ਡੀਸੀ ਵੱਲੋਂ ਪੀਏਪੀ ਫਲਾਈਓਵਰ ਦਾ ਦੌਰਾ
ਪੱਤਰ ਪ੍ਰੇਰਕ
ਜਲੰਧਰ, 11 ਨਵੰਬਰ
ਇੱਥੋਂ ਅੰਮ੍ਰਿਤਸਰ ਅਤੇ ਪਠਾਨਕੋਟ ਵੱਲ ਜਾਣ ਵਾਲੇ ਯਾਤਰੀਆਂ ਨੂੰ ਦਰਪੇਸ਼ ਆਵਾਜਾਈ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਅੱਜ ਪੀ.ਏ.ਪੀ. ਚੌਕ ਫਲਾਈਓਵਰ ਦਾ ਦੌਰਾ ਕੀਤਾ ਗਿਆ। ਡੀ.ਆਈ.ਜੀ. ਪੀ.ਏ.ਪੀ. ਇੰਦਰਬੀਰ ਸਿੰਘ ਅਤੇ ਲੋਕ ਨਿਰਮਾਣ ਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨਾਲ ਆਵਾਜਾਈ ਨੂੰ ਸੁਚਾਰੂ ਤੇ ਨਿਰਵਿਘਨ ਢੰਗ ਨਾਲ ਜਾਰੀ ਰੱਖਣ ਅਤੇ ਸ਼ਹਿਰ ਵਾਸੀਆਂ ਨੂੰ ਰਾਮਾ ਮੰਡੀ ਤੋਂ ਹੋ ਕੇ ਅੰਮ੍ਰਿਤਸਰ ਤੇ ਪਠਾਨਕੋਟ ਵੱਲ ਜਾਣ ਦੇ ਮੁੱਦੇ ਨੂੰ ਹੱਲ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਆਪਣੀ ਜਾਂਚ ਦੌਰਾਨ ਡਾ. ਅਗਰਵਾਲ ਵੱਲੋਂ ਗ੍ਰੀਨ ਬੈਲਟ ਨੂੰ ਵਾਧੂ ਸੜਕ ਬਣਾ ਕੇ ਫਲਾਈ ਓਵਰ ਨੂੰ ਚੌੜਾ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ ਨਾਲ ਜ਼ਿਆਦਾ ਵਾਹਨਾਂ ਦੀ ਆਵਾਜਾਈ ਨੂੰ ਹੱਲ ਕੀਤਾ ਜਾ ਸਕੇਗਾ। ਉਨ੍ਹਾਂ ਵਲੋਂ ਅੰਮ੍ਰਿਤਸਰ ਅਤੇ ਪਠਾਨਕੋਟ ਜਾਣ ਵਾਲੇ ਯਾਤਰੀਆਂ ਦੇ ਕੀਮਤੀ ਸਮੇਂ ਨੂੰ ਬਚਾਉਣ ਲਈ ਜਲੰਧਰ ਸ਼ਹਿਰ ਤੋਂ ਪੀ.ਏ.ਪੀ. ਫਲਾਈਓਵਰ ’ਤੇ ਨਵਾਂ ਰੈਂਪ ਬਣਾਉਣ ਦਾ ਸੁਝਾਅ ਵੀ ਦਿੱਤਾ ਗਿਆ। ਲੋਕ ਨਿਰਮਾਣ ਵਿਭਾਗ ਅਤੇ ਐੱਨ.ਐੱਚ.ਏ.ਆਈ. ਦੇ ਅਧਿਕਾਰੀਆਂ ਨੂੰ ਇਸ ਸਬੰਧੀ ਵਿਆਪਕ ਡਿਜ਼ਾਈਨ ਤਿਆਰ ਕਰਨ ਦੀਆਂ ਹਦਾਇਤਾਂ ਕਰਦਿਆਂ ਡਾ. ਅਗਰਵਾਲ ਨੇ ਇਸ ਨੂੰ ਤੁਰੰਤ ਲਾਗੂ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਇਕ ਹਫ਼ਤੇ ਦੇ ਵਿੱਚ-ਵਿੱਚ ਪ੍ਰਸਤਾਵ ਸੌਂਪਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਇੱਕ ਵਾਰ ਇਹ ਪਲਾਨ ਪ੍ਰਵਾਨ ਹੋ ਜਾਣ ਤੋਂ ਬਾਅਦ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਨੂੰ ਜੋੜਦੇ ਇਸ ਸਭ ਤੋਂ ਵਿਅਸਤ ਸਥਾਨ ’ਤੇ ਆਵਾਜਾਈ ਦੇ ਮਸਲੇ ਨੂੰ ਹੱਲ ਕੀਤਾ ਜਾ ਸਕੇਗਾ। ਸ਼ਹਿਰ ਵਾਸੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਡਾ. ਅਗਰਵਾਲ ਨੇ ਕਿਹਾ ਕਿ ਨਵੇਂ ਰੈਂਪ ਦੇ ਬਣਨ ਅਤੇ ਫਲਾਈਓਵਰ ਨੂੰ ਚੌੜਾ ਕਰਨ ਨਾਲ ਅੰਮ੍ਰਿਤਸਰ ਅਤੇ ਪਠਾਨਕੋਟ ਜਾਣ ਨੂੰ ਆਸਾਨ ਬਣਾਏਗਾ। ਉਨ੍ਹਾਂ ਕਿਹਾ ਕਿ ਇਸ ਨਾਲ ਵੱਡੇ ਜਾਮਾਂ ਤੋਂ ਵੀ ਰਾਹਤ ਮਿਲੇਗੀ ਅਤੇ ਇਸ ਨਵੇਂ ਰੈਂਪ ਦੇ ਬਣਨ ਨਾਲ ਅੰਮ੍ਰਿਤਸਰ ਵੱਲ ਜਾਣ ਵਾਲੇ ਵਾਹਨਾਂ ਦੀ ਆਵਾਜਾਈ ਵਿੱਚ ਵੀ ਭਾਰੀ ਕਮੀ ਆਵੇਗੀ।