ਵੋਟਰਾਂ ਦਾ ਜਾਗਰੂਕ ਹੋਣਾ ਜ਼ਰੂਰੀ
ਬਰਜਿੰਦਰ ਕੌਰ ਬਿਸਰਾਓ
ਦੇਸ਼ ਵਿੱਚ ‘ਕੌਮੀ ਵੋਟਰ ਦਿਵਸ’ 25 ਜਨਵਰੀ ਨੂੰ ਮਨਾਉਣ ਦੀ ਸ਼ੁਰੂਆਤ 2011 ਵਿਚ ਇਸ ਦਿਨ ਭਾਰਤੀ ਚੋਣ ਕਮਿਸ਼ਨ ਦੇ ਡਾਇਮੰਡ ਜੁਬਲੀ ਸਮਾਰੋਹ ਦੇ ਸਮਾਪਤੀ ਸਮਾਗਮ ਸਮੇਂ ਕੀਤੀ ਗਈ ਸੀ। ਹਰ ਨਾਗਰਿਕ ਅਠਾਰਾਂ ਸਾਲ ਦੀ ਉਮਰ ਵਿੱਚ ਵੋਟਰ ਬਣ ਕੇ ਬਹੁਤ ਮਾਣ ਮਹਿਸੂਸ ਕਰਦਾ ਹੈ। ਨਵੇਂ ਵੋਟਰਾਂ ਦਾ ਉਤਸ਼ਾਹ ਖ਼ਾਸ ਤੌਰ ਤੇ ਵੇਖਣ ਵਾਲ਼ਾ ਹੁੰਦਾ ਹੈ। ਪਰ ਹਰ ਨਾਗਰਿਕ ਵੋਟਰ ਬਣ ਕੇ ਆਪਣੇ ਵੋਟ ਦੇ ਅਧਿਕਾਰ ਦੀ ਸਮਝਦਾਰੀ ਨਾਲ ਵਰਤੋਂ ਕਰੇ, ਇਹ ਜ਼ਿਆਦਾ ਜ਼ਰੂਰੀ ਹੈ।
ਚੋਣਾਂ ਸਮੇਂ ਸਾਡੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਜਾਂਦੀਆਂ ਹਨ। ਨੇਤਾਵਾਂ ਵੱਲੋਂ ਪਾਰਟੀਆਂ ਦੀ ਅਦਲਾ ਬਦਲੀ ਸ਼ੁਰੂ ਹੋ ਜਾਂਦੀ ਹੈ। ਇੱਕ ਪਾਰਟੀ ਵਿੱਚ ਟਿਕਟ ਨਹੀਂ ਮਿਲਦੀ ਤਾਂ ਬਹੁਤੇ ਨੇਤਾ ਪਾਰਟੀ ਬਦਲ ਦਿੰਦੇ ਹਨ। ਜਿਹੜੇ ਵਿਅਕਤੀ ਆਪਣੇ ਸਵਾਰਥ ਲਈ ਸਿਆਸੀ ਖੇਡਾਂ ਖੇਡਦੇ ਹਨ ਆਮ ਲੋਕ ਉਨ੍ਹਾਂ ਦੀ ਰਾਜਨੀਤੀ ਦੀਆਂ ਖਬਰਾਂ ਬੜੇ ਉਤਸ਼ਾਹ ਨਾਲ ਪੜ੍ਹਦੇ-ਸੁਣਦੇ ਹਨ ਅਤੇ ਉਨ੍ਹਾਂ ਦਾ ਗੱਜ ਵੱਜ ਕੇ ਸਾਥ ਦਿੰਦੇ ਹਨ। ਸਾਰੇ ਲੋਕ ਅਲੱਗ-ਅਲੱਗ ਨੇਤਾਵਾਂ ਜਾਂ ਪਾਰਟੀਆਂ ਦੀਆਂ ਗੱਲਾਂ ਕਰਕੇ, ਬਹਿਸਬਾਜ਼ੀ ਕਰਕੇ ਆਪਣੀ ਆਪਣੀ ਸੋਚ ਮੁਤਾਬਕ ਚੋਣਾਂ ਤੋਂ ਪਹਿਲਾਂ ਹੀ ਨਤੀਜਿਆਂ ਦਾ ਮੁਲਾਂਕਣ ਕਰ ਰਹੇ ਹੁੰਦੇ ਹਨ। ਸਾਰੇ ਵੋਟਰ ਕਿਸੇ ਫ਼ਿਲਮ ਵਾਂਗ ਚੋਣਾਂ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਨ ਅਤੇ ਚੋਣਾਂ ਦੇ ਨਤੀਜਿਆਂ ਦਾ ਖੂਬ ਅਨੰਦ ਮਾਣਦੇ ਹਨ। ਬਹੁਤੇ ਵੋਟਰ ਸ਼ਹੁਰਤ, ਅਮੀਰੀ, ਰੁਤਬਾ ਜਾਂ ਕਿਸੇ ਦਾ ਮੂੰਹ ਮੁਲਾਹਜ਼ਾ ਰੱਖਣ ਲਈ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਕਰਦੇ ਹਨ।
ਆਪਾਂ ਨੂੰ ਪਤਾ ਹੈ ਕਿ ਸਾਡੇ ਦੇਸ਼ ਦੇ ਸੰਵਿਧਾਨ ਵੱਲੋਂ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਸਰਕਾਰ ਬਣਾਉਣ ਲਈ ਵੋਟ ਦਾ ਅਧਿਕਾਰ ਦਿੱਤਾ ਗਿਆ ਹੈ। ਜਨਤਾ ਆਪਣਾ ਪ੍ਰਤੀਨਿਧ ਆਪ ਚੁਣ ਕੇ ਭੇਜਦੀ ਹੈ। ਲੋਕਤੰਤਰਿਕ ਪ੍ਰਣਾਲੀ ਵਿੱਚ ਇਸ ਦੀ ਬਹੁਤ ਮਹੱਤਤਾ ਹੈ। ਆਮ ਨਾਗਰਿਕਾਂ ਦੀ ਵੋਟ ਦੇ ਆਧਾਰ ’ਤੇ ਦੇਸ਼ ਦੀ ਸਰਕਾਰ ਬਣਦੀ ਹੈ ਪਰ ਸਮਾਜ ਦੇ ਬਹੁਤੇ ਵਰਗਾਂ ਦੇ ਲੋਕ ਇਹ ਘੱਟ ਹੀ ਸੋਚਦੇ ਹਨ ਕਿ ਉਹ ਜਿਸ ਨੂੰ ਵੋਟ ਪਾਉਣ ਜਾ ਰਹੇ ਹਨ ਉਹ ਉਸ ਦੀ ਵੋਟ ਲਈ ਯੋਗ ਉਮੀਦਵਾਰ ਹੈ ਵੀ ਜਾਂ ਨਹੀਂ? ਆਪਣੀ ਇੱਕ ਵੋਟ ਦਾ ਨਤੀਜਾ ਆਪਾਂ ਸਭ ਨੂੰ ਪੰਜ ਸਾਲ ਭੁਗਤਣਾ ਪੈਂਦਾ ਹੈ।
ਸਾਰੇ ਨਾਗਰਿਕ ਵੋਟ ਦੇ ਅਧਿਕਾਰ ਦੀ ਵਰਤੋਂ ਤਾਂ ਉਤਸ਼ਾਹ ਨਾਲ ਕਰਦੇ ਹਨ ਪਰ ਉਹ ਇਸ ਗੱਲੋਂ ਅਣਜਾਣ ਹੁੰਦੇ ਹਨ ਕਿ ਉਹ ਆਪਣੇ ਇਸ ਅਧਿਕਾਰ ਦਾ ਸਹੀ ਇਸਤੇਮਾਲ ਕਰ ਰਹੇ ਹਨ ਜਾਂ ਨਹੀਂ। ਜਿਹੜੇ ਨੇਤਾ ਪੈਸਿਆਂ ਜਾਂ ਅਹੁਦੇ ਦੀ ਸ਼ਰਤ ’ਤੇ ਮੂਲੀਆਂ ਗਾਜਰਾਂ ਵਾਂਗ ਵਿਕ ਕੇ ਪਾਰਟੀ ਬਦਲ ਰਹੇ ਹੁੰਦੇ ਹਨ, ਉਹ ਨੇਤਾ ਕਦੇ ਵੀ ਨਿੱਜ ਤੋਂ ਉੱਪਰ ਨਹੀਂ ਉੱਠ ਸਕਦੇ। ਉਹ ਜਿੱਤਣ ਤੋਂ ਬਾਅਦ ਕਦੇ ਕਿਸੇ ਦੀ ਸਾਰ ਲੈਣ ਵਾਲ਼ਾ ਨਹੀਂ ਹੁੰਦਾ। ਆਮ ਜਨਤਾ ਨੂੰ ਉਸ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ। ਸਿਆਸੀ ਲੋਕ ਵੋਟਰਾਂ ਦਾ ਵਰਗੀਕਰਨ ਧਰਮਾਂ ਦੇ ਨਾਂ ’ਤੇ, ਜਾਤਾਂ ਪਾਤਾਂ, ਡੇਰਿਆਂ, ਮੁਫ਼ਤਖੋਰੀ ਦੀਆਂ ਸਕੀਮਾਂ ਦੇ ਨਾਂ ’ਤੇ ਪਹਿਲਾਂ ਹੀ ਕਰਕੇ ਬੈਠੇ ਹੁੰਦੇ ਹਨ। ਜਿਹੜੇ ਡੇਰੇ ਦੇ ਮੁਖੀ ਦੇ ਪੈਰੋਕਾਰ ਜ਼ਿਆਦਾ ਹੁੰਦੇ ਹਨ ਉਨ੍ਹਾਂ ਕੋਲ ਸਿਆਸੀ ਆਗੂਆਂ ਦੇ ਚੱਕਰ ਲੱਗਣੇ ਸ਼ੁਰੂ ਹੋ ਜਾਂਦੇ ਹਨ। ਸਾਡੇ ਦੇਸ਼ ਦੀ ਸਿਆਸਤ ਦੇ ਮਿਆਰ ਗਿਰਾਉਣ ਵਿੱਚ ਉਨ੍ਹਾਂ ਵੋਟਰਾਂ ਦਾ ਵੀ ਬਹੁਤ ਯੋਗਦਾਨ ਹੁੰਦਾ ਹੈ ਜੋ ਪੈਸੇ ਲੈ ਕੇ ਵੋਟ ਪਾਉਂਦੇ ਹਨ। ਕਈ ਲੋਕ ਤਾਂ ਆਪਣੀ ਵੋਟ ਦੀ ਕੀਮਤ ਇੱਕ ਸ਼ਰਾਬ ਦੀ ਬੋਤਲ ਬਰਾਬਰ ਹੀ ਰੱਖ ਦਿੰਦੇ ਹਨ।
ਹਰ ਨਾਗਰਿਕ ਨੂੰ ਵੋਟ ਕਦੇ ਵੀ ਕਿਸੇ ਇੱਕ ਪਾਰਟੀ ਨੂੰ ਦੇਖ ਕੇ ਨਹੀਂ ਪਾਉਣੀ ਚਾਹੀਦੀ। ਵੋਟ ਦਾ ਇਸਤੇਮਾਲ ਕਿਸੇ ਵੀ ਉਮੀਦਵਾਰ ਦੀ ਸ਼ਖ਼ਸੀਅਤ ਨੂੰ ਦੇਖ ਕੇ ਕੀਤਾ ਜਾਣਾ ਚਾਹੀਦਾ ਹੈ। ਜਿਸ ਵਿਅਕਤੀ ਨੇ ਸਮਾਜ ਵਿੱਚ ਵਿਚਰਦਿਆਂ ਸਿਰਜਣਾਤਮਕ ਕਾਰਜ ਕੀਤੇ ਹੋਣ ਜਾਂ ਕਿਸੇ ਹੋਰ ਤਰੀਕੇ ਨਾਲ ਆਮ ਲੋਕਾਂ ਵਿੱਚ ਵਿਚਰਦੇ ਹੋਏ ਸਮਾਜ ਦੇ ਵੱਖ-ਵੱਖ ਖੇਤਰਾਂ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਹੋਵੇ, ਜੋ ਜਿੱਤਣ ਤੋਂ ਬਾਅਦ ਵੀ ਹਰ ਆਮ ਆਦਮੀ ਨੂੰ ਓਨੀ ਤਰਜੀਹ ਦੇਵੇ ਜਿੰਨੀ ਉਹ ਵੋਟਾਂ ਮੰਗਣ ਵੇਲੇ ਦੇ ਰਿਹਾ ਸੀ, ਉਸ ਦੀ ਹੀ ਚੋਣ ਕਰਨੀ ਚਾਹੀਦੀ ਹੈ। ਆਮ ਲੋਕਾਂ ਦੀ ਬਿਹਤਰੀ ਲਈ ਜਿੰਨੇ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਹਨ, ਪਾਰਟੀਆਂ ਇਨ੍ਹਾਂ ਉੱਤੇ ਖ਼ਰੀਆਂ ਉੱਤਰ ਸਕਣਗੀਆਂ ਜਾਂ ਨਹੀਂ, ਹਰ ਵੋਟਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਹਰ ਵੋਟਰ ਨੂੰ ਇਸ ਬਾਰੇ ਪੂਰੀ ਸਮਝਦਾਰੀ ਹੋਣੀ ਚਾਹੀਦੀ ਹੈ ਕਿਉਂਕਿ ਹੁਣ ਤੱਕ ਬਹੁਤ ਵੱਡੇ ਵੱਡੇ ਵਾਅਦੇ ਕਰਨ ਵਾਲ਼ੀਆਂ ਰਾਜਨੀਤਕ ਪਾਰਟੀਆਂ ਵੋਟਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੀ ਕਰਦੀਆਂ ਹਨ। ਜਦੋਂ ਸਾਡੇ ਦੇਸ਼ ਦੇ ਲੋਕ ਇੱਕ ਵੋਟਰ ਦੇ ਰੂਪ ਵਿੱਚ ਆਪਣੀ ਅਹਿਮੀਅਤ ਸਮਝਣ ਲੱਗ ਪੈਣਗੇ, ਆਪਣਾ ਜਮਹੂਰੀ ਹੱਕ ਕਿਸੇ ਵਿਅਕਤੀ ਵਿਸ਼ੇਸ਼ ਦੇ ਪ੍ਰਭਾਵ ਹੇਠ ਆ ਕੇ ਕਰਨ ਦੀ ਬਜਾਏ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਕਰਨ ਲੱਗ ਪੈਣਗੇ ਤਾਂ ਉਸ ਦਿਨ ਵੋਟ ਦੀ ਸਹੀ ਕੀਮਤ ਅਦਾ ਕਰ ਸਕਣਗੇ।
ਸੰਪਰਕ: 99889-01324