ਬੁੱਢਾ ਦਰਿਆ ਪੈਦਲ ਯਾਤਰਾ ਦੌਰਾਨ ਵਾਲੰਟੀਅਰਾਂ ਵੱਲੋਂ ਡੇਅਰੀਆਂ ਦਾ ਦੌਰਾ
ਸਤਵਿੰਦਰ ਬਸਰਾ
ਲੁਧਿਆਣਾ, 24 ਸਤੰਬਰ
ਮੱਤੇਵਾੜਾ ਜੰਗਲ, ਸਤਲੁਜ ਦਰਿਆ ਅਤੇ ਬੁੱਢਾ ਦਰਿਆ ਦੀ ਸੰਭਾਲ ਅਤੇ ਪ੍ਰਦੂਸ਼ਣ ਕੰਟਰੋਲ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਚੱਲ ਰਹੀ ਪੈਦਲ ਯਾਤਰਾ ਦੌਰਾਨ ਅੱਜ ਪੀਏਸੀ ਵਾਲੰਟੀਅਰ ਵੱਲੋਂ ਹੈਬੋਵਾਲ ਡੇਅਰੀ ਕੰਪਲੈਕਸ ਅਤੇ ਨਾਲ ਲੱਗਦੇ ਇਲਾਕਿਆਂ ਦਾ ਦੌਰਾ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਇਸ ਮੌਕੇ ਉੱਘੇ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਗੁਰਪ੍ਰੀਤ ਸਿੰਘ ਪਲਾਹਾ ਦੀ ਅਗਵਾਈ ਹੇਠ ਪੀਏਸੀ ਮੈਂਬਰਾਂ ਦੀ ਇੱਕ ਟੀਮ ਨੇ ਈਟੀਪੀ ਸਾਈਟ ‘ਤੇ ਇਕੱਠੇ ਹੋ ਕੇ ਪ੍ਰਾਜੈਕਟ ਦੇ ਨਿਰਮਾਣ ਅਤੇ ਮੁਕੰਮਲ ਹੋਣ ਬਾਰੇ ਵਿਸਥਾਰਪੂਰਵਕ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਹੈਬੋਵਾਲ ਡੇਅਰੀ ਕੰਪਲੈਕਸ ਵਿੱਚ ਉਸਾਰੀ ਅਧੀਨ ਈਟੀਪੀ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਪ੍ਰਦੂਸ਼ਣ ਅਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ। ਡੇਅਰੀ ਰਹਿੰਦ-ਖੂੰਹਦ ਦਾ ਨਿਰੰਤਰ ਨਿਕਾਸ ਸਿੱਧਾ ਬੁੱਢਾ ਦਰਿਆ ਜਾਂ ਸੀਵਰ ਲਾਈਨਾਂ ਵਿੱਚ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਡੇਅਰੀ ਮਾਲਕਾਂ ਵੱਲੋਂ ਸਹਿਯੋਗ ਨਾ ਦੇਣ ਕਾਰਨ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਵਿੱਚ ਦੇਰੀ ਹੋ ਰਹੀ ਹੈ। ਇੱਕ ਪਾਸੇ ਠੇਕੇਦਾਰ ਡੇਅਰੀਆਂ ਨੂੰ ਈਟੀਪੀ ਨਾਲ ਜੋੜਨ ਲਈ ਪਾਈਪ ਲਾਈਨਾਂ ਵਿਛਾਉਣ ਲਈ ਖੁਦਾਈ ਕਰ ਰਹੇ ਹਨ, ਜਦਕਿ ਦੂਜੇ ਪਾਸੇ ਪਾਈਪ ਲਾਈਨਾਂ ਨੂੰ ਵਿਛਾਉਣ ਤੋਂ ਰੋਕਣ ਲਈ ਡੇਅਰੀ ਮਾਲਕ ਜਾਣਬੁੱਝ ਕੇ ਦੂਸ਼ਿਤ ਪਾਣੀ ਨੂੰ ਟੋਇਆਂ ਵਿੱਚ ਛੱਡਦੇ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਪਲਾਹਾ ਤੋਂ ਇਲਾਵਾ ਕਰਨਲ ਜੇਐੱਸ ਗਿੱਲ, ਅਮੀਨ ਲਖਨਪਾਲ, ਮਨਜਿੰਦਰ ਸਿੰਘ, ਐਡਵੋਕੇਟ ਯੋਗੇਸ਼ ਖੰਨਾ, ਗੁਰਬਚਨ ਸਿੰਘ ਬੱਤਰਾ, ਬੇਬੀ ਜਪਲੀਨ ਕੌਰ, ਸੁਖਵਿੰਦਰ ਸਿੰਘ ਗੋਲਡੀ, ਦਾਨ ਸਿੰਘ ਓਸਾਨ, ਮਹਿੰਦਰ ਸਿੰਘ ਗਰੇਵਾਲ, ਕਰਨਲ ਸੀਐੱਮ ਲਖਨਪਾਲ ਤੇ ਆਧਾਰਿਤ ਇੱਕ ਟੀਮ ਨੇ ਆਪਣੇ ਗਲਾਂ ਵਿੱਚ ਪ੍ਰਦੂਸ਼ਣ ਖ਼ਤਮ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਨਾਅਰੇ ਲਿਖੇ ਬੋਰਡ ਪ੍ਰਦਰਸ਼ਿਤ ਕੀਤੇ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਵੀ ਕੀਤੀ।
ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ, ਜਿਸ ਨਾਲ ਗੰਭੀਰ ਸਿਹਤ ਸਮੱਸਿਆਵਾਂ ਦੇ ਨਾਲ ਬਿਲਕੁਲ ਅਸਥਾਈ ਸਥਿਤੀਆਂ ਪੈਦਾ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਡੇਅਰੀਆਂ ਅੰਦਰ ਮਜ਼ਦੂਰਾਂ ਦੀ ਹਾਲਤ ਤਰਸਯੋਗ ਹੈ। ਉਨ੍ਹਾਂ ਰਾਜ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਅਜਿਹੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰੇ ਜੋ ਨਾ-ਮੁਆਫ਼ੀਯੋਗ ਅਪਰਾਧ ਕਰਦੇ ਹਨ।