ਵੋਟਾਂ ਦੀ ਮੁੜ ਗਿਣਤੀ: ਕਾਂਗਰਸੀ ਉਮੀਦਵਾਰ ਚੋਣ ਕਮਿਸ਼ਨ ਦੀ ਕਾਰਵਾਈ ਤੋਂ ਅਸੰਤੁਸ਼ਟ
ਪ੍ਰਭੂ ਦਿਆਲ
ਸਿਰਸਾ, 9 ਜਨਵਰੀ
ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਸਮਾਪਤ ਹੋਏ ਲਗਪਗ 3 ਮਹੀਨੇ ਹੋ ਗਏ ਹਨ ਪਰ ਸਰਕਾਰ ਅਤੇ ਵਿਰੋਧੀ ਧਿਰ ਵਿਚਕਾਰ ਚੋਣ ਨਤੀਜਿਆਂ ਨੂੰ ਲੈ ਕੇ ਰੇੜਕਾ ਅਜੇ ਵੀ ਜਾਰੀ ਹੈ। ਰਾਣੀਆਂ ਵਿਧਾਨ ਸਭਾ ਹਲਕੇ ਕਾਂਗਰਸ ਦੇ ਉਮੀਦਵਾਰ ਸਰਵ ਮਿੱਤਰ ਦੀ ਸ਼ਿਕਾਇਤ ’ਤੇ ਚੋਣ ਕਮਿਸ਼ਨ ਵੱਲੋਂ 9 ਬੂਥਾਂ ’ਤੇ ਦੁਬਾਰਾ ਗਿਣਤੀ ਕਰਵਾਏ ਜਾਣ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਪਰ ਦੁਬਾਰਾ ਗਿਣਤੀ ਨਹੀਂ ਹੋ ਸਕੀ ਜਿਸ ਮਗਰੋਂ ਕਾਂਗਰਸੀ ਉਮੀਦਵਾਰ ਨੇ ਚੋਣ ਕਮਿਸ਼ਨ ’ਤੇ ਗੰਭੀਰ ਦੋਸ਼ ਲਾਏ ਹਨ। ਜ਼ਿਕਰਯੋਗ ਹੈ ਕਿ ਸਿਰਸਾ ਜ਼ਿਲ੍ਹੇ ਦੇ ਰਾਣੀਆਂ ਹਲਕੇ ਤੋਂ ਕਾਂਗਰਸੀ ਉਮੀਦਵਾਰ ਸਰਵ ਮਿੱਤਰ ਕੰਬੋਜ ਈਵੀਐੱਮ ’ਤੇ ਸਵਾਲ ਖੜ੍ਹੇ ਕਰਦਿਆਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਅਤੇ ਰਾਣੀਆਂ ਹਲਕੇ ਦੇ 9 ਬੂਥਾਂ ’ਤੇ ਦੁਬਾਰਾ ਗਿਣਤੀ ਦੀ ਮੰਗ ਕੀਤੀ ਸੀ, ਜਿਸ ’ਤੇ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਅੱਜ ਪ੍ਰਕਿਰਿਆ ਸ਼ੁਰੂ ਕੀਤੀ ਜਿਸ ਤੋਂ ਕਾਂਗਰਸੀ ਉਮੀਦਵਾਰ ਸੰਤੁਸ਼ਟ ਨਹੀਂ ਹੋਏ। ਈਵੀਐੱਮ ਦੀ ਜਾਂਚ ਦੀ ਪ੍ਰਕਿਰਿਆ ਲਗਪਗ 4 ਘੰਟੇ ਜਾਰੀ ਰਹੀ ਪਰ ਇਸ ਤੋਂ ਕਾਂਗਰਸੀ ਉਮੀਦਵਾਰ ਸੰਤੁਸ਼ਟ ਨਹੀਂ ਹੋਏ।
ਸਰਵ ਮਿੱਤਰ ਕੰਬੋਜ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਈਵੀਐਮ ਦੀ ਜਾਂਚ ਅਤੇ ਤਸਦੀਕ ਤੋਂ ਬਾਅਦ ਚੋਣ ਕਮਿਸ਼ਨ ਤੋਂ ਦੁਬਾਰਾ ਗਿਣਤੀ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੂੰ ਈਵੀਐੱਮ ਤੋਂ ਇੱਕ ਮੌਕ ਪੋਲ ਦਿਖਾਇਆ ਗਿਆ ਜੋ ਕਿ ਪੂਰੀ ਤਰ੍ਹਾਂ ਗ਼ਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਮੌਕ ਪੋਲ ਦਿਖਾਉਣਾ ਸੀ ਤਾਂ ਇਹ ਪਹਿਲਾਂ ਦੱਸਣਾ ਚਾਹੀਦਾ ਸੀ ਤਾਂ ਜੋ ਜਿਹੜੇ ਬੂਥਾਂ ਦੀ ਦੁਬਾਰਾ ਗਿਣਤੀ ਦੀ ਮੰਗ ਲਈ ਪੈਸੇ ਜਮ੍ਹਾਂ ਕਰਵਾਏ ਗਏ ਹਨ, ਉਹ ਜਮ੍ਹਾਂ ਨਾ ਕਰਵਾਏ ਜਾਂਦੇ। ਸਰਵ ਮਿੱਤਰ ਦਾ ਕਹਿਣਾ ਸੀ ਕਿ ਉਸ ਨੇ ਨੌਂ ਬੂਥਾਂ ਦੀ ਦੁਬਾਰਾ ਗਿਣਤੀ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੈਸੇ ਜਮ੍ਹਾਂ ਕਰਵਾਏ ਹਨ ਪਰ ਹੁਣ ਅਧਿਕਾਰੀ ਮੌਕ ਪੋਲ ਕਰਵਾ ਕੇ ਹੀ ਆਪਣਾ ਪਲਾ ਝਾੜਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਈਵੀਐਮ ਦੀ ਜਾਂਚ ਅਤੇ ਤਸਦੀਕ ਦੇ ਮੁੱਦੇ ’ਤੇ ਕੋਈ ਸੁਣਵਾਈ ਨਹੀਂ ਹੋਈ, ਉਨ੍ਹਾਂ ਨੂੰ ਗੁਮਰਾਹ ਕੀਤਾ ਗਿਆ, ਜਿਸਦੀ ਸ਼ਿਕਾਇਤ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਕੀਤੀ ਜਾਵੇਗੀ। ਉਧਰ ਰਾਣੀਆਂ ਹਲਕੇ ਤੋਂ ਇਨੈਲੋ ਵਿਧਾਇਕ ਅਰਜੁਨ ਚੌਟਾਲਾ ਨੇ ਕਾਂਗਰਸ ’ਤੇ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹਾਰਨ ਮਗਰੋਂ ਈਵੀਐਮ ’ਤੇ ਦੋਸ਼ ਲਾ ਕੇ ਲੋਕਾਂ ਨੂੰ ਗੁਮਰਾਹ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਆਪਣੀਆਂ ਗਲਤੀਆਂ ਕਾਰਨ ਚੋਣਾਂ ਹਾਰੀ ਹੈ ਅਤੇ ਹੁਣ ਦੋਸ਼ ਈਵੀਐਮ ਨੂੰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਹੁਣ ਹਾਰ ਨੂੰ ਹਜ਼ਮ ਨਹੀਂ ਕਰ ਪਾ ਰਹੇ।