For the best experience, open
https://m.punjabitribuneonline.com
on your mobile browser.
Advertisement

‘ਵੁਆਇਸ ਆਫ਼ ਮਾਨਸਾ’ ਵੱਲੋਂ ਅਹਿਮ ਯੋਜਨਾਵਾਂ ਬਣਾਉਣ ਦਾ ਅਹਿਦ

08:48 AM Apr 15, 2024 IST
‘ਵੁਆਇਸ ਆਫ਼ ਮਾਨਸਾ’ ਵੱਲੋਂ ਅਹਿਮ ਯੋਜਨਾਵਾਂ ਬਣਾਉਣ ਦਾ ਅਹਿਦ
ਮੇਲੇ ਦੌਰਾਨ ਗੀਤ ਪੇਸ਼ ਕਰਦੇ ਹੋਏ ਪੰਜਾਬੀ ਗਾਇਕ ਦੇਬੀ ਮਖ਼ਸੂਸਪੁਰੀ। -ਫੋਟੋ: ਸੁਰੇਸ਼
Advertisement

ਪੱਤਰ ਪ੍ਰੇਰਕ
ਮਾਨਸਾ, 14 ਅਪਰੈਲ
ਜਥੇਬੰਦੀ ‘ਵੁਆਇਸ ਆਫ਼ ਮਾਨਸਾ’ ਵੱਲੋਂ ਜ਼ਿਲ੍ਹੇ ਦੀ 32 ਵਰ੍ਹਿਆਂ ਬਾਅਦ ਵਰ੍ਹੇਗੰਢ ਮਨਾਉਂਦਿਆਂ ਵਿਸਾਖੀ ਮੇਲੇ ਦੌਰਾਨ ਐਲਾਨ ਕੀਤਾ ਗਿਆ ਕਿ ਮਾਨਸਾ ਜ਼ਿਲ੍ਹੇ ਦੀ ਤਰੱਕੀ ਲਈ ਸੰਸਥਾ ਵੱਲੋਂ ਮਹੱਤਵਪੂਰਨ ਯੋਜਨਾਵਾਂ ਉਲੀਕੀਆਂ ਜਾਣਗੀਆਂ। ਸੰਸਥਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਜ਼ਿਲ੍ਹੇ ਨੂੰ ਸਿੱਖਿਆ, ਵਪਾਰਕ, ਕਿਸਾਨੀ, ਸਾਹਿਤਕ, ਸਭਿਆਚਾਰਕ ਪੱਖੋਂ ਪ੍ਰਫੁੱਲਤ ਕਰਨ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੀ ਵਰੇਗੰਢ ਮੌਕੇ ਲਗਾਤਾਰ ਇੱਕ ਮਹੀਨੇ ਤੋਂ ਸੰਸਥਾ ਵਲੋਂ ਸਿਹਤ ਸਿੱਖਿਆ ਅਤੇ ਵਪਾਰ ਵਿਚ ਮਾਨਸਾ ਜਿਲ੍ਹੇ ਦੀ ਹੋਈ ਤਰੱਕੀ ਅਤੇ ਭਵਿੱਖ ਦੀਆਂ ਸੰਭਾਵਾਨਾਵਾਂ ਬਾਰੇ ਸੈਮੀਨਾਰ ਅਤੇ ਸਫਾਈ ਜਾਗਰੂਕਤਾ ਮਾਰਚ ਕੱਢਕੇ ਲੋਕਾਂ ਨੂੰ ਸ਼ਹਿਰ ਪ੍ਰਤੀ ਆਪਣੇ ਫਰਜ਼ ਪਛਾਣਨ ਲਈ ਪ੍ਰੇਰਿਤ ਕੀਤਾ ਗਿਆ। ਸੰਸਥਾ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਜਿੱਥੇ ਸੰਸਥਾ ਬੇਘਰਿਆਂ ਨੂੰ ਘਰ ਬਣਾਉਣ ਅਤੇ ਰਾਸ਼ਨ ਮੁਹੱਈਆ ਕਰਨ ਦੇ ਕਾਰਜ ਕਰ ਰਹੀ ਹੈ, ਉੱਥੇ ਨਾਲ ਹੀ ਪਿਛਲੇ ਇੱਕ ਸਾਲ ਤੋਂ ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ ਆਦਿ ਵਿੱਚ ਵੀ ਮਦਦ ਕਰ ਰਹੀ ਹੈ।
ਮੇਲੇ ਦਾ ਉਦਘਾਟਨ ਉਦਾਸੀਨ ਭੇਖ ਮਹਾਂ ਮੰਡਲ ਪੰਜਾਬ ਦੇ ਪ੍ਰਧਾਨ ਮਹੰਤ ਅੰਮ੍ਰਿਤ ਮੁਨੀ ਵੱਲੋਂ ਕੀਤਾ ਗਿਆ। ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਕਿਹਾ ਕਿ ਰੰਗਮੰਚ ਅਤੇ ਕਲਾ ਦੀ ਧਰਤੀ ’ਤੇ ਅਜਿਹੇ ਮੇਲੇ ਹੁੰਦੇ ਰਹਿਣ, ਇਸ ਲਈ ਉਹ ਹਮੇਸ਼ਾਂ ਹੀ ਆਪਣੇ ਵਲੋਂ ਵੱਧ ਤੋਂ ਵੱਧ ਸਹਿਯੋਗ ਦਿੰਦੇ ਰਹਿਣਗੇ। ਮੇਲੇ ਦੌਰਾਨ ਵਰਿੰਦਰ ਮਾਨਸਾ ਅਤੇ ਸਾਥੀਆਂ ਵੱਲੋਂ ਮਲਵਈ ਗਿੱਧਾ, ਦੀਪ ਭੰਗੜਾ ਅਕੈਡਮੀ ਮਾਨਸਾ ਵੱਲੋਂ ਭੰਗੜਾ, ਗਾਇਕ ਸੇਵਕ ਸੰਦਲ, ਪ੍ਰਦੀਪ ਕੌਰ ਅਤੇ ਰਿਹਾਨ ਖਾਨ ਨੇ ਲੋਕ ਵੰਨਗੀਆਂ ਅਤੇ ਲੋਕ ਗੀਤਾਂ, ਗਾਇਕ ਹਰਜੀਤ ਜੋਗਾ ਤੇ ਮਨਪ੍ਰੀਤ ਮਾਹੀ ਤੇ ਲਵੀ ਵਾਰਿਸ ਵੱਲੋਂ ਆਪਣੇ ਚਰਚਿਤ ਗੀਤ ਪੇਸ਼ ਕੀਤੇ ਗਏ।
ਮਸ਼ਹੂਰ ਲੋਕ ਗਾਇਕ ਅਤੇ ਗੀਤਕਾਰ ਦੇਬੀ ਮਖਸੂਸਪੁਰੀ ਨੇ ਸਭ ਤੋਂ ਪਹਿਲਾਂ ਮਾਨਸਾ ਵਾਸੀਆਂ ਨੂੰ ਵਿਸਾਖੀ ਦੀ ਵਧਾਈ ਦਿੱਤੀ ਅਤੇ ਮਾਨਸਾ ਇਲਾਕੇ ਨਾਲ ਆਪਣੀ ਸਾਂਝ ਬਾਰੇ ਦੱਸਿਆ।
ਇਸ ਮੌਕੇ ਵਿਧਾਇਕ ਡਾ. ਵਿਜੇ ਸਿੰਗਲਾ, ਜਗਦੀਪ ਸਿੰਘ ਨਕੱਈ, ਚਰਨਜੀਤ ਸਿੰਘ ਅੱਕਾਂਵਾਲੀ, ਗੁਰਪ੍ਰੀਤ ਸਿੰਘ ਭੁੱਚਰ, ਇੰਦਰਜੀਤ ਉੱਭਾ, ਡਾ. ਲਖਵਿੰਦਰ ਮੂਸਾ ਅਤੇ ਵਿਸ਼ਵਦੀਪ ਬਰਾੜ ਵੀ ਮੌਜੂਦ ਸਨ।

Advertisement

Advertisement
Author Image

Advertisement
Advertisement
×