ਵਿਕਸਤ ਦੇਸ਼ ਅਤੇ ਵਿਕਸਤ ਪੰਜਾਬ ਲਈ ਭਾਜਪਾ ਨੂੰ ਵੋਟਾਂ ਪਾਓ: ਵਿਜੇ ਸਾਂਪਲਾ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 21 ਮਈ
ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਸੂਬਾ ਪ੍ਰਧਾਨ ਭਾਜਪਾ ਪੰਜਾਬ ਵਿਜੇ ਸਾਂਪਲਾ ਨੇ ਵੋਟਰਾਂ ਨੂੰ ਨੂੰ ਅਪੀਲ ਕੀਤੀ ਹੈ ਕਿ ਉਹ ਵਿਕਸਤ ਦੇਸ਼ ਅਤੇ ਵਿਕਸਤ ਪੰਜਾਬ ਲਈ ਭਾਜਪਾ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਤਾਂ ਜੋ ਤੀਜੀ ਵਾਰ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਦਾ ਗਠਨ ਹੋ ਸਕੇ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜਿਕ ਵਿਕਾਸ ਦੀ ਕਤਾਰ ‘ਚ ਖੜ੍ਹੇ ਆਖ਼ਰੀ ਵਿਅਕਤੀ ਤਕ ਪਹੁੰਚ ਕਰਦੇ ਹੋਏ ਨਾ ਸਿਰਫ਼ ਦੇਸ਼ ਭਰ ਵਿੱਚ ਕਲਿਆਣਕਾਰੀ ਯੋਜਨਾਵਾਂ ਲਾਗੂ ਕੀਤੀਆਂ ਬਲਕਿ ਲੁਧਿਆਣਾ ਦੇ ਲੋਕਾਂ ਨੇ ਵੀ ਉਨ੍ਹਾਂ ਯੋਜਨਾਵਾਂ ਦਾ ਭਰਪੂਰ ਲਾਭ ਲਿਆ ਹੈ।
ਲੁਧਿਆਣਾ ਲੋਕ ਸਭਾ ਸੀਟ ਦੇ ਇੰਚਾਰਜ ਵਿਜੇ ਸਾਂਪਲਾ ਨੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਲੋਕ ਸਭਾ ਲੁਧਿਆਣਾ ਦੇ ਕਨਵੀਨਰ ਜਤਿੰਦਰ ਮਿੱਤਲ, ਕੋ-ਕਨਵੀਨਰ ਇੰਦਰ ਇਕਬਾਲ ਸਿੰਘ ਅਟਵਾਲ ਦੀ ਹਾਜ਼ਰੀ ਵਿੱਚ ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਹਲਕਾ ਲੁਧਿਆਣਾ ਲਈ ਆਏ ਫੰਡਾਂ ਦੇ ਵੇਰਵਿਆਂ ਸਬੰਧੀ ਇੱਕ ਕਿਤਾਬਚਾ ਵੀ ਜਾਰੀ ਕੀਤਾ। ਇਸ ਵਿੱਚ ਵੱਖ ਵੱਖ ਸਕੀਮਾਂ ਦੇ ਲਾਭਪਾਤਰੀਆਂ ਦਾ ਪੂਰਾ ਵੇਰਵਾ ਦੱਸਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ ਲੁਧਿਆਣਾ ਦੇ 45 ਹਜ਼ਾਰ 116 ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਹਰ ਸਾਲ 6000 ਰੁਪਏ ਮਿਲ ਰਹੇ ਹਨ ਅਤੇ 4 ਹਜ਼ਾਰ 981 ਸੋਇਲ ਹੈੱਲਥ ਕਾਰਡ ਬਣਾਏ ਗਏ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪ, ਕਾਂਗਰਸ ਤੇ ਅਕਾਲੀ ਦਲ ਦੇ ਜਾਲ ਵਿੱਚ ਨਾ ਫਸਣ ਤੇ ਰਵਨੀਤ ਸਿੰਘ ਬਿੱਟੂ ਦੇ ਹੱਕ ਚ ਵੋਟਾਂ ਪਾ ਕੇ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਦਾ ਗਠਨ ਕਰਨ।
ਖੰਨਾ ਵਿੱਚ ਭਾਜਪਾ ਵੱਲੋਂ ਚੋਣ ਮੈਨੀਫੈਸਟੋ ਜਾਰੀ
ਖੰਨਾ (ਜੋਗਿੰਦਰ ਸਿੰਘ ਓਬਰਾਏ): ਇਥੋਂ ਦੇ ਗੋਲਡਨ ਗ੍ਰੇਨ ਕਲੱਬ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਪੱਤਰਕਾਰ ਮਿਲਣੀ ਰੱਖੀ ਗਈ। ਇਸ ਮੌਕੇ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਗੇਜਾ ਰਾਮ ਬਾਲਮੀਕਿ ਨੇ ਭਾਜਪਾ ਦੀ ਕੇਂਦਰੀ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਾਂ 10 ਸਾਲਾਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਦੇਸ਼ ਦੇ ਨਾਲ ਨਾਲ ਇਕੱਲੇ ਫਤਹਿਗੜ੍ਹ ਸਾਹਿਬ ਦਾ ਸਰਬਪੱਖੀ ਵਿਕਾਸ ਕਰਵਾਇਆ। ਇਸ ਵਿਚ ਆਯੂਸ਼ਮਾਨ ਭਾਰਤ ਯੋਜਨਾ ਤਹਿਤ 6.89.977 ਲਾਭਪਾਤਰੀ ਨੂੰ ਲਾਭ ਹੋਇਆ। ਇਸੇ ਤਰ੍ਹਾਂ ਹੋਰ ਯੋਜਨਾਵਾਂ ਤਹਿਤ ਲੱਖਾਂ ਲੋਕਾਂ ਨੂੰ ਲਾਭ ਮਿਲਿਆ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਭਾਜਪਾ ਕਿਸਾਨ ਹਿਤੈਸ਼ੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਕਿਸਾਨਾਂ ਨੂੰ ਭਾਜਪਾ ਬਹੁਤ ਵੱਡਾ ਲਾਭ ਦੇਣ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਚੋਣ ਮੈਨੀਫੈਸਟੋ ਜਾਰੀ ਕੀਤਾ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਚੀਮਾ, ਭਾਜਪਾ ਪੰਜਾਬ ਦੇ ਜਨਰਲ ਸਕੱਤਰ ਬਿਕਰਮਜੀਤ ਸਿੰਘ ਚੀਮਾ, ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਮਨਮੋਹਣ ਸਿੰਘ ਰਾਜੂ ਅਤੇ ਪਾਰਟੀ ਦੇ ਮੁੱਖ ਬੁਲਾਰੇ ਇਕਬਾਲ ਸਿੰਘ ਚੰਨੀ ਨੇ ਵੀ ਆਪਣੇ ਵਿਚਾਰ ਰੱਖੇ।