ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਸਿਆਚਿਨ ਬੇਸ ਕੈਂਪ ਦਾ ਦੌਰਾ
ਨਵੀਂ ਦਿੱਲੀ, 26 ਸਤੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਸਿਆਚਿਨ ਬੇਸ ਕੈਂਪ ਦਾ ਦੌਰਾ ਕੀਤਾ। ਉਨ੍ਹਾਂ ਦੁਨੀਆ ਦੇ ਸਭ ਤੋਂ ਉੱਚੇ ਯੁੱਧ ਦੇ ਮੈਦਾਨ ’ਤੇ ਤਾਇਨਾਤ ਸੈਨਿਕਾਂ ਨੂੰ ਕਿਹਾ ਕਿ ਸਾਰੇ ਨਾਗਰਿਕ ਉਨ੍ਹਾਂ ਦੀ ਬਹਾਦਰੀ ਨੂੰ ਸਲਾਮ ਕਰਦੇ ਹਨ।
ਫ਼ੌਜੀ ਜਵਾਨਾਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ, ‘ਉਹ ਗੰਭੀਰ ਮੌਸਮੀ ਸਥਿਤੀਆਂ ਦਾ ਸਾਹਮਣਾ ਕਰਦੇ ਹਨ। ਭਾਰੀ ਬਰਫ਼ਬਾਰੀ ਅਤੇ ਮਨਫ਼ੀ 50 ਡਿਗਰੀ ਤਾਪਮਾਨ ਵਰਗੇ ਮੁਸ਼ਕਲ ਹਾਲਾਤਾਂ ਵਿੱਚ ਉਹ ਪੂਰੀ ਤਨਦੇਹੀ ਅਤੇ ਚੌਕਸੀ ਨਾਲ ਆਪਣੇ ਮੋਰਚਿਆਂ ’ਤੇ ਤਾਇਨਾਤ ਰਹਿੰਦੇ ਹਨ। ਉਹ ਮਾਤ ਭੂਮੀ ਦੀ ਰੱਖਿਆ ਲਈ ਕੁਰਬਾਨੀ ਅਤੇ ਸਹਿਣਸ਼ੀਲਤਾ ਦੀਆਂ ਬੇਮਿਸਾਲ ਉਦਾਹਰਨਾਂ ਪੇਸ਼ ਕਰਦੇ ਹਨ।’ ਰਾਸ਼ਟਰਪਤੀ ਭਵਨ ਤੋਂ ਜਾਰੀ ਬਿਆਨ ਅਨੁਸਾਰ ਉਨ੍ਹਾਂ ਫ਼ੌਜੀਆਂ ਨੂੰ ਕਿਹਾ ਕਿ ਸਾਰੇ ਭਾਰਤੀ ਉਨ੍ਹਾਂ ਦੀ ਕੁਰਬਾਨੀ ਅਤੇ ਬਹਾਦਰੀ ਤੋਂ ਜਾਣੂ ਹਨ ਅਤੇ ‘ਅਸੀਂ ਉਨ੍ਹਾਂ ਦਾ ਸਨਮਾਨ ਕਰਦੇ ਹਾਂ।’ ਭਾਰਤੀ ਫ਼ੌਜੀ ਵਰਦੀ ਪਹਿਨ ਕੇ ਪੁੱਜੀ ਰਾਸ਼ਟਰਪਤੀ ਮੁਰਮੂ ਨੇ ਸਿਆਚਿਨ ਜੰਗੀ ਸਮਾਰਕ ’ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਇਹ ਯਾਦਗਾਰ ਉਨ੍ਹਾਂ ਸੈਨਿਕਾਂ ਅਤੇ ਅਧਿਕਾਰੀਆਂ ਦੀ ਕੁਰਬਾਨੀ ਦਾ ਪ੍ਰਤੀਕ ਹੈ, ਜੋ 13 ਅਪਰੈਲ 1984 ਨੂੰ ਸਿਆਚਿਨ ਗਲੇਸ਼ੀਅਰ ’ਤੇ ਭਾਰਤੀ ਫ਼ੌਜ ਵੱਲੋਂ ਅਪਰੇਸ਼ਨ ਮੇਘਦੂਤ ਸ਼ੁਰੂ ਕਰਨ ਮਗਰੋਂ ਸ਼ਹੀਦ ਹੋਏ ਸਨ। ਅਪਰੇਸ਼ਨ ਮੇਘਦੂਤ ਤਹਿਤ ਭਾਰਤੀ ਫ਼ੌਜ ਨੇ ਇਸ ਖੇਤਰ ’ਤੇ ਆਪਣਾ ਪੂਰਾ ਕੰਟਰੋਲ ਸਥਾਪਤ ਕੀਤਾ ਸੀ।
ਰਾਸ਼ਟਪਤੀ ਮੁਰਮੂ ਨੇ ਕਿਹਾ ਕਿ ਅਪਰੇਸ਼ਨ ਮੇਘਦੂਤ ਦੀ ਸ਼ੁਰੂਆਤ ਤੋਂ ‘ਭਾਰਤੀ ਹਥਿਆਰਬੰਦ ਬਲਾਂ ਦੇ ਬਹਾਦਰ ਸੈਨਿਕਾਂ ਅਤੇ ਅਧਿਕਾਰੀਆਂ ਨੇ ਇਸ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ।’’ -ਪੀਟੀਆਈ
ਸਿਆਚਿਨ ਦੌਰਾ ਕਰਨ ਵਾਲੀ ਮੁਰਮੂ ਤੀਜੀ ਰਾਸ਼ਟਰਪਤੀ
ਲੱਦਾਖ ਦੇ ਉਪ ਰਾਜਪਾਲ ਬ੍ਰਿਗੇਡੀਅਰ ਬੀਡੀ ਮਿਸ਼ਰਾ ਨੇ ਥੋਇਸ ਏਅਰਫੀਲਡ ’ਤੇ ਰਾਸ਼ਟਰਪਤੀ ਮੁਰਮੂ ਦਾ ਸਵਾਗਤ ਕੀਤਾ। ਮੁਰਮੂ ਦੇਸ਼ ਦੇ ਤੀਜੇ ਰਾਸ਼ਟਰਪਤੀ ਹਨ, ਜਿਨ੍ਹਾਂ ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਸਥਿਤ ਸਿਆਚਿਨ ਬੇਸ ਕੈਂਪ ਦਾ ਦੌਰਾ ਕੀਤਾ ਹੈ, ਬਾਕੀ ਦੋ ਰਾਸ਼ਟਰਪਤੀ ਵਿੱਚ ਏਪੀਜੇ ਅਬਦੁਲ ਕਲਾਮ ਅਤੇ ਰਾਮਨਾਥ ਕੋਵਿੰਦ ਸ਼ਾਮਲ ਹਨ।