For the best experience, open
https://m.punjabitribuneonline.com
on your mobile browser.
Advertisement

ਇਨਕਲਾਬੀ ਨਾਟਕਾਂ ਤੇ ਗੀਤਾਂ ਰਾਹੀਂ ਜਮਹੂਰੀ ਹੱਕਾਂ ਲਈ ਆਵਾਜ਼ ਬੁਲੰਦ

08:29 AM May 03, 2024 IST
ਇਨਕਲਾਬੀ ਨਾਟਕਾਂ ਤੇ ਗੀਤਾਂ ਰਾਹੀਂ ਜਮਹੂਰੀ ਹੱਕਾਂ ਲਈ ਆਵਾਜ਼ ਬੁਲੰਦ
ਸਮਾਗਮ ਦੌਰਾਨ ਨਾਟਕ ਖੇਡਦੀ ਹੋਈ ਮਹਿਲਾ ਕਲਾਕਾਰ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਮਈ
ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਕੌਮਾਂਤਰੀ ਮਜ਼ਦੂਰ ਦਿਹਾੜੇ ਮੌਕੇ ਪਹਿਲੀ ਮਈ ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ ਮਨਾਈ ਗਈ 41ਵੀਂ ਨਾਟਕਾਂ ਅਤੇ ਗੀਤਾਂ ਭਰੀ ਰਾਤ ਨੇ ਲੋਕਾਂ ਦੇ ਮਨਾਂ ’ਤੇ ਚੇਤਨਾ ਦੀ ਦਸਤਕ ਦਿੱਤੀ। ਪੂਰੀ ਰਾਤ ਚੱਲੀ ਨਾਟਕਾਂ ਦੀ ਲੜੀ ’ਚ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾਂ ਹੇਠ ‘ਸ਼ਹਿਰ ਤੇਰੇ ਵਿੱਚ’, ਅਕਸ਼ ਰੰਗ ਮੰਚ ਸਮਰਾਲਾ ਵੱਲੋਂ ਸੁਖਵਿੰਦਰ ਅੰਮ੍ਰਿਤ ਦੀ ਜੀਵਨ ਕਥਾ ਅਤੇ ਕਵਿਤਾਵਾਂ ਤੇ ਅਧਾਰਿਤ, ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾਂ ਹੇਠ ‘ਰਾਹਾਂ ਵਿੱਚ ਅੰਗਿਆਰ ਬੜੇ ਸੀ’, ਮਾਨਵਤਾ ਕਲਾ ਮੰਚ ਨਗਰ ਵੱਲੋਂ ‘ਮੈਂ ਭਾਰਤ’, ਸਿਰਜਣਾ ਆਰਟ ਗਰੁੱਪ ਰਾਏਕੋਟ ਵੱਲੋਂ ਡਾ. ਸੋਮ ਪਾਲ ਹੀਰਾ ਦੀ ਨਿਰਦੇਸ਼ਨਾ ਹੇਠਂ ‘ਸੱਚ ਬੋਲਾਂ ਤਾਂ ਭਾਂਬੜ ਮੱਚਦੈ’ ਆਦਿ ਨਾਟਕਾਂ ਨੇ ਆਰਥਿਕ ਅਤੇ ਫਿਰਕੂ ਫਾਸ਼ੀ ਹੱਲੇ, ਨਸ਼ਿਆਂ ਦੀ ਹਨੇਰੀ, ਜਮਹੂਰੀ ਹੱਕਾਂ ਉਪਰ ਹੱਲੇ ਵਰਗੇ ਵਿਸ਼ਿਆਂ ਨੂੰ ਆਧਾਰ ਬਣਾਇਆ। ਇਸ ਤੋਂ ਇਲਾਵਾ ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ), ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ (ਸਵਰਨ ਧਾਲੀਵਾਲ), ਲੋਕ ਸੰਗੀਤ ਮੰਡਲੀ ਮਸਾਣੀ (ਧਰਮਿੰਦਰ ਮਸਾਣੀ), ਪੀਪਲਜ਼ ਆਰਟ ਥੀਏਟਰ ਪਟਿਆਲਾ (ਸੱਤਪਾਲ ਬੰਗਾ) ਅਤੇ ਸਰਗਮ ਜਲੰਧਰ ਵੱਲੋਂ ਪੇਸ਼ ਕੀਤੇ ਗਏ ਗੀਤ-ਸੰਗੀਤ ਨੇ ਲੱਚਰ ਅਸ਼ਲੀਲ ਅਤੇ ਮਾਰ ਧਾੜ ਭਰੀ ਗਾਇਕੀ ਦੇ ਬਦਲ ਵਿਚ ਨਵਾਂ ਨਿਵੇਕਲਾ ਰੰਗ ਪੇਸ਼ ਕੀਤਾ। ਪਲਸ ਮੰਚ ਦੇ ਬਾਨੀ ਪ੍ਰਧਾਨ ਗੁਰਸ਼ਰਨ ਭਾਅ ਸਮੇਤ ਸਭਿਆਚਾਰਕ ਕਾਫ਼ਲੇ ਵਿੱਚੋਂ ਵਿਛੜ ਗਏ ਮਾਸਟਰ ਤਰਲੋਚਨ ਸਮਰਾਲਾ, ਨਾਵਲਕਾਰ ਬਾਰੂ ਸਤਬਰਗ, ਤਰਕਸ਼ੀਲ ਆਤਮਾ ਸਿੰਘ ਲੁਧਿਆਣਾ, ਤਰਕਸ਼ੀਲ ਹਰਬੰਸ ਕੌਰ ਫਗਵਾੜਾ, ਹਰਬੰਸ ਹੀਓਂ, ਜਗੀਰ ਜਗਤਾਰ ਅਤੇ ਮੋਹਨਜੀਤ ਸਮੇਤ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਰਾਤ ਫਿਲਮਸਾਜ਼ ਡਾ. ਰਾਜੀਵ ਨੂੰ ਪਲਸ ਮੰਚ ਵੱਲੋਂ ਗੁਰਸ਼ਰਨ ਕਲਾ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਮੋਮਬੱਤੀਆਂ ਜਗਾਉਣ ਅਤੇ ਡਾ. ਰਾਜੀਵ ਦੇ ਸਨਮਾਨ ਮੌਕੇ ਪਲਸ ਮੰਚ ਦੀ ਸੂਬਾ ਕਮੇਟੀ, ਭਰਾਤਰੀ ਜਥੇਬੰਦੀ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਗੁਲਜ਼ਾਰ ਪੰਧੇਰ, ਜਸਬੀਰ ਝੱਜ, ਪ੍ਰੋ. ਜਗਮੋਹਨ ਸਿੰਘ, ਮਨਜੀਤ ਧਨੇਰ, ਜਗਤਾਰ ਕਾਲਾਝਾੜ ਅਤੇ ਚਰਨ ਨੂਰਪੁਰ, ਹਰਮੇਸ਼ ਮਾਲੜੀ ਤੇ ਤਲਵਿੰਦਰ ਹੀਰ ਨੰਗਲ ਖਿਲਾੜੀਆਂ ਨੇ ਸ਼ਿਰਕਤ ਕੀਤੀ। ਮੰਚ ਸੰਚਾਲਕ ਦੀ ਭੂਮਿਕਾ ਕੰਵਲਜੀਤ ਖੰਨਾ ਨੇ ਨਿਭਾਈ।

Advertisement

Advertisement
Author Image

joginder kumar

View all posts

Advertisement
Advertisement
×