For the best experience, open
https://m.punjabitribuneonline.com
on your mobile browser.
Advertisement

ਘੋੜਿਆਂ ਅਤੇ ਵ੍ਹੀਲਚੇਅਰਾਂ ’ਤੇ ਵੋਟ ਪਾਉਣ ਪੁੱਜੇ ਵੋਟਰ

08:46 AM Jun 02, 2024 IST
ਘੋੜਿਆਂ ਅਤੇ ਵ੍ਹੀਲਚੇਅਰਾਂ ’ਤੇ ਵੋਟ ਪਾਉਣ ਪੁੱਜੇ ਵੋਟਰ
ਪਟਨਾ ਦੇ ਦਾਨਾਪੁਰ ਵਿੱਚ ਵੋਟ ਪਾਉਣ ਲਈ ਘੋੜਿਆਂ ’ਤੇ ਜਾਂਦੇ ਹੋਏ ਲੋਕ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 1 ਜੂਨ
17ਵੀਆਂ ਲੋਕ ਸਭਾ ਚੋਣਾਂ ਦੇ ਆਖਰੀ ਗੇੜ ਲਈ ਸੱਤ ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 57 ਸੀਟਾਂ ’ਤੇ ਅੱਜ ਵੋਟਾਂ ਪਈਆਂ। ਇਸ ਦੌਰਾਨ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਵੋਟਰ ਘੋੜਿਆਂ, ਕਿਸ਼ਤੀਆਂ ਤੇ ਰੋਪਵੇਅਜ਼ ਰਾਹੀਂ ਅਤੇ ਬਜ਼ੁਰਗ ਵ੍ਹੀਲਚੇਅਰਾਂ ’ਤੇ ਪੋਲਿੰਗ ਬੂਥਾਂ ਤੱਕ ਪਹੁੰਚੇ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਕਾਲੂ ਵਾਲਾ ਪਿੰਡ ਦੇ ਵੋਟਰਾਂ ਨੂੰ ਵੋਟ ਪਾਉਣ ਵਾਸਤੇ ਕਿਸ਼ਤੀਆਂ ’ਚ ਸੁਰੱਖਿਅਤ ਲਿਆਉਣ-ਲਿਜਾਣ ਲਈ ਸੀਮਾ ਸੁਰੱਖਿਆ ਬਲ ਦੀ ਇਕ ਯੂਨਿਟ ਤਾਇਨਾਤ ਕੀਤੀ ਹੋਈ ਸੀ। ਇਹ ਪਿੰਡ ਤਿੰਨ ਪਾਸਿਓਂ ਸਤਲੁਜ ਦਰਿਆ ਨਾਲ ਘਿਰਿਆ ਹੋਇਆ ਹੈ ਜਦਕਿ ਇਸ ਦੇ ਇਕ ਪਾਸੇ ਭਾਰਤ-ਪਾਕਿਸਤਾਨ ਦੀ ਸਰਹੱਦ ਹੈ। ਇਸ ਤੋਂ ਇਲਾਵਾ ਸੂਬੇ ਭਰ ਦੇ ਪੋਲਿੰਗ ਸਟੇਸ਼ਨਾਂ ’ਤੇ ਪੰਜਾਬ ਦੀ ਸਭਿਆਚਾਰਕ ਵਿਰਾਸਤ ਦੀ ਝਲਕ ਦੇਖਣ ਨੂੰ ਮਿਲੀ। ਇੱਥੇ ਪੁਰਾਣੇ ਭਾਂਡੇ, ‘ਫੁਲਕਾਰੀ ਪੱਖੀ’, ਰਵਾਇਤੀ ਆਟਾ ਚੱਕੀ, ਚਰਖਾ ਅਤੇ ਪੁਰਾਣੇ ਸੰਗੀਤਕ ਸਾਜ਼ ਰੱਖੇ ਹੋਏ ਸਨ। ਲੂ ਦੇ ਮੱਦੇਨਜ਼ਰ ਪੰਜਾਬ ਵਿੱਚ ਪੋਲਿੰਗ ਬੂਥਾਂ ’ਤੇ ਛਬੀਲ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ।
ਹਿਮਾਚਲ ਪ੍ਰਦੇਸ਼ ਦੇ ਤਾਸ਼ੀਗੰਗ ਵਿੱਚ ਦੁਨੀਆ ਦੇ ਸਭ ਤੋਂ ਉੱਚੇ ਪੋਲਿੰਗ ਸਟੇਸ਼ਨ ’ਤੇ ਵੋਟ ਪਾਉਣ ਵਾਸਤੇ ਲੋਕ ਰਵਾਇਤੀ ਪਹਿਰਾਵੇ ਵਿੱਚ ਪਹਾੜ ’ਤੇ ਚੜ੍ਹਦੇ ਦੇਖੇ ਗਏ। ਸਾਰੇ ਸੰਸਦੀ ਖੇਤਰਾਂ ਵਿਚਲੇ ਪੋਲਿੰਗ ਸਟੇਸ਼ਨਾਂ ’ਤੇ ਨੌਜਵਾਨ ਵਾਲੰਟੀਅਰ ਵੋਟ ਪਾਉਣ ਆਏ ਬਜ਼ੁਰਗਾਂ ਅਤੇ ਦਿਵਿਆਂਗ ਵਿਅਕਤੀਆਂ ਦੀ ਮਦਦ ਕਰ ਰਹੇ ਸਨ। ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਸਾਧੂਆਂ ਦਾ ਇਕ ਸਮੂਹ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ’ਤੇ ਕਤਾਰ ਵਿੱਚ ਖੜ੍ਹਾ ਦਿਖਾਈ ਦਿੱਤਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਇੱਥੋਂ ਲੋਕ ਸਭਾ ਚੋਣ ਲੜ ਰਹੇ ਹਨ। ਬਿਹਾਰ ਦੇ ਪਟਨਾ ਜ਼ਿਲ੍ਹੇ ਵਿੱਚ ਪੈਂਦੇ ਦਾਨਾਪੁਰ ’ਚ ਲੋਕਾਂ ਦਾ ਇਕ ਸਮੂਹ ਘੋੜਿਆਂ ’ਤੇ ਪੋਲਿੰਗ ਸਟੇਸ਼ਨ ਪਹੁੰਚਿਆ। ਉਨ੍ਹਾਂ ਆਪੋ-ਆਪਣੀਆਂ ਵੋਟਾਂ ਪਾਉਣ ਤੋਂ ਬਾਅਦ ਆਪਣੇ ਸ਼ਨਾਖਤੀ ਕਾਰਡ ਤੇ ਉਂਗਲ ’ਤੇ ਲੱਗੀ ਸਿਆਹੀ ਦਿਖਾਉਂਦਿਆਂ ਫੋਟੋਆਂ ਖਿਚਵਾਈਆਂ। -ਪੀਟੀਆਈ

Advertisement

ਝਾਰਖੰਡ: ਕੋਲਾ ਡੰਪਿੰਗ ਯਾਰਡ ਦੀ ਉਸਾਰੀ ਖ਼ਿਲਾਫ਼ ਚੋਣਾਂ ਦਾ ਬਾਈਕਾਟ

ਝਾਰਖੰਡ: ਦੁਮਕਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਲੋਕਾਂ ਨੇ ਕੋਲਾ ਡੰਪਿੰਗ ਯਾਰਡ ਦੀ ਉਸਾਰੀ ਖ਼ਿਲਾਫ਼ ਆਖਰੀ ਗੇੜ ਦੀਆਂ ਲੋਕ ਸਭਾ ਚੋਣਾਂ ਦਾ ਬਾਈਕਾਟ ਕਰ ਦਿੱਤਾ। ਦੁਮਕਾ ਦੇ ਸਰਕਲ ਅਧਿਕਾਰੀ ਨੇ ਦੱਸਿਆ ਕਿ ਬਾਗਡੂਭੀ ਪਿੰਡ ਦੇ ਬੂਥ ਨੰਬਰ 94 ’ਤੇ 426 ਵੋਟਰਾਂ ਨੇ ਵੋਟ ਨਹੀਂ ਪਾਈ। ਸਰਕਲ ਅਧਿਕਾਰੀ ਅਮਰ ਕੁਮਾਰ ਅਨੁਸਾਰ ਪੋਲਿੰਗ ਬੂਥ ’ਤੇ 3 ਵਜੇ ਤੱਕ 430 ਵੋਟਰਾਂ ’ਚੋਂ ਸਿਰਫ਼ 4 ਜਣਿਆਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਦੂਜੇ ਪਾਸੇ ਸਬ ਡਿਵੀਜ਼ਨਲ ਅਧਿਕਾਰੀ ਅਜੇ ਕੁਮਾਰ ਨੇ ਪਿੰਡ ਵਾਸੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਇਹ ਮਾਮਲਾ ਉੱਚ ਅਥਾਰਿਟੀ ਅੱਗੇ ਚੁੱਕਣਗੇ, ਪਰ ਇਸ ਦੇ ਬਾਵਜੂਦ ਲੋਕ ਵੋਟ ਪਾਉਣ ਲਈ ਨਹੀਂ ਮੰਨੇ। ਪਿੰਡ ਦੇ ਨੁਮਾਇੰਦੇ ਲਕਸ਼ਣ ਸੋਰੇਨ ਨੇ ਦੱਸਿਆ ਕਿ ਉਨ੍ਹਾਂ ਐੱਸਡੀਓ ਨੂੰ ਸਪਸ਼ਟ ਆਖ ਦਿੱਤਾ ਕਿ ਜੇ ਯਾਰਡ ਦੀ ਉਸਾਰੀ ਰੋਕਣ ਸਬੰਧੀ ਉਹ ਲਿਖਤੀ ਭਰੋਸਾ ਦਿੰਦੇ ਹਨ ਤਾਂ ਉਹ ਵੋਟ ਪਾਉਣ ਜਾਣਗੇ ਪਰ ਉਨ੍ਹਾਂ ਨੂੰ ਅਜਿਹਾ ਕੋਈ ਭਰੋਸਾ ਨਹੀਂ ਮਿਲਿਆ। -ਪੀਟੀਆਈ

ਕਈ ਪੋਲਿੰਗ ਸਟੇਸ਼ਨਾਂ ’ਤੇ ਵੋਟਰਾਂ ਨੇ ਕੀਤਾ ਬਾਈਕਾਟ

ਲੋਕ ਸਭਾ ਚੋਣਾਂ ਲਈ ਵੋਟਾਂ ਦੇ ਆਖਰੀ ਗੇੜ ਦੌਰਾਨ ਅੱਜ ਹਿਮਾਚਲ ਪ੍ਰਦੇਸ਼ ਦੇ ਮੱਕਨ, ਚਚੁਲ ਤੇ ਜੂਰੀ, ਉੱਤਰ ਪ੍ਰਦੇਸ਼ ਦੇ ਪਿੰਡ ਮਠ ਧੱਜੂ ਗਿਰੀ ਤੇ ਰਸੂਲਪੁਰ ਅਤੇ ਝਾਰਖੰਡ ਦੇ ਪਿੰਡ ਬਗਦੂਭੀ ਸਣੇ ਹੋਰ ਕਈ ਥਾਵਾਂ ’ਤੇ ਵੋਟਰਾਂ ਵੱਲੋਂ ਚੋਣਾਂ ਦਾ ਬਾਈਕਾਟ ਕੀਤੇ ਜਾਣ ਦੀਆਂ ਖ਼ਬਰਾਂ ਵੀ ਮਿਲੀਆਂ ਹਨ।

ਮਾਂ ਦਾ ਸਸਕਾਰ ਕਰਨ ਤੋਂ ਪਹਿਲਾਂ ਵੋਟ ਪਾਉਣ ਨੂੰ ਦਿੱਤੀ ਤਰਜੀਹ

ਜਹਾਨਾਬਾਦ: ਲੋਕ ਸਭਾ ਹਲਕਾ ਜਹਾਨਾਬਾਦ ਦੇ ਪਿੰਡ ਦੇਵਕੁਲੀ ਵਿੱਚ ਅੱਜ ਇੱਕ ਵਿਅਕਤੀ ਨੇ ਆਪਣੀ 80 ਸਾਲਾ ਮਾਤਾ ਦਾ ਸਸਕਾਰ ਕਰਨ ਤੋਂ ਪਹਿਲਾਂ ਪਰਿਵਾਰ ਸਮੇਤ ਵੋਟ ਪਾਉਣ ਨੂੰ ਤਰਜੀਹ ਦਿੱਤੀ। ਮਿਥਿਲੇਸ਼ ਯਾਦਵ ਨੇ ਦੱਸਿਆ, ‘‘ਅੱਜ ਮੇਰੀ ਮਾਂ ਦਾ ਦੇਹਾਂਤ ਹੋ ਗਿਆ। ਉਹ ਵਾਪਸ ਨਹੀਂ ਆਵੇਗੀ। ਉਸ ਦਾ ਸਸਕਾਰ ਤਾਂ ਬਾਅਦ ਵਿੱਚ ਕੀਤਾ ਜਾ ਸਕਦਾ ਹੈ ਪਰ ਚੋਣਾਂ ਪੰਜ ਸਾਲ ਬਾਅਦ ਆਉਣਗੀਆਂ। ਇਸ ਲਈ ਅਸੀਂ ਇਸ ਮਾਮਲੇ ’ਤੇ ਵਿਚਾਰ-ਚਰਚਾ ਕੀਤੀ ਅਤੇ ਵੋਟਾਂ ਪਾਉਣ ਤੋਂ ਬਾਅਦ ਆਪਣੀ ਮਾਂ ਦਾ ਸਸਕਾਰ ਕਰਨ ਦਾ ਫ਼ੈਸਲਾ ਕੀਤਾ।’’ ਉਨ੍ਹਾਂ ਬੂਥ ਨੰਬਰ-115 ’ਤੇ ਵੋਟ ਪਾਈ ਅਤੇ ਮਗਰੋਂ ਮਾਂ ਦੀਆਂ ਅੰਤਿਮ ਰਸਮਾਂ ਕੀਤੀਆਂ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×