ਅਮਰੀਕੀ ਕਾਂਗਰਸ ਮੈਂਬਰਾਂ ਵੱਲੋਂ ਤਾਇਵਾਨ ਦਾ ਦੌਰਾ
ਤਾਇਪੇ, 22 ਫਰਵਰੀ
ਅਮਰੀਕੀ ਕਾਂਗਰਸ ਮੈਂਬਰਾਂ ਦੇ ਇੱਕ ਸਮੂਹ ਨੇ ਅੱਜ ਸਮਰਥਨ ਦਿਖਾਉਣ ਲਈ ਤਾਇਵਾਨ ਦੀ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ, ਜੋ ਕਿ ਯਕੀਨੀ ਤੌਰ ’ਤੇ ਚੀਨ ਦਾ ਧਿਆਨ ਖਿੱਚਣ ਲਈ ਹੈ, ਜੋ ਅਜਿਹੇ ਦੌਰਿਆਂ ਦਾ ਵਿਰੋਧ ਕਰਦਾ ਹੈ ਅਤੇ ਉਨ੍ਹਾਂ ਨੂੰ ਟਾਪੂ ’ਤੇ ਪ੍ਰਭੂਸੱਤਾ ਦੇ ਦਾਅਵੇ ਲਈ ਇੱਕ ਚੁਣੌਤੀ ਵਜੋਂ ਵੇਖਦਾ ਹੈ। ਦੋ ਸਾਲ ਪਹਿਲਾਂ ਸਦਨ ਦੀ ਸਪੀਕਰ ਨੈਨਸੀ ਪੈਲੋਸੀ ਦੀ ਤਾਇਵਾਨ ਦੀ ਫੇਰੀ ਦੇ ਸਿੱਟੇ ਵਜੋਂ ਚੀਨ ਨੇ ਸਵੈ-ਸ਼ਾਸਨ ਵਾਲੇ ਟਾਪੂ ’ਤੇ ਸਾਰੇ ਪਾਸੇ ਜੰਗੀ ਅਤੇ ਫ਼ੌਜੀ ਜਹਾਜ਼ ਭੇਜੇ ਅਤੇ ਨੇੜਲੇ ਪਾਣੀਆਂ ਵਿੱਚ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਸਨ।
ਤਾਇਵਾਨੀ ਰਾਸ਼ਟਰਪਤੀ ਸਾਈ ਚਿੰਗ-ਵੇਨ ਨਾਲ ਅੱਜ ਇੱਕ ਮੀਟਿੰਗ ਵਿੱਚ ਚੀਨੀ ਕਮਿਊਨਿਸਟ ਪਾਰਟੀ ਦੀ ਹਾਊਸ ਸਿਲੈਕਟ ਕਮੇਟੀ ਦੇ ਰਿਪਬਲਿਕਨ ਚੇਅਰ, ਪ੍ਰਤੀਨਿਧੀ ਮਾਈਕ ਗਲਾਘੇਰ ਨੇ ਯੂਐੱਸ-ਤਾਇਵਾਨ ਸਾਂਝੇਦਾਰੀ ਲਈ ਦੋ-ਪੱਖੀ ਸਮਰਥਨ ਜ਼ਾਹਿਰ ਕਰਦਿਆਂ ਇਸ ਨੂੰ ਪਹਿਲਾਂ ਨਾਲੋਂ ਮਜ਼ਬੂਤ ਦੱਸਿਆ। ਜ਼ਿਆਦਾਤਰ ਦੇਸ਼ਾਂ ਵਾਂਗ ਅਮਰੀਕਾ ਤਾਇਵਾਨ ਨੂੰ ਇੱਕ ਦੇਸ਼ ਵਜੋਂ ਰਸਮੀ ਤੌਰ ’ਤੇ ਮਾਨਤਾ ਨਹੀਂ ਦਿੰਦਾ ਹੈ ਪਰ ਉਸ ਨੇ ਇਸ ਟਾਪੂ ਨਾਲ ਮਜ਼ਬੂਤ ਗ਼ੈਰ ਰਸਮੀ ਸਬੰਧ ਕਾਇਮ ਰੱਖੇ ਹੋਏ ਹਨ। -ਏਪੀ