰਿੰਦਰ ਸਿੰਘ ਵੀ ਭਵਾਨੀਗੜ੍ਹ-ਨਾਭਾ ਸੜਕ ’ਚ ਪਏ ਟੋਇਆਂ ਦੀ ਗੱਲ ਰੱਖਦਾ ਹੈ। ਉਹ ਸਰਕਾਰ ਵੱਲੋਂ ਭੇਜੇ ਜਾਂਦੇ ਬਿਜਲੀ ਦੇ ‘ਜ਼ੀਰੋ ਬਿੱਲਾਂ’ ਦੇ ਫ਼ਾਇਦੇ ਵੀ ਗਿਣਾਉਂਦਾ ਹੈ। ਉਂਜ ਮਾਲਵੇ ’ਚ ਨਸ਼ੇ ਵੱਡਾ ਮੁੱਦਾ ਰਿਹਾ ਹੈ ਅਤੇ ਇਵੇਂ ਕਰਜ਼ਾ ਅਤੇ ਕਿਸਾਨ ਖੁਦਕੁਸ਼ੀਆਂ ਦੀ ਗੂੰਜ ਹਰ ਚੋਣ ਵਿਚ ਪਈ ਹੈ। ਮਾਲਵੇ ਵਿਚ ਖ਼ਰਾਬ ਜ਼ਮੀਨੀ ਪਾਣੀ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਲੋਕਾਂ ਦੇ ਜ਼ਿਹਨ ਵਿਚ ਵੱਡਾ ਮੁੱਦਾ ਹਨ, ਪਰ ਸਿਆਸਤਦਾਨਾਂ ਦੀ ਜ਼ੁਬਾਨ ਤੋਂ ਇਹ ਮੁੱਦੇ ਗ਼ਾਇਬ ਹਨ। ਨਾਭਾ ਦੀ ਹੀਰਾ ਮਹਿਲ ਕਲੋਨੀ ਦਾ ਪਰਮਿੰਦਰ ਸਿੰਘ ਦੱਸਦਾ ਹੈ ਕਿ ਕਿਵੇਂ ਉਸ ਨੇ ਆਪਣੇ ਬੱਚੇ ਪ੍ਰਾਈਵੇਟ ਸਕੂਲ ’ਚੋਂ ਹਟਾ ਕੇ ਸਰਕਾਰੀ ਸਕੂਲ ਵਿਚ ਪਾਏ ਹਨ। ਉਹ ਆਖਦਾ ਹੈ ਕਿ ਗ਼ਰੀਬ ਤਬਕੇ ਲਈ ਸਰਕਾਰ ਚੰਗੀ ਹੈ। ਨਾਭਾ ਦਾ ਸਤੀਸ਼ ਕੁਮਾਰ ਆਖਦਾ ਹੈ ਕਿ ਪਹਿਲਾਂ ਪੁਰਾਣੀ ਸਿਨੇਮਾ ਰੋਡ ਵਾਲੀ ਸੜਕ ਦਾ ਹਾਲ ਦੇਖ ਆਓ, ਫਿਰ ਕਰਾਂਗੇ ਗੱਲ।
ਧਨੌਲਾ ਦੇ ਇੱਕ ਢਾਬੇ ’ਤੇ ਪੇਂਡੂ ਲੋਕਾਂ ਨੇ ਵਾਰੋ ਵਾਰੀ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ’ਕੱਲਾ ਹੀ ਲੜ ਰਿਹਾ ਹੈ ਪਰ ਉਹਦੇ ਵਿਧਾਇਕਾਂ ਨੇ ਮਿੱਟੀ ਪਲੀਤ ਕਰ ਰੱਖੀ ਹੈ। ਉਹ ਸਰਕਾਰ ਦੀ ਕਾਰਗੁਜ਼ਾਰੀ ’ਤੇ ਕਿੰਤੂ ਪ੍ਰੰਤੂ ਕਰਦੇ ਹਨ ਅਤੇ ਅਖੀਰ ਵਿਚ ਖੇਤਾਂ ਨੂੰ ਮਿਲੀ ਨਿਰਵਿਘਨ ਬਿਜਲੀ ਸਪਲਾਈ ਅਤੇ ਘਰੇਲੂ ਬਿਜਲੀ ਦੇ ਜ਼ੀਰੋ ਬਿੱਲਾਂ ਨੂੰ ਚੰਗਾ ਆਖ ਕੇ ਚਰਚਾ ਖ਼ਤਮ ਕਰਦੇ ਹਨ। ਸੰਗਰੂਰ ਹਲਕੇ ’ਚ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਮੌਜੂਦਾ ਸਰਕਾਰ ਦੀ ਬਦਲਾਖੋਰੀ ਦਾ ਮੁੱਦਾ ਉਭਾਰਦੇ ਹਨ ਜਦੋਂ ਕਿ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਹਰ ਸਟੇਜ ਤੋਂ ਖਹਿਰਾ ਨੂੰ ‘ਬਾਹਰਲਾ ਉਮੀਦਵਾਰ’ ਦੱਸਦੇ ਹਨ। ਨੌਜਵਾਨ ਵਰਗ ’ਚ ‘ਆਪ’ ਪ੍ਰਤੀ ਪੁਰਾਣਾ ਜੋਸ਼ ਤੇ ਜਨੂਨ ਹੁਣ ਨਹੀਂ ਹੈ। ‘ਆਪ’ ਸਰਕਾਰ ਵੱਲੋਂ ਦਿੱਤੀਆਂ ਸਰਕਾਰੀ ਨੌਕਰੀਆਂ ਦਾ ਵੀ ਅਸਰ ਵੇਖਣ ਨੂੰ ਮਿਲਿਆ। ਭਾਦਸੋਂ ’ਚ ਜਗਤਾਰ ਸਿੰਘ ਸਭ ਤੋਂ ਅੱਕਿਆ ਪਿਆ ਲੱਗਦਾ ਸੀ। ਉਹ ਆਖਦਾ ਹੈ ਕਿ ‘ਏਨਾ ਸਾਰਿਆਂ ਨਾਲ ਤਾਂ ਨਾਗਾਲੈਂਡ ਵਾਲੀ ਹੋਣੀ ਚਾਹੀਦੀ ਹੈ।’ ਜਦੋਂ ਪੁੱਛਿਆ, ਓਹ ਕਿਵੇਂ ਤਾਂ ਉਸ ਨੇ ਜੁਆਬ ਦਿੱਤਾ ਕਿ ਨਾਗਾਲੈਂਡ ਦੇ ਕਈ ਜ਼ਿਲ੍ਹਿਆਂ ਦੇ ਲੋਕਾਂ ਨੇ ਵੋਟ ਹੀ ਨਹੀਂ ਪਾਈ। ਤਪਾ ਮੰਡੀ ’ਚ ਵਿਹਲੇ ਬੈਠੇ ਮਜ਼ਦੂਰਾਂ ਨੇ ਇਕਸੁਰ ਵਿਚ ਕਿਹਾ ‘ਕਾਹਦੀਆਂ ਚੋਣਾਂ, ਮਹਿੰਗਾਈ ਨੇ ਲੱਕ ਤੋੜ ’ਤਾ’। ਸੋਨੂੰ ਕੁਮਾਰ ਆਖਦਾ ਹੈ ਕਿ 12 ਵੱਜ ਗਏ ਨੇ, ਹਾਲੇ ਤੱਕ ਦਿਹਾੜੀ ਨਹੀਂ ਲੱਗੀ। ‘ਆਪ’ ਸਰਕਾਰ ਵੱਲੋਂ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਅਤੇ ਆਮ ਆਦਮੀ ਕਲੀਨਿਕਾਂ ਵਿਚ ਮੁਫ਼ਤ ਦਵਾਈਆਂ ਤੇ ਮੁਫ਼ਤ ਟੈਸਟਾਂ ਦੇ ਫ਼ਾਇਦੇ ਨੂੰ ਖ਼ਾਸ ਕਰਕੇ ਹੇਠਲਾ ਤਬਕਾ ਸਵੀਕਾਰ ਕਰ ਰਿਹਾ ਹੈ।
ਮਾਲਵੇ ਦੇ ਸ਼ਹਿਰਾਂ ਵਿਚ ਵਿਕਾਸ ਨਾ ਹੋਣ ਦਾ ਇਲਜ਼ਾਮ ਲੱਗ ਰਿਹਾ ਹੈ ਪ੍ਰੰਤੂ ਇਹ ਵਿਰੋਧੀ ਵੀ ਕਬੂਲ ਕਰਦੇ ਨਜ਼ਰ ਆਏ ਕਿ ਹੇਠਲੇ ਪੱਧਰ ’ਤੇ ਪਰਚਾ ਕਲਚਰ ਖ਼ਤਮ ਹੋਇਆ ਹੈ ਅਤੇ ਪ੍ਰਸ਼ਾਸਨ ਵਿਚ ਸਿਆਸੀ ਦਖਲ ਨਾਮਾਤਰ ਵਰਗਾ ਹੈ। ਬਠਿੰਡਾ ਹਲਕੇ ਦੇ ਪਿੰਡ ਮਹਿਰਾਜ ਦੇ ਨਛੱਤਰ ਸਿੰਘ ਨੇ ਵਾਰ ਵਾਰ ਕਿਹਾ ਕਿ ਅਮਰਿੰਦਰ ਸਰਕਾਰ ਸਮੇਂ ਪਿੰਡ ’ਚ ਵਿਕਾਸ ਪ੍ਰੋਜੈਕਟ ਆਏ ਸਨ ਪ੍ਰੰਤੂ ਹੁਣ ਫਿਰਨੀ ਦਾ ਮਸਲਾ ਵੱਡਾ ਬਣਿਆ ਹੋਇਆ ਹੈ। ਮਾਨਸਾ ਦੇ ਪਿੰਡ ਗੁਰਨੇ ਕਲਾਂ ਦੇ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਘਰੇਲੂ ਬਿਜਲੀ ਦੇ ਜ਼ੀਰੋ ਬਿੱਲਾਂ ਨੇ ਕਿਸਾਨ ਪਰਿਵਾਰਾਂ ਨੂੰ ਵੀ ਰਾਹਤ ਦਿੱਤੀ ਹੈ। ਬਠਿੰਡਾ ਹਲਕੇ ਵਿਚ ‘ਆਪ’ ਦੇ ਕੁਝ ਵਿਧਾਇਕਾਂ ਤੋਂ ਲੋਕ ਨਾਖ਼ੁਸ਼ ਹਨ। ‘ਆਪ’ ਸਰਕਾਰ ਖ਼ਿਲਾਫ਼ ਵੋਟਰ ਭੜਾਸ ਵੀ ਕੱਢਦੇ ਹਨ ਅਤੇ ਅਖੀਰ ਵਿਚ ਭਗਵੰਤ ਮਾਨ ਦੀ ਨੀਅਤ ਅਤੇ ਖੁੱਡੀਆਂ ਦੇ ਸੁਭਾਅ ਦੀ ਤਾਰੀਫ਼ ਕਰਕੇ ਗੱਲ ਮੁਕਾ ਦਿੰਦੇ ਹਨ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ਵਿਚ ਫ਼ਸਲਾਂ ਦੇ ਮੁਆਵਜ਼ੇ ਦਾ ਵੱਡਾ ਮੁੱਦਾ ਉੱਭਰ ਰਿਹਾ ਹੈ। ਫ਼ਰੀਦਕੋਟ ਹਲਕੇ ਦੇ ਪਿੰਡ ਜੀਦਾ ਦੀਆਂ ਗ਼ਰੀਬ ਔਰਤਾਂ ਨੇ ਡਿਪੂ ਤੋਂ ਮਿਲਦੀ ਸਰਕਾਰੀ ਕਣਕ ’ਚ ਕਟੌਤੀ ਹੋਣ ਦੀ ਗੱਲ ਆਖੀ। ਫ਼ਿਰੋਜ਼ਪੁਰ ਸੰਸਦੀ ਹਲਕੇ ਵਿਚ ਟੇਲਾਂ ’ਤੇ ਪੈਂਦੇ ਪਿੰਡਾਂ ਵਿਚ ਪੁੱਜਿਆ ਨਹਿਰੀ ਪਾਣੀ ਸਰਕਾਰ ਨੂੰ ਲਾਹਾ ਦੇ ਰਿਹਾ ਹੈ। ਪਿੰਡ ਜਾਮੀਸਰ ਦੇ ਕਿਸਾਨ ਦੱਸਦੇ ਹਨ ਕਿ ਉਨ੍ਹਾਂ ਦੇ ਪਿੰਡ ’ਚ 550 ਏਕੜ ਰਕਬੇ ਨੂੰ ਨਹਿਰੀ ਪਾਣੀ ਕਰੀਬ ਤਿੰਨ ਦਹਾਕਿਆਂ ਬਾਅਦ ਲੱਗਿਆ ਹੈ। ਫ਼ਰੀਦਕੋਟ ਹਲਕੇ ਵਿਚ ਬੇਅਦਬੀ ਦਾ ਮੁੱਦਾ ਜਿਉਂ ਦਾ ਤਿਉਂ ਹੈ। ਬਰਗਾੜੀ ਦਾ ਜਗਸੀਰ ਸਿੰਘ ਆਖਦਾ ਹੈ ਕਿ ਬੇਅਦਬੀ ਦੇ ਮੁੱਦਿਆਂ ਵਿਚ ਕਿਸੇ ਨੇ ਨਿਆਂ ਨਹੀਂ ਦਿੱਤਾ। ਪਿੰਡ ਬੁਰਜ ਜਵਾਹਰ ਸਿੰਘ ਵਾਲੇ ਦੇ ਲੋਕ ਆਖਦੇ ਹਨ ਕਿ ਪਿਛਲੀਆਂ ਸਰਕਾਰਾਂ ਵਿਚ ਬੇਅਦਬੀ ਹੋਈ ਅਤੇ ਹੁਣ ਪਿੰਡ ਵਿਚ ਚਿੱਟੇ ਦਾ ਕਹਿਰ ਵਧ ਗਿਆ ਹੈ। ਕਿਸਾਨ ਜਥੇਬੰਦੀਆਂ ਭਾਜਪਾ ਦੇ ਵਿਰੋਧ ਵਿਚ ਨਿੱਤਰੀਆਂ ਹੋਈਆਂ ਹਨ ਜਦੋਂ ਕਿ ਸ਼ਹਿਰਾਂ ਦਾ ਗ਼ਰੀਬ ਵਰਗ ਇਸ ਗੱਲੋਂ ਔਖਾ ਹੈ ਕਿ ਕਿਸਾਨ ਆਏ ਦਿਨ ਸੜਕਾਂ ਜਾਮ ਕਰ ਦਿੰਦੇ ਹਨ ਜਦੋਂ ਕਿ ਕਿਸਾਨਾਂ ਨਾਲ ਉਹ ਖ਼ੁਦ ਵੱਧ ਨਪੀੜੇ ਹੋਏ ਹਨ।

ਰਾਮ ਮੰਦਰ ਦਾ ਸ਼ਹਿਰੀ ਖੇਤਰਾਂ ’ਚ ਅਸਰ

ਸ਼ਹਿਰੀ ਖੇਤਰਾਂ ਵਿਚ ਰਾਮ ਮੰਦਰ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜ਼ੀਰਕਪੁਰ, ਲਾਲੜੂ ਅਤੇ ਡੇਰਾਬੱਸੀ ’ਚ ਲੋਕ ਭਾਜਪਾ ਵੱਲ ਝੁਕਾਅ ਰੱਖ ਰਹੇ ਹਨ। ਛੋਟੀਆਂ ਮੰਡੀਆਂ ਵਿਚ ਵੀ ਭਾਜਪਾ ਨੂੰ ਵੋਟ ਪੈਣ ਦੀ ਗੱਲ ਸ਼ਹਿਰੀ ਲੋਕ ਕਰ ਰਹੇ ਹਨ। ਬਠਿੰਡਾ ਸ਼ਹਿਰ ਦੇ ਧੋਬੀ ਬਾਜ਼ਾਰ ਦੇ ਕਾਰੋਬਾਰੀ ਆਖਦੇ ਹਨ ਕਿ ਐਤਕੀਂ ਭਾਜਪਾ ਬਰਾਬਰ ਦੀ ਹਿੱਸੇਦਾਰ ਬਣੇਗੀ। ਪਿੰਡਾਂ ਦੇ ਦਲਿਤ ਵਿਹੜਿਆਂ ਵਿਚ ਮੁਫ਼ਤ ਦੇ ਗੈਸ ਸਿਲੰਡਰਾਂ ਦਾ ਅਸਰ ਵੀ ਹੈ। ਮਹਿੰਗਾਈ ਦੇ ਮੁੱਦੇ ’ਤੇ ਭਾਜਪਾ ਖ਼ਿਲਾਫ਼ ਲੋਕ ਬੋਲਦੇ ਵੀ ਹਨ।

Advertisement

Advertisement
Advertisement