For the best experience, open
https://m.punjabitribuneonline.com
on your mobile browser.
Advertisement

ਪੰਜਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਵਲਾਦੀਮੀਰ ਪੂਤਿਨ

06:38 AM Mar 19, 2024 IST
ਪੰਜਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਵਲਾਦੀਮੀਰ ਪੂਤਿਨ
ਵਲਾਦੀਮੀਰ ਪੂਤਿਨ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦਰਮਿਆਨ ਸੋਮਵਾਰ ਨੂੰ ਆਪਣੇ ਹੈੱਡਕੁਆਰਟਰ ’ਚ ਸੰਬੋਧਨ ਕਰਦੇ ਹੋਏ। -ਫੋਟੋ: ਏਪੀ
Advertisement

* ਉੱਤਰੀ ਕੋਰੀਆ, ਚੀਨ, ਹੌਂਡੂਰਸ, ਨਿਕਾਰਾਗੂਆ, ਵੈਨਜ਼ੁਏਲਾ, ਤਾਜਿਕਿਸਤਾਨ ਤੇ ਉਜ਼ਬੇਕਿਸਤਾਨ ਦੇ ਆਗੂਆਂ ਨੇ ਦਿੱਤੀ ਵਧਾਈ

Advertisement

ਮਾਸਕੋ, 18 ਮਾਰਚ
ਵਲਾਦੀਮੀਰ ਪੂਤਿਨ ਤਿੰਨ ਦਿਨ ਚੱਲੀਆਂ ਰਾਸ਼ਟਰਪਤੀ ਚੋਣਾਂ ਵਿਚ ਰਿਕਾਰਡ ਵੋਟਾਂ ਨਾਲ ਪੰਜਵੀਂ ਵਾਰ ਰੂਸ ਦੇ ਰਾਸ਼ਟਰਪਤੀ ਚੁਣੇ ਗਏ ਹਨ। ਪੂਤਿਨ ਦੀ ਜਿੱਤ ਰੂਸੀ ਆਗੂ ਦੀ ਦੇਸ਼ ਦੇ ਸਿਆਸੀ ਪ੍ਰਬੰਧ ’ਤੇ ਮੁਕੰਮਲ ਪਕੜ ਨੂੰ ਦਰਸਾਉਂਦੀ ਹੈ। ਪੂਤਿਨ ਪਿਛਲੇ ਕਰੀਬ 25 ਸਾਲਾਂ (ਦਸੰਬਰ 1999) ਤੋਂ ਕਦੇ ਰਾਸ਼ਟਰਪਤੀ ਤੇ ਕਦੇ ਪ੍ਰਧਾਨ ਮੰਤਰੀ ਵਜੋਂ ਰੂਸੀ ਸਿਆਸਤ ਵਿਚ ਸਰਗਰਮ ਰਹੇ ਹਨ। ਪੂਤਿਨ ਨੂੰ ਕਰੀਬ 7.6 ਕਰੋੜ ਵੋਟ ਪਏ, ਜੋ ਉਨ੍ਹਾਂ ਨੂੰ ਹੁਣ ਤੱਕ ਮਿਲਦੀਆਂ ਰਹੀਆਂ ਵੋਟਾਂ ਦਾ ਸਭ ਤੋਂ ਵੱਡਾ ਅੰਕੜਾ ਹੈ। ਚੀਨ, ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉੱਨ, ਹੌਂਡੂਰਸ, ਨਿਕਾਰਾਗੂਆ ਤੇ ਵੈਨੇਜ਼ੁਏਲਾ ਦੇ ਰਾਸ਼ਟਰਪਤੀਆਂ ਨੇ ਪੂਤਿਨ ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਉਧਰ ਸੋਵੀਅਤ ਸੰਘ (ਸਾਂਝੇ ਰੂਸ) ਦੇ ਟੁੱਟਣ ਮਗਰੋਂ ਹੋਂਦ ਵਿਚ ਆਏ ਮੱਧ ਏਸ਼ਿਆਈ ਮੁਲਕਾਂ- ਤਾਜਿਕਿਸਤਾਨ ਤੇ ਉਜ਼ਬੇਕਿਸਤਾਨ ਦੇ ਆਗੂਆਂ ਨੇ ਵੀ ਪੂਤਿਨ ਨੂੰ ਵਧਾਈ ਦਿੱਤੀ। ਉਧਰ ਪੱਛਮੀ ਮੁਲਕਾਂ ਨੇ ਚੋਣਾਂ ਨੂੰ ਮਹਿਜ਼ ਬਣਾਉਟੀ ਦੱਸ ਕੇ ਖਾਰਜ ਕਰ ਦਿੱਤਾ।
ਰੂਸ ਦੇ ਕੇਂਦਰੀ ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਦੇਸ਼ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਦੌਰਾਨ ਵਲਾਦੀਮੀਰ ਪੂਤਿਨ ਨੇ ਜਿੱਤ ਦਰਜ ਕੀਤੀ ਹੈ ਤੇ ਉਨ੍ਹਾਂ ਨੇ ਰਿਕਾਰਡ ਵੋਟ ਫੀਸਦ ਨਾਲ ਰਾਸ਼ਟਰਪਤੀ ਵਜੋਂ ਪੰਜਵਾਂ ਕਾਰਜਕਾਲ ਹਾਸਲ ਕੀਤਾ ਹੈ। ਪੂਤਿਨ ਸਾਹਮਣੇ ਨਾਂ ਦੇ ਸਿਰਫ਼ ਤਿੰਨ ਉਮੀਦਵਾਰ ਸਨ ਤੇ ਯੂਕਰੇਨ ਜੰਗ ਦਾ ਵਿਰੋਧ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਪੂਤਿਨ ਖਿਲਾਫ਼ ਚੋਣ ਲੜਨ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ ਸੀ। ਪੂਤਿਨ ਦਸੰਬਰ 1999 ਤੋਂ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਵਜੋਂ ਰੂਸ ਦੀ ਅਗਵਾਈ ਕਰ ਰਹੇ ਹਨ। ਇਸ ਤੋਂ ਪਹਿਲਾਂ ਪੂਤਿਨ ਨੇ ਚੋਣ ਨਤੀਜਿਆਂ ਨੂੰ ਉਨ੍ਹਾਂ ਵਿਚ ਲੋਕਾਂ ਦਾ ‘ਵਿਸ਼ਵਾਸ’ ਤੇ ‘ਉਮੀਦ’ ਦੱਸਿਆ, ਜਦੋਂਕਿ ਆਲੋਚਕਾਂ ਨੇ ਨਤੀਜਿਆਂ ਨੂੰ ਚੋਣਾਂ ਦੀ ਪਹਿਲਾਂ ਤੋਂ ਨਿਰਧਾਰਿਤ ਖਸਲਤ ਦਾ ਇਕ ਹੋਰ ਪ੍ਰਤੀਬਿੰਬ ਦੱਸਿਆ। ਤਿੰਨ ਦਿਨ ਚੱਲਿਆ ਵੋਟਿੰਗ ਦਾ ਅਮਲ ਖ਼ਤਮ ਹੋਣ ਮਗਰੋਂ ਵਲੰਟੀਅਰਾਂ ਨਾਲ ਗੱਲਬਾਤ ਕਰਦਿਆਂ ਪੂਤਿਨ ਨੇ ਕਿਹਾ, ‘‘ਸਾਡੇ ਕੋਲ ਬਹੁਤ ਕੰਮ ਹੈ। ਪਰ ਮੈਂ ਸਾਰਿਆਂ ਨੂੰ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਇਕਜੁੱਟ ਸੀ, ਤਾਂ ਕੋਈ ਵੀ ਸਾਨੂੰ ਡਰਾਉਣ, ਸਾਡੀ ਇੱਛਾ ਸ਼ਕਤੀ ਤੇ ਸਾਡੀ ਅੰਤਰ-ਆਤਮਾ ਨੂੰ ਦਬਾਉਣ ਵਿਚ ਸਫ਼ਲ ਨਹੀਂ ਹੋਇਆ।’’ ਉਨ੍ਹਾਂ ਕਿਹਾ, ‘‘ਉਹ ਅਤੀਤ ਵਿਚ ਵੀ ਨਾਕਾਮ ਰਹੇ ਤੇ ਉਹ ਭਵਿੱਖ ਵਿਚ ਵੀ ਅਸਫ਼ਲ ਰਹਿਣਗੇ।’’ ਚੋਣਾਂ ਦੌਰਾਨ ਪੂਤਿਨ ਤੇ ਯੂਕਰੇਨ ਜੰਗ ਦੀ ਜਨਤਕ ਤੌਰ ’ਤੇ ਆਲੋਚਨਾ ਕਰਨ ’ਤੇ ਰੋਕ ਸੀ। ਸੁਤੰਤਰ ਮੀਡੀਆ ਨੂੰ ਕਮਜ਼ੋਰ ਕਰ ਦਿੱਤਾ ਗਿਆ ਸੀ। ਪੂਤਿਨ ਦੇ ਸਭ ਤੋਂ ਵੱਡੇ ਸਿਆਸੀ ਵਿਰੋਧੀ ਐਲਕਸੀ ਨਵਲਨੀ ਦੀ ਪਿਛਲੇ ਮਹੀਨੇ ਆਰਕਟਿਕ ਜੇਲ੍ਹ ਵਿਚ ਮੌਤ ਹੋ ਗਈ ਸੀ ਤੇ ਰੂਸੀ ਰਾਸ਼ਟਰਪਤੀ ਦੇ ਹੋਰ ਆਲੋਚਕ ਜਾਂ ਜੇਲ੍ਹ ਵਿਚ ਜਾਂ ਜਲਾਵਤਨ ਹਨ। ਰੂਸ ਦੇ ਕੇਂਦਰੀ ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਕਰੀਬ 100 ਫੀਸਦ ਖੇਤਰਾਂ ਵਿਚ ਪਈਆਂ ਵੋਟਾਂ ਦੀ ਗਿਣਤੀ ਕਰ ਲਈ ਗਈ ਹੈ ਤੇ ਪੂਤਿਨ ਨੂੰ 87.29 ਫੀਸਦ ਵੋਟ ਮਿਲੇ ਹਨ। ਕਮਿਸ਼ਨ ਦੀ ਮੁਖੀ ਐਲਾ ਪੈਮਫੀਲੋਵਾ ਨੇ ਕਿਹਾ ਕਿ ਪੂਤਿਨ ਨੂੰ ਕਰੀਬ 7.6 ਕਰੋੜ ਲੋਕਾਂ ਨੇ ਵੋਟ ਕੀਤਾ ਹੈ, ਜੋ ਉਨ੍ਹਾਂ ਨੂੰ ਹਾਸਲ ਹੁਣ ਤੱਕ ਦੇ ਸਭ ਤੋਂ ਵੱਧ ਵੋਟ ਹਨ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੈਵਿਡ ਕੈਮਰੂਨ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, “ਯੂਕਰੇਨੀ ਖੇਤਰ ਵਿਚ ਗੈਰਕਾਨੂੰਨੀ ਤਰੀਕੇ ਨਾਲ ਚੋਣਾਂ ਕਰਵਾਉਣ ਮਗਰੋਂ ਰੂਸ ਦੀਆਂ ਚੋਣਾਂ ਸੰਪੰਨ ਹੋ ਗਈਆਂ ਹਨ। ਚੋਣਾਂ ਵਿਚ ਵੋਟਰਾਂ ਕੋਲ ਉਮੀਦਵਾਰਾਂ ਦੇ ਮਾਮਲੇ ਵਿਚ ਬਦਲ ਦੀ ਕਮੀ ਸੀ ਤੇ ਕੋਈ ਸੁਤੰਤਰ ਓਐੱਸਸੀਈ ਨਿਗਰਾਨ ਵੀ ਨਹੀਂ ਸੀ। ਸੁਤੰਤਰ ਤੇ ਨਿਰਪੱਖ ਚੋਣਾਂ ਨੂੰ ਲੈ ਕੇ ਜਿਹੋ ਜਿਹਾ ਦਿਖ ਰਿਹਾ ਹੈ, ਓਦਾਂ ਦਾ ਕੁਝ ਹੈ ਨਹੀਂ।’’ ਪੂਤਿਨ ਖਿਲਾਫ਼ ਕਰੈਮਲਿਨ-ਪੱਖੀ ਪਾਰਟੀਆਂ ਦੇ ਤਿੰਨ ਪ੍ਰਤੀਕਾਤਮਕ ਵਿਰੋਧੀ ਖੜ੍ਹੇ ਸਨ ਜਿਨ੍ਹਾਂ ਪੂਤਿਨ ਦੇ 24 ਸਾਲਾਂ ਦੇ ਸ਼ਾਸਨ ਜਾਂ ਦੋ ਸਾਲ ਪਹਿਲਾਂ ਯੂਕਰੇਨ ’ਤੇ ਕੀਤੇ ਹਮਲੇ ਦੀ ਨੁਕਤਾਚੀਨੀ ਤੋਂ ਪਰਹੇਜ਼ ਕੀਤਾ ਹੈ। ਚੋਣਾਂ ਕੰਟਰੋਲ ਮਾਹੌਲ ਵਿਚ ਹੋਈਆਂ ਸਨ ਤੇ ਨਵਲਨੀ ਦੇ ਸਹਿਯੋਗੀਆਂ ਨੇ ਅਪੀਲ ਕੀਤੀ ਸੀ ਕਿ ਜਿਹੜੇ ਲੋਕ ਪੂਤਿਨ ਜਾਂ ਯੂਕਰੇਨ ਜੰਗ ਤੋਂ ਨਾਰਾਜ਼ ਹਨ, ਉਹ ਐਤਵਾਰ ਦੁਪਹਿਰ ਨੂੰ ਪੋਲ ਬੂਥ ’ਤੇ ਪਹੁੰਚਣ। ਇਸ ਮਗਰੋਂ ਰੂਸ ਵਿਚ ਤੇ ਵਿਸ਼ਵ ਭਰ ਦੇ ਰੂਸੀ ਸਫਾਰਤਖਾਨਿਆਂ ਵਿਚ ਲੋਕਾਂ ਦੀਆਂ ਲੰਮੀਆਂ ਕਤਾਰਾਂ ਦੇਖੀਆਂ ਗਈਆਂ ਸਨ। ਨਵਲਨੀ ਦੀ ਪਤਨੀ ਯੂਲੀਆ ਨਵਲਨਯਾ ਵੀ ਜਰਮਨੀ ਦੇ ਬਰਲਿਨ ਵਿਚ ਰੂਸੀ ਸਫਾਰਤਖਾਨੇ ਦੇ ਬਾਹਰ ਲੰਮੀ ਕਤਾਰ ਵਿਚ ਖੜ੍ਹੀ ਦੇਖੀ ਗਈ ਸੀ। -ਏਪੀ

ਪ੍ਰਧਾਨ ਮੰਤਰੀ ਮੋਦੀ ਵੱਲੋਂ ਪੂਤਿਨ ਨੂੰ ਮੁਬਾਰਕਬਾਦ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਲਾਦੀਮੀਰ ਪੂਤਿਨ ਨੂੰ ਰੂਸ ਦਾ ਮੁੜ ਰਾਸ਼ਟਰਪਤੀ ਚੁਣੇ ਜਾਣ ’ਤੇ ਵਧਾਈ ਦਿੱਤੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਉਹ ਦੋਵਾਂ ਮੁਲਕਾਂ ਦੇ ‘ਸਮੇਂ ਦੀ ਕਸੌਟੀ’ ਉੱਤੇ ਖਰੇ ਉਤਰੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਦੇਖ ਰਹੇ ਹਨ। ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਸ੍ਰੀ ਵਲਾਦੀਮੀਰ ਪੂਤਿਨ ਨੂੰ ਮੁੜ ਰੂਸ ਦਾ ਰਾਸ਼ਟਰਪਤੀ ਚੁਣੇ ਜਾਣ ’ਤੇ ਮੁਬਾਰਕਾਂ।’’ -ਪੀਟੀਆਈ

Advertisement
Author Image

joginder kumar

View all posts

Advertisement
Advertisement
×