ਆਸਟਰੇਲਿਆਈ ਵਿਗਿਆਨੀਆਂ ਵੱਲੋਂ ਇਤਿਹਾਸਕ ਥਾਵਾਂ ਦਾ ਦੌਰਾ
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 29 ਅਗਸਤ
ਇੱਥੇ ਇੱਕ ਹਫਤੇ ਦੇ ਟੂਰ ’ਤੇ ਪੁੱਜੇ ਆਸਟਰੇਲੀਆ ਦੇ ਸਿਹਤ ਵਿਗਿਆਨੀਆਂ ਨੇ ਬਾਬਾ ਫਰੀਦ ਯੂਨੀਵਰਸਿਟੀ ਨਾਲ ਛੇ ਸਮਝੌਤੇ ਕਰਨ ਤੋਂ ਬਾਅਦ ਫਰੀਦਕੋਟ ਸ਼ਹਿਰ ਦੀਆਂ ਵੱਖ-ਵੱਖ ਇਤਿਹਾਸਕ ਥਾਵਾਂ ਦਾ ਦੌਰਾ ਕੀਤਾ ਅਤੇ ਕਿਹਾ ਕਿ ਫਰੀਦਕੋਟ ਵਿੱਚ ਇਤਿਹਾਸਿਕ ਥਾਵਾਂ ਦੇਖ ਕੇ ਉਨ੍ਹਾਂ ਨੂੰ ਭਾਰਤ ਦੀ ਵਿਰਾਸਤ ਬੇਹੱਦ ਵਿਲੱਖਣ ਲੱਗੀ। ਆਸਟਰੇਲੀਆ ਦੇ ਸਿਹਤ ਵਿਗਿਆਨੀਆਂ ਨੇ ਇਥੋਂ ਦੇ ਕਿਲ੍ਹਾ ਮੁਬਾਰਕ ਵਿੱਚ ਫਰੀਦਕੋਟ ਦੇ ਆਖਰੀ ਰਾਜੇ ਦੀਆਂ ਸ਼ਾਨਦਾਰ ਪੁਰਾਣੀਆਂ ਕਾਰਾਂ ਅਤੇ ਉਸ ਦਾ ਹੋਰ ਸਾਜ਼ੋ-ਸਾਮਾਨ ਦੇਖਿਆ। ਇਸ ਤੋਂ ਬਾਅਦ ਵਿਗਿਆਨੀਆਂ ਦਾ ਵਫ਼ਦ ਟਿੱਲਾ ਬਾਬਾ ਫਰੀਦ ਵਿਖੇ ਨਤਮਸਤਕ ਹੋਣ ਲਈ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਵੀ ਹਾਜ਼ਰ ਸਨ। ਸੇਵਾਦਾਰ ਮਹੀਪ ਇੰਦਰ ਸਿੰਘ ਸੇਖੋਂ ਨੇ ਸਿਹਤ ਵਿਗਿਆਨੀਆਂ ਨੂੰ ਟਿੱਲਾ ਬਾਬਾ ਫਰੀਦ ਵਿਖੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਫਰੀਦਕੋਟ ਦੀਆਂ ਵਿਰਾਸਤੀ ਅਤੇ ਇਤਿਹਾਸਿਕ ਇਮਾਰਤਾਂ ਨੂੰ ਸਾਂਭਣ ਲਈ ਪੰਜਾਬ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਜਲਦ ਹੀ ਇਹਨਾਂ ਸਾਰੀਆਂ ਇਤਿਹਾਸਿਕ ਥਾਵਾਂ ਦੀ ਲੋੜੀਂਦੀ ਮੁਰੰਮਤ ਕਰਕੇ ਦੁਨੀਆਂ ਭਰ ਦੇ ਸੈਲਾਨੀਆਂ ਨੂੰ ਇੱਥੇ ਆਉਣ ਦਾ ਸੱਦਾ ਦਿੱਤਾ ਜਾਵੇਗਾ।