ਸਿਵਲ ਸਰਜਨ ਵੱਲੋਂ ਸਬ-ਡਿਵੀਜ਼ਨ ਹਸਪਤਾਲ ਸਮਰਾਲਾ ਦਾ ਦੌਰਾ
ਡੀ ਪੀ ਐੱਸ ਬੱਤਰਾ
ਸਮਰਾਲਾ, 3 ਸਤੰਬਰ
ਸਿਵਲ ਸਰਜਨ ਲੁਧਿਆਣਾ ਡਾ. ਪ੍ਰਦੀਪ ਕੁਮਾਰ ਵੱਲੋਂ ਸਬ-ਡਿਵੀਜ਼ਨ ਹਸਪਤਾਲ ਸਮਰਾਲਾ ਦਾ ਅਚਨਚੇਤ ਦੌਰਾ ਕੀਤਾ ਗਿਆ। ਉਨ੍ਹਾਂ ਮੁਲਾਜ਼ਮਾਂ ਦੀ ਹਾਜ਼ਰੀ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਸਕੀਮਾਂ ਅਤੇ ਪ੍ਰੋਗਰਾਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਹਸਪਤਾਲ ਦੇ ਸਾਰੇ ਵਿਭਾਗਾਂ ਦਾ ਦੌਰਾ ਕੀਤਾ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਸਕੀਮਾਂ ਬਾਰੇ ਸੀਨੀਅਰ ਮੈਡੀਕਲ ਅਫ਼ਸਰ ਡਾ. ਤਾਰਕਜੋਤ ਸਿੰਘ ਤੋਂ ਜਾਣਕਾਰੀ ਲਈ। ਉਨ੍ਹਾਂ ਹਸਪਤਾਲ ਦੀ ਸਫ਼ਾਈ ਦੀ ਸ਼ਲਾਘਾ ਕੀਤੀ ਅਤੇ ਸਾਲ 2023-2024 ਵਿੱਚ ਸਬ-ਡਿਵੀਜ਼ਨ ਹਸਪਤਾਲ ਸਮਰਾਲਾ ਦੇ ਕਾਇਆ-ਕਲਪ ਵਿੱਚ ਸੂਬੇ ਭਰ ’ਚੋਂ ਪਹਿਲੇ ਨੰਬਰ ’ਤੇ ਆਉਣ ਬਾਰੇ ਵਿਸ਼ੇਸ਼ ਚਰਚਾ ਕੀਤੀ। ਉਨ੍ਹਾਂ ਇਸ ਮੌਕੇ ਸਮੂਹ ਮੈਡੀਕਲ ਅਫ਼ਸਰਾਂ ਦੀ ਮੀਟਿੰਗ ਬੁਲਾਈ ਅਤੇ ਉਨ੍ਹਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਹਰ ਮਰੀਜ਼ ਨਾਲ ਹਮਦਰਦੀ ਤੇ ਪਿਆਰ ਭਰਿਆ ਵਤੀਰਾ ਰੱਖਿਆ ਜਾਵੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ ਤੇ ਲਾਭਪਾਤਰੀਆਂ ਨੂੰ ਆਯੂਸ਼ਮਾਨ ਸਕੀਮ ਦਾ ਲਾਭ ਦਿੱਤਾ ਜਾਵੇ। ਉਨ੍ਹਾਂ ਨਰਸਿੰਗ ਸਿਸਟਰ ਅਪਵਿੰਦਰ ਕੌਰ ਅਤੇ ਦਿਲਜੀਤ ਕੌਰ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਅਤੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਦੀਆਂ ਬਿਮਾਰੀਆਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ।