ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਭ ਤੋਂ ਸੂਝਵਾਨ ਭਾਰਤੀ ਦੇ ਦਰਸ਼ਨ

10:43 AM Sep 08, 2024 IST
ਰਾਮਚੰਦਰ ਗੁਹਾ

ਜਿਸ ਭਾਰਤੀ ਵਿਦਵਾਨ ਨੂੰ ਮੈਂ ਸਭ ਤੋਂ ਵੱਧ ਪਸੰਦ ਕਰਦਾ ਹਾਂ, ਉਹ ਹੈ ਪ੍ਰੋਫੈਸਰ ਆਂਦਰੇ ਬੇਤਈ ਜੋ ਆਉਣ ਵਾਲੀ 15 ਸਤੰਬਰ ਨੂੰ ਆਪਣਾ 90ਵਾਂ ਜਨਮ ਦਿਨ ਮਨਾਵੇਗਾ। ਉਹ ਬੰਗਾਲ ’ਚ ਜੰਮਿਆ-ਪਲਿਆ, ਕਲਕੱਤਾ ਯੂਨੀਵਰਸਿਟੀ ’ਚ ਐਮ.ਏ. ਕਰਨ ਤੋਂ ਬਾਅਦ ਦਿੱਲੀ ਆ ਗਿਆ ਤੇ ਉਦੋਂ ਤੋਂ ਉੱਥੇ ਹੀ ਰਹਿ ਰਿਹਾ ਹੈ। ਚਾਰ ਦਹਾਕੇ ਉਸ ਨੇ ਦਿੱਲੀ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਵਿੱਚ ਪੜ੍ਹਾਇਆ ਅਤੇ ਨਾਲ ਹੀ ਕਈ ਕਿਤਾਬਾਂ ਤੇ ਲੇਖ ਵੀ ਲਿਖੇ। ਆਪਣੀ ਸੇਵਾਮੁਕਤੀ ਤੋਂ ਬਾਅਦ ਪ੍ਰੋਫੈਸਰ ਬੇਤਈ ਨੇ ਅਸ਼ੋਕਾ ਯੂਨੀਵਰਸਿਟੀ ਦੇ ਪਹਿਲੇ ਚਾਂਸਲਰ ਵਜੋਂ ਵੀ ਸੇਵਾਵਾਂ ਦਿੱਤੀਆਂ ਤੇ ਨਾਲ ਹੀ ਖੋਜ ਪੱਤਰ ਵੀ ਪ੍ਰਕਾਸ਼ਿਤ ਕਰਦਾ ਰਿਹਾ। ਇਸ ਦੇ ਨਾਲ ਹੀ ਉਸ ਨੇ ਆਪਣੀ ਜਵਾਨੀ ਤੇ ਸਿੱਖਿਆ ਕਾਲ ਬਾਰੇ ਇੱਕ ਦਿਲਕਸ਼ ਬਿਰਤਾਂਤ ਵੀ ਲਿਖਿਆ।
ਆਂਦਰੇ ਬੇਤਈ, ਅੱਧਾ ਫਰਾਂਸੀਸੀ ਤੇ ਅੱਧਾ ਬੰਗਾਲੀ, ਪਰ ਪੂਰਾ ਭਾਰਤੀ ਹੈ। ਉਹ ਆਪਣੇ ਮੁਲਕ ਨੂੰ ਜਿਸ ਤਰ੍ਹਾਂ ਪਿਆਰ ਕਰਦਾ ਹੈ ਓਵੇਂ ਬੰਗਾਲੀ ਬੁੱਧੀਜੀਵੀ ਕਦੇ-ਕਦਾਈਂ ਹੀ ਕਰਦੇ ਹਨ। ਬੰਗਾਲੀ ਬਿਲਕੁਲ ਸੰਕੋਚੀ ਨਹੀਂ ਹੁੰਦੇ; ਬਸ ਜਦ ਉਹ ਦੂਜਿਆਂ ’ਚ ਰੁਚੀ ਲੈਂਦੇ ਹਨ ਤਾਂ ਇਹ ਬਾਕੀ ਭਾਰਤੀਆਂ ਵਰਗਾ ਨਹੀਂ ਲੱਗਦਾ। ਮੈਂ ਇੱਕ ਵਾਰ (ਅਖ਼ਬਾਰ ’ਚ) ਮਜ਼ਾਕ ਨਾਲ ਕਿਹਾ ਸੀ ਕਿ ਮਸ਼ਹੂਰ ਬੰਗਾਲੀਆਂ ਕੋਲ ਦੋ ਨਾਗਰਿਕਤਾਵਾਂ ਹੁੰਦੀਆਂ ਹਨ। ਇਸ ਤਰ੍ਹਾਂ ਨੀਰਦ ਸੀ. ਚੌਧਰੀ ਬੰਗਾਲੀ ਤੇ ਅੰਗਰੇਜ਼ ਸੀ; ਸਤਿਆਜੀਤ ਰੇਅ ਬੰਗਾਲੀ ਤੇ ਫਰਾਂਸੀਸੀ; ਜਯੋਤੀ ਬਾਸੂ ਬੰਗਾਲੀ ਤੇ ਰੂਸੀ; ਚਾਰੂ ਮਜੂਮਦਾਰ (ਨਕਸਲਵਾਦੀ ਨੇਤਾ) ਬੰਗਾਲੀ ਤੇ ਚੀਨੀ। ਮੈਂ ਨਾਲ ਹੀ ਜੋੜਿਆ ਸੀ ਕਿ ਰਾਬਿੰਦਰਨਾਥ ਟੈਗੋਰ ਸ਼ਾਇਦ ਅਜਿਹਾ ਆਖ਼ਰੀ ਉੱਘਾ ਬੰਗਾਲੀ ਰਿਹਾ ਹੈ ਜੋ ਬੰਗਾਲੀ ਤੇ ਭਾਰਤੀ, ਦੋਵੇਂ ਬਣ ਕੇ ਰਿਹਾ।
ਟੈਗੋਰ ਵਾਂਗ, ਪ੍ਰੋਫੈਸਰ ਬੇਤਈ ਸੰਸਾਰ ਬਾਰੇ ਜਗਿਆਸਾ ਰੱਖਣ ਦੇ ਨਾਲ ਨਾਲ ਬਾਕੀ ਭਾਰਤ ਬਾਰੇ ਵੀ ਉਤਸੁਕਤਾ ਰੱਖਦਾ ਸੀ। ਉਸ ਨੇ ਆਪਣਾ ਡਾਕਟਰੇਟ ਦਾ ਖੋਜ ਕਾਰਜ ਤਾਮਿਲ ਭੂਮੀ ਦੇ ਧੁਰ ਅੰਦਰ ਜਾ ਕੇ ਤੰਜਾਵੁਰ ’ਚ ਕੀਤਾ। ਉਸ ਦੇ ਆਪਣੇ ਖੋਜਾਰਥੀਆਂ ’ਚ ਬੰਬੇ ਦਾ ਇੱਕ ਬੰਗਾਲੀ, ਜਮਸ਼ੇਦਪੁਰ ਦਾ ਇੱਕ ਤਾਮਿਲ, ਲੱਦਾਖ ’ਤੇ ਕੰਮ ਕਰਨ ਵਾਲਾ ਇੱਕ ਕੰਨੜੀਗਾ, ਤੇ ਕਰਨਾਟਕ ਉੱਤੇ ਕੰਮ ਕਰਨ ਵਾਲਾ ਇੱਕ ਪੰਜਾਬੀ ਸ਼ਾਮਲ ਸਨ। ਨਿੱਜੀ ਤੌਰ ’ਤੇ, ਉਹ ਆਪਣੇ ਮਾਰਕਸ ਤੇ ਆਪਣੇ ਵੈੱਬਰ, ਆਪਣੇ ਇਵਾਨਜ਼-ਪ੍ਰਿਚਰਡ ਤੇ ਆਪਣੇ ਲੇਵੀ ਸਟ੍ਰਾਸ ਤੇ ਆਪਣੇ ਨਹਿਰੂ ਤੇ ਆਪਣੇ ਅੰਬੇਡਕਰ ਨੂੰ ਵੀ ਜਾਣਦਾ ਸੀ।
ਆਪਣੀ ਕਿਤਾਬ ‘ਡੈਮੋਕਰੈਟਸ ਐਂਡ ਡਾਇਸੈਂਟਰਸ’ ਵਿੱਚ ਮੈਂ ਪ੍ਰੋਫੈਸਰ ਬੇਤਈ ਦੇ ਵਿਦਵਤਾ ਨੂੰ ਬੇਮਿਸਾਲ ਯੋਗਦਾਨ ਬਾਰੇ ਵਿਸਤਾਰ ਵਿੱਚ ਲਿਖਿਆ ਹੈ। ਇੱਥੇ ਮੈਂ ਥੋੜ੍ਹਾ ਵੱਧ ਨੇੜਿਓਂ ਲਿਖਣਾ ਚਾਹਾਂਗਾ ਕਿ ਸਾਡੀ ਦੋਸਤੀ ਦਾ ਮੇਰੇ ਲਈ ਕੀ ਮਤਲਬ ਹੈ। ਮੈਂ ਪਹਿਲੀ ਵਾਰ ਉਸ ਨੂੰ 1988 ਵਿੱਚ ਮਿਲਿਆ ਸੀ; ਤੇ ਉਦੋਂ ਤੋਂ ਹੀ ਅਸੀਂ ਸੰਪਰਕ ਵਿੱਚ ਹਾਂ। ਉਸ ਦੀਆਂ ਲਿਖਤਾਂ ਤੇ ਸਾਡੀਆਂ ਗੱਲਾਂਬਾਤਾਂ ਨੇ ਇਸ ਚੀਜ਼ ’ਤੇ ਗਹਿਰਾ ਅਸਰ ਪਾਇਆ ਹੈ ਕਿ ਮੈਂ ਆਪਣੇ ਮੁਲਕ ਬਾਰੇ ਕਿਵੇਂ ਸੋਚਦਾ ਹਾਂ ਤੇ ਇਸ ਨੇ ਮੇਰੇ ਕੰਮ ਨੂੰ ਵੀ ਕਾਫ਼ੀ ਪ੍ਰਭਾਵਿਤ ਕੀਤਾ ਹੈ।
ਮੈਂ ਇੱਕ ਵਾਰ ਆਂਦਰੇ ਬੇਤਈ ਨੂੰ ‘ਭਾਰਤ ਦਾ ਸਭ ਤੋਂ ਬੁੱਧੀਮਾਨ ਵਿਅਕਤੀ’ ਕਿਹਾ ਸੀ, ਖ਼ਾਸ ਤੌਰ ’ਤੇ ਇਹ ਉਤਾਵਲੇਪਣ ’ਚ ਕੀਤਾ ਗਿਆ ਨਿਤਾਰਾ ਸੀ। ਉਸ ਵੱਲ ਮੇਰੀ ਖਿੱਚ ਕਿਉਂ ਸੀ, ਦੱਸਣ ਦੀ ਲੋੜ ਨਹੀਂ ਜਾਪਦੀ। ਪਰ ਉਸ ਨੇ ਮੇਰੇ ਸਨੇਹ ਦਾ ਜਵਾਬ ਪ੍ਰੇਮ ਨਾਲ ਹੀ ਕਿਉਂ ਦਿੱਤਾ? ਇਹ ਸ਼ਾਇਦ ਇਸ ਕਰ ਕੇ ਕਿ ਮੇਰਾ ਬੌਧਿਕ ਸਫ਼ਰ ਉਸ ਦੇ ਰਾਹਾਂ ਤੋਂ ਬਹੁਤ ਵੱਖਰਾ ਹੈ। ਅਸੀਂ ਜਦ ਪਹਿਲੀ ਵਾਰ ਮਿਲੇ, ਉਹ ਇੱਕੋ ਨੌਕਰੀ ’ਚ ਤੀਹ ਸਾਲ ਪੂਰੇ ਕਰ ਚੁੱਕਾ ਸੀ; ਮੈਂ ਸੱਤ ਸਾਲਾਂ ’ਚ ਆਪਣੀ ਚੌਥੀ ਨੌਕਰੀ ਕਰ ਰਿਹਾ ਸੀ। ਮੈਂ ਉਤੇਜਨਾ ਨਾਲ ਭਰਿਆ ਹੋਇਆ ਸੀ ਤੇ ਬਿਨਾਂ ਸੋਚ-ਵਿਚਾਰ ਵਿਆਪਕੀਕਰਨ ਪ੍ਰਤੀ ਝੁਕਾਅ ਰੱਖਦਾ ਸੀ; ਉਹ ਸ਼ਾਂਤ ਚਿਤ ਸੀ, ਸਵਾਲ ਦੇ ਸਾਰੇ ਪੱਖਾਂ ਨੂੰ ਘੋਖ ਕੇ ਕੋਈ ਫ਼ੈਸਲਾ ਸੁਣਾਉਂਦਾ ਸੀ। ਮੈਂ ਸਾਥੀ ਵਿਦਵਾਨਾਂ ਨਾਲ ਵਾਦ-ਵਿਵਾਦ ’ਚ ਪੈਣ ਵਿੱਚ ਯਕੀਨ ਰੱਖਦਾ ਸੀ; ਉਹ ਹਮੇਸ਼ਾ ਕਾਬੂ ’ਚ ਰਹਿੰਦਾ, ਭਾਵੇਂ ਗੱਲਬਾਤ ’ਚ ਹੋਵੇ ਜਾਂ ਪ੍ਰਿੰਟ ’ਚ। ਨੌਜਵਾਨ ਖੋਜਾਰਥੀ ਵਜੋਂ ਮੈਂ ਮਿਜ਼ਾਜ ਪੱਖੋਂ ਆਂਦਰੇ ਨਾਲੋਂ ਬਿਲਕੁਲ ਅਲੱਗ ਸੀ, ਸ਼ਾਇਦ ਇਸ ਲਈ ਆਂਦਰੇ ਮੇਰੇ ਨਾਲ ਬਹੁਤ ਵਧੀਆ ਰਚ-ਮਿਚ ਗਿਆ। ਇਹ ਫ਼ਰਕ ਉਸ ਨੂੰ ਭਾਅ ਗਿਆ; ਤੇ ਸ਼ਾਇਦ ਸਾਡੀ ਗੱਲਬਾਤ ਨੂੰ ਚਮਕ ਤੇ ਉਤਸ਼ਾਹ ਦੇ ਗਿਆ।
ਮੈਂ ਕਈ ਸਾਲਾਂ ਤੋਂ ਆਪਣੀਆਂ ਕਿਤਾਬਾਂ ਵਿੱਚ ਆਂਦਰੇ ਬੇਤਈ ਦੀਆਂ ਪ੍ਰਕਾਸ਼ਿਤ ਲਿਖਤਾਂ ਦਾ ਹਵਾਲਾ ਦਿੰਦਾ ਆ ਰਿਹਾ ਹਾਂ ਅਤੇ ਗੱਲਾਂ-ਬਾਤਾਂ ਦਾ ਜ਼ਿਕਰ ਮੇਰੇ ਕਾਲਮਾਂ ਤੇ ਵਿਚਾਰ-ਚਰਚਾਵਾਂ ਵਿੱਚ ਕਰਦਾ ਰਿਹਾ ਹਾਂ। ਉਦੋਂ ਹਾਲੇ ਰਾਜੀਵ ਗਾਂਧੀ ਜਿਊਂਦੇ ਸਨ ਜਦ ਆਂਦਰੇ ਨੇ ਮੈਨੂੰ ਕਿਹਾ ਸੀ ਕਿ ਜਵਾਹਰਲਾਲ ਨਹਿਰੂ ਦੀ ਮਰਨ ਤੋਂ ਬਾਅਦ ਬਣੀ ਸਾਖ ਨੇ ਬਾਈਬਲ ਦੇ ਮਸ਼ਹੂਰ ਸੰਦੇਸ਼ ਨੂੰ ਪੁੱਠਾ ਪਾ ਦਿੱਤਾ ਹੈ। ਇਸ ਮਾਮਲੇ ’ਚ ਪਿਤਾ ਦੇ ਪਾਪਾਂ ਦਾ ਸਾਇਆ ਉਸ ਦੇ ਬੱਚਿਆਂ ਤੇ ਪੋਤੇ-ਪੋਤੀਆਂ ਉੱਤੇ ਪੈਣ ਦੀ ਬਜਾਏ, ਧੀ ਤੇ ਦੋਹਤੇ ਦੇ ਪਾਪ ਅਤੀਤ ਵੱਲ ਨੂੰ ਜਾ ਕੇ ਪਿਤਾ ਦੇ ਗਲ਼ ਪੈ ਗਏ ਹਨ। ਇਹ ਕਹਿਣ ਦਾ ਅਰਥ ਹੈ ਕਿ ਜਿਹੜਾ ਬੇਮਿਸਾਲ ਯੋਗਦਾਨ ਨਹਿਰੂ ਨੇ ਗਣਰਾਜ ਦੀ ਉਸਾਰੀ ਵਿੱਚ ਪਾਇਆ ਸੀ, ਅਗਾਂਹ ਉਸ ਦੇ ਵੰਸ਼ਜਾਂ ਦੀਆਂ ਗ਼ਲਤੀਆਂ ਨੇ ਇਸ ਨੂੰ ਮਲੀਨ ਕਰ ਕੇ ਗੁਮਨਾਮ ਬਣਾ ਦਿੱਤਾ। ਪਹਿਲਾਂ ਸੋਨੀਆ ਗਾਂਧੀ ਤੇ ਫੇਰ ਰਾਹੁਲ ਗਾਂਧੀ ਦੇ ਸਿਆਸਤ ਵਿੱਚ ਦਾਖਲ ਹੋਣ ’ਤੇ, ਆਂਦਰੇ ਬੇਤਈ ਦੀਆਂ ਟਿੱਪਣੀਆਂ ਵਿਚਲੀ ਸਮਝ ਹੋਰ ਵੀ ਪ੍ਰਤੱਖ ਹੋ ਗਈ ਹੈ। ਹੁਣ ਤੱਕ ਮੈਂ ਇਸ ਨੂੰ ਘੱਟੋ-ਘੱਟ ਦਰਜਨ ਵਾਰ ਹਵਾਲਿਆਂ ਨਾਲ ਲੋਕਾਂ ਅੱਗੇ ਵਰਤ ਚੁੱਕਾ ਹਾਂ।
ਆਂਦਰੇ ਲਗਾਤਾਰ ਪ੍ਰੈੱਸ ਲਈ ਲਿਖਦਾ ਰਿਹਾ ਅਤੇ ਉਸ ਨੇ ਵਿਲੱਖਣ ਭਾਸ਼ਣ ਵੀ ਦਿੱਤੇ। ਪਰ ਉਹ ਖ਼ੁਦ ਨੂੰ ਖੋਜਾਰਥੀ ਵਜੋਂ ਦੇਖਦਾ ਸੀ ਨਾ ਕਿ ‘ਪ੍ਰਚਲਿਤ ਬੁੱਧੀਜੀਵੀ’ ਵਜੋਂ। ਉਹ ਕਹਿੰਦਾ ਸੀ ਕਿ ਜਿਹੜੇ ਸਵੈ-ਬਿਆਨੀ ਇਕਬਾਲ ਕਰਨਾ ਪਸੰਦ ਕਰਦੇ ਸਨ, ਉਹ ਆਮ ਤੌਰ ’ਤੇ ‘ਪ੍ਰਚਲਿਤ’ ਵੱਧ ਤੇ ‘ਵਿਦਵਾਨ’ ਘੱਟ ਹੁੰਦੇ ਹਨ। ਉਸ ਨੇ ਇੱਕ ਵਾਰ ਮੈਨੂੰ ਦੱਸਿਆ ਸੀ ਕਿ ‘ਮੀਡੀਆ ਪ੍ਰਤੀ ਖਿੱਚ ਨਾ ਸਿਰਫ਼ ਵਿਦਵਤਾ ਦੀ ਦੁਸ਼ਮਣ ਹੈ ਸਗੋਂ ਇਹ ਨੈਤਿਕ ਇਮਾਨਦਾਰੀ ਦੀ ਵੀ ਵਿਰੋਧੀ ਹੈ।’ ਉਸ ਦੀਆਂ ਕਿਤਾਬਾਂ ਤੇ ਖੋਜ ਕਾਰਜ, ਅਧਿਆਪਨ ਅਤੇ ਖੋਜਾਰਥੀਆਂ ਨੂੰ ਦਿੱਤੀ ਸੇਧ, ਉਸ ਦੇ ਕੰਮ ਨੂੰ ਪਰਿਭਾਸ਼ਿਤ ਕਰਦੇ ਹਨ, ਨਾ ਕਿ ਅਖ਼ਬਾਰਾਂ ਦੇ ਲੇਖ। ਸਮਾਜ ਸ਼ਾਸਤਰ ਸਬੰਧੀ ਉਸ ਦੀ ਆਪਣੀ ਮੁਹਾਰਤ ਨੇ ਉਸ ਨੂੰ ਕੁਝ ਸਰਕਾਰੀ ਨੀਤੀਆਂ ਦੀ ਆਲੋਚਨਾ ਕਰਨ ਦੇ ਯੋਗ ਬਣਾਇਆ ਸੀ, ਪਰ ਉਸ ਨੇ ਆਪਣੇ ਵੱਲੋਂ ਕੋਈ ਬਦਲਵੀਂ ਨੀਤੀ ਕਦੇ ਪੇਸ਼ ਨਹੀਂ ਕੀਤੀ। ਅਰਥਸ਼ਾਸਤਰੀਆਂ ਦੇ ਕੰਮ ਦੇ ਤਕਨੀਕੀ ਚਰਿੱਤਰ ਦਾ ਮਤਲਬ ਹੈ ਕਿ ਨੀਤੀਆਂ ਘੜਨ ਤੇ ਉਨ੍ਹਾਂ ਬਾਰੇ ਦੱਸਣ ’ਚ ਉਹ ਕਾਫ਼ੀ ਜ਼ਿਆਦਾ ਸਰਗਰਮ ਹੁੰਦੇ ਹਨ। ਕੁਝ ਸਮਾਜ ਸ਼ਾਸਤਰੀ ਤੇ ਇਤਿਹਾਸਕਾਰ ਸੱਤਾ ’ਚ ਆਉਂਦੇ-ਜਾਂਦੇ ਸਿਆਸਤਦਾਨਾਂ ਦੀ ਮਦਦ ਲੈ ਕੇ ਇਸ ਮਾਮਲੇ ਵਿੱਚ ਅਰਥਸ਼ਾਸਤਰੀਆਂ ਦੀ ਨਕਲ ਕਰਨਾ ਚਾਹੁੰਦੇ ਹਨ, ਪਰ ਆਂਦਰੇ ਅਜਿਹਾ ਨਹੀਂ। ਉਹ ਕਦੇ-ਕਦਾਈਂ ਨੀਤੀ ਵਿਸ਼ਲੇਸ਼ਣ ਵੱਲ ਤਾਂ ਜਾਂਦਾ, ਪਰ ਨੀਤੀ ਨਿਰਧਾਰਨ ਵੱਲ ਕਦੇ ਨਹੀਂ ਗਿਆ।
ਹਾਲਾਂਕਿ ਉਹ ਦੇਸ਼ ਦੀ ਰਾਜਧਾਨੀ ਵਿੱਚ ਰਹਿੰਦਾ ਹੈ, ਪਰ ਦਿੱਲੀ ਦੇ ਕੁਝ ਹੋਰਨਾਂ ਬੁੱਧੀਜੀਵੀਆਂ ਤੋਂ ਉਲਟ ਪ੍ਰੋਫੈਸਰ ਆਂਦਰੇ ਬੇਤਈ ਨੇ ਵੱਡੇ ਬੰਦਿਆਂ ਨਾਲ ਦੋਸਤੀ ਗੰਢਣ ਵਿੱਚ ਕਦੇ ਦਿਲਚਸਪੀ ਨਹੀਂ ਦਿਖਾਈ। ਉਸ ਦਾ ਕੰਮ ਬੱਸ ਖੋਜ, ਲਿਖਣ ਅਤੇ ਪੜ੍ਹਾਉਣ ਤੱਕ ਸੀਮਤ ਰਿਹਾ ਹੈ ਨਾ ਕਿ ਆਪਣੇ ਆਪ ਨੂੰ ਕਿਸੇ ਰਾਜਗੁਰੂ ਵਜੋਂ ਪੇਸ਼ ਕਰਨ ਅਤੇ ਅਕਸਰ ਕਿਸੇ ਮੰਤਰੀ ਜਾਂ ਵਿਰੋਧੀ ਧਿਰ ਦੇ ਕਿਸੇ ਆਗੂ ਨਾਲ ਕਾਨਾਫੂਸੀ ਕਰਦੇ ਰਹਿਣ ਤੱਕ। ਉਸ ਨੂੰ ਪ੍ਰਕਾਸ਼ਨ ਪਾਰਟੀਆਂ ਜਾਂ ਕੂਟਨੀਤਕ ਦਾਅਵਤਾਂ ਵਿੱਚ ਕਦੇ ਨਹੀਂ ਦੇਖਿਆ ਗਿਆ। ਇਹ ਗੱਲ ਨਹੀਂ ਕਿ ਉਸ ਨੂੰ ਆਪਣੇ ਕੰਮ ਤੋਂ ਸਿਵਾਏ ਹੋਰ ਕੋਈ ਸ਼ੌਕ ਨਹੀਂ ਸੀ। ਕਵਿਤਾ ਨਾਲ ਉਸ ਦਾ ਬਹੁਤ ਤੇਹ ਹੈ, ਤੇ ਉਹ ਵੀ ਤਿੰਨਾਂ ਭਾਸ਼ਾਵਾਂ ਦੀ ਕਵਿਤਾ ਵਿੱਚ; ਅੰਗਰੇਜ਼ੀ ਵਿੱਚ ਐਲੀਅਟ ਅਤੇ ਮੈਕਨੀਸ, ਫਰੈਂਚ ਵਿੱਚ ਮਲਾਰਮੇ ਅਤੇ ਬੰਗਾਲੀ ਵਿੱਚ ਟੈਗੋਰ ਅਤੇ ਜੀਬਨਾਨੰਦ ਦਾਸ।
ਆਪਣੇ ਮਿਜ਼ਾਜ ਦੇ ਮੱਦੇਨਜ਼ਰ, ਆਂਦਰੇ ਬੇਤਈ ਦਾ ਖ਼ਿਆਲ ਹੈ ਕਿ ਮੈਂ ਜਨਤਕ ਖੇਤਰ ਵਿੱਚ ਕਾਫ਼ੀ ਸਰਗਰਮ ਰਿਹਾ ਹਾਂ, ਇੰਨੀਆਂ ਜ਼ਿਆਦਾ ਮੁਲਾਕਾਤਾਂ ਕਰਨੀਆਂ, ਅਕਸਰ ਟੈਲੀਵਿਜ਼ਨ ’ਤੇ ਨਜ਼ਰ ਆਉਂਦੇ ਰਹਿਣਾ ਅਤੇ ਫਜ਼ੂਲ ਦੇ ਪੁਆੜਿਆਂ ਵਿੱਚ ਘਿਰੇ ਰਹਿਣਾ। 2012 ਦੀਆਂ ਗਰਮੀਆਂ ਵਿੱਚ ਮੇਰੇ ਨਾਲ ਇੱਕ ਸੜਕ ਹਾਦਸਾ ਹੋ ਗਿਆ ਸੀ ਜਿਸ ਵਿੱਚ ਮੇਰੀਆਂ ਕਈ ਥਾਵਾਂ ਤੋਂ ਹੱਡੀਆਂ ਟੁੱਟ ਗਈਆਂ ਸਨ ਅਤੇ ਇਲਾਜ ਲਈ ਕਈ ਮਹੀਨੇ ਮੈਨੂੰ ਬਿਸਤਰੇ ’ਤੇ ਲੇਟਣਾ ਪਿਆ ਸੀ। ਹਾਦਸੇ ਦੀ ਖ਼ਬਰ ਸੁਣ ਕੇ ਉਸ ਨੇ ਮੈਨੂੰ ਲਿਖਿਆ: ‘ਮੇਰਾ ਖ਼ਿਆਲ ਹੈ ਕਿ ਇਹ ਹਾਦਸਾ ਤੁਹਾਡੇ ਲਈ ਗੁੱਝੇ ਰੂਪ ਵਿੱਚ ਇੱਕ ਵਰਦਾਨ ਬਣ ਕੇ ਆਇਆ ਹੈ’। ਉਸ ਨੇ ਈ-ਮੇਲ ਵਿੱਚ ਅਗਾਂਹ ਲਿਖਿਆ:
‘ਮੈਨੂੰ ਅਜਿਹਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ ਕਿ ਇਸ ਨਾਲ ਤੁਹਾਡੀ ਲੇਖਣੀ ’ਤੇ ਕੋਈ ਮਾੜਾ ਪ੍ਰਭਾਵ ਪਵੇਗਾ। ਦਰਅਸਲ, ਇਸ ਦਾ ਤੁਹਾਨੂੰ ਇਹ ਲਾਭ ਹੋਵੇਗਾ ਕਿ ਤੁਹਾਡਾ ਤੋਰਾ ਫੇਰਾ ਅਤੇ ਭਾਸ਼ਣਾਂ ਦੇ ਦੌਰ ਘਟ ਜਾਣਗੇ ਅਤੇ ਤੁਸੀਂ ਸੋਚਣ ਤੇ ਲਿਖਣ ਉਪਰ ਜ਼ਿਆਦਾ ਧਿਆਨ ਕੇਂਦਰਿਤ ਕਰ ਸਕੋਗੇ। ਮੇਰਾ ਖ਼ਿਆਲ ਹੈ ਕਿ ਤੁਹਾਡਾ ਤੋਰਾ ਫੇਰਾ ਅਤੇ ਫਜ਼ੂਲ ਦੇ ਕੰਮ ਆਪਣੇ ਲਿਖਣ ਕਾਰਜ ਨਾਲੋਂ ਬਹੁਤ ਜ਼ਿਆਦਾ ਹਨ। ਤੁਹਾਡੇ ਮੱਦਾਹ ਚਚੇਰ (ਇਤਿਹਾਸਕਾਰ ਧਰਮਾਕੁਮਾਰ) ਮੈਨੂੰ ਦੱਸਦੇ ਰਹੇ ਹਨ ਕਿ ਮੈਂ ਬਹੁਤ ਜ਼ਿਆਦਾ ਅਨੁਸ਼ਾਸਿਤ ਰਿਹਾ ਹਾਂ ਅਤੇ ਮੇਰੀ ਕਲਪਨਾਸ਼ੀਲਤਾ ਬਹੁਤ ਘੱਟ ਹੈ। ਮੇਰਾ ਵਾਕਈ ਖ਼ਿਆਲ ਹੈ ਕਿ ਤੁਹਾਨੂੰ ਆਪਣੀ ਸੋਚ ਅਤੇ ਲਿਖਤਾਂ ਵਿੱਚ ਥੋੜ੍ਹੇ ਜ਼ਿਆਦਾ ਅਨੁਸ਼ਾਸਨ ਦੀ ਲੋੜ ਹੈ ਅਤੇ ਇਹ ਤਾਂ ਹੀ ਆ ਸਕਦਾ ਹੈ ਜੇ ਤੁਸੀਂ ਇੱਕ ਜਗ੍ਹਾ ਟਿਕ ਕੇ ਬੈਠੋਗੇ ਅਤੇ ਸੋਚੋਗੇ ਤੇ ਲਿਖੋਗੇ।’
ਆਂਦਰੇ ਵੱਲੋਂ ਮੇਰੇ ਇੱਕ ਪੱਤਰ ਦਾ ਹਵਾਲਾ ਦੇਣ ਤੋਂ ਬਾਅਦ, ਮੈਨੂੰ ਹੁਣ ਮੇਰੇ ਵੱਲੋਂ ਉਸ ਨੂੰ ਇੱਕ ਪੱਤਰ ਦਾ ਹਵਾਲਾ ਦੇਣ ਦਿਓ। ਕੁਝ ਸਾਲ ਪਹਿਲਾਂ, ਮੈਂ ਬੰਗਲੌਰ ਵਿੱਚ ਉੱਘੀ ਹਸਤੀ ਮਾਰਕ ਟਲੀ ਨੂੰ ਮਿਲਿਆ ਜਿਸ ਨੇ ਉਪ-ਮਹਾਂਦੀਪ ਵਿੱਚ ਜ਼ਿੰਦਗੀ ਬਿਤਾਈ ਹੈ, ਜ਼ਿਆਦਾਤਰ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਲਈ ਕੰਮ ਕੀਤਾ ਹੈ। ‘ਟਲੀ ਨੇ ਪੁੱਛਿਆ ਸੀ ਕਿ ਕੀ ਮੈਂ ਤੁਹਾਨੂੰ ਜਾਣਦਾ ਹਾਂ’, ਮੈਂ ਆਂਦਰੇ ਨੂੰ ਲਿਖਿਆ ਅਤੇ ਕਿਹਾ ਕਿ ਉਸ ਨੇ ਕਈ ਸਾਲ ਪਹਿਲਾਂ ਬੀਬੀਸੀ ਦੇ ਕਿਸੇ ਪ੍ਰੋਗਰਾਮ ਲਈ ਤੁਹਾਡੇ ਨਾਲ ਇੱਕ ਲੰਮੀ ਇੰਟਰਵਿਊ ਕੀਤੀ ਸੀ। ਉਹ ਤੁਹਾਨੂੰ ਇੱਕ ਅਸਲੀ ਵਿਦਵਾਨ ਵਜੋਂ ਯਾਦ ਕਰਦਾ ਹੈ। ਉਸ ਨੇ ਕਿਹਾ ਸੀ ਉਹ ਰੇਡੀਓ ਪੱਤਰਕਾਰੀ ਨੂੰ ਪ੍ਰਿੰਟ ਪੱਤਰਕਾਰੀ ਨਾਲੋਂ ਕਮਤਰ ਸਮਝਦਾ ਸੀ ਅਤੇ ਪ੍ਰਿੰਟ ਪੱਤਰਕਾਰੀ ਨੂੰ ਵਿਦਵਤਾ ਨਾਲੋਂ ਘੱਟ ਸਮਝਦਾ ਸੀ। ਬੇਸ਼ੱਕ, ਤੁਸੀਂ ਦੋਵੇਂ ਪੱਖਾਂ ’ਤੇ ਸਹੀ ਹੋ!’
ਉਸ ਦੇ ਆਲੋਚਕਾਂ ਨੇ ਕਈ ਵਾਰ ਸ਼ਿਕਾਇਤ ਕੀਤੀ ਸੀ ਕਿ ਆਂਦਰੇ ਬੇਤਈ ਕੋਲ ਇੱਕ ਹੀ ਵਿਸ਼ਾ ਸੀ। ਹਾਲਾਂਕਿ, ਇਹ ਇੱਕ ਬਹੁਤ ਹੀ ਸਮਰੱਥ ਵਿਸ਼ਾ ਸੀ, ਸ਼ਾਇਦ ਸਭ ਤੋਂ ਮਹੱਤਵਪੂਰਨ ਵੀ, ਭਾਵ ਸਮਾਜਿਕ ਨਾਬਰਾਬਰੀ ਦਾ ਪੈਦਾ ਹੋਣਾ ਅਤੇ ਵਧਣਾ। ਉਸ ਨੇ ਇੱਕ ਤਾਮਿਲ ਪਿੰਡ ਵਿੱਚ ਜਾਤ, ਖੇਤੀਬਾੜੀ ਦੇ ਜਮਾਤੀ ਢਾਂਚੇ, ਪੂਰਬ ਅਤੇ ਪੱਛਮ ਵਿੱਚ ਅਸਮਾਨਤਾ ਦੇ ਤੁਲਨਾਤਮਕ ਵਿਸ਼ਲੇਸ਼ਣ, ਪੱਛੜੀਆਂ ਸ਼੍ਰੇਣੀਆਂ ਦੇ ਉਭਾਰ, ਸਮਾਜਿਕ ਨਿਆਂ ਦੇ ਦਾਅਵਿਆਂ ਅਤੇ ਸੰਸਥਾਗਤ ਦਿਆਨਤਦਾਰੀ ਦੇ ਦਾਅਵਿਆਂ ਵਿੱਚ ਤਣਾਅ ਬਾਰੇ ਕਿਤਾਬਾਂ ਲਿਖੀਆਂ ਹਨ। ਸਿਰਫ਼ ਆਰਥਿਕ ਕਾਰਕਾਂ ਦੇ ਆਧਾਰ ’ਤੇ ਸਰਲੀਕਰਨ ਦੇ ਰੂਪ ਵਿੱਚ ਦੇਖਣ ਦੀ ਬਜਾਏ, ਉਸ ਨੇ ਹੈਸੀਅਤ ਅਤੇ ਸ਼ਕਤੀ ਦੇ ਪਾਸਾਰਾਂ ਦਾ ਵੀ ਅਧਿਐਨ ਕੀਤਾ ਹੈ।
ਆਂਦਰੇ ਬੇਤਈ ਦੀਆਂ ਲਿਖਤਾਂ ਹਾਲੇ ਵੀ ਪ੍ਰਸੰਗਕ ਹਨ। ਉਸ ਦੇ ਕਾਰਜ ਨਾਲ ਬਹੁਤਾ ਵਾਹ ਵਾਸਤਾ ਨਾ ਰੱਖਣ ਵਾਲੇ ਪਾਠਕਾਂ ਨੂੰ ਉਸ ਦੇ ਅਖ਼ਬਾਰੀ ਲੇਖਾਂ ‘ਕਰੋਨੀਕਲਜ਼ ਆਫ ਅਵਰ ਟਾਈਮਜ਼’ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ। ਜ਼ਿਆਦਾ ਵਿਦਵਾਨੀ ਝੁਕਾਅ ਰੱਖਣ ਵਾਲੇ ਹਥਲੀਆਂ ਕਿਤਾਬਾਂ ’ਚੋਂ ਕੁਝ ਪੜ੍ਹ ਸਕਦੇ ਹਨ: ਕਾਸਟ, ਕਲਾਸ ਐਂਡ ਪਾਵਰ; ਸੁਸਾਇਟੀ ਐਂਡ ਪਾਲਿਟਿਕਸ ਇਨ ਇੰਡੀਆ; ਅਤੇ ਦਿ ਆਈਡਿਆ ਆਫ ਨੇਚੁਰਲ ਇਨਇਕੁਐਲਿਟੀ ਅਤੇ ਅਦਰ ਐਸੇਜ਼। ਅਖੀਰ ਵਿੱਚ ਮੈਂ ਉਸ ਦੇ ਅਖ਼ਬਾਰੀ ਲੇਖਾਂ ਦੇ ਇੱਕ ਹੋਰ ਸੰਗ੍ਰਹਿ ਨੂੰ ਪੜ੍ਹਨ ਦੀ ਸਿਫ਼ਾਰਿਸ਼ ਵੀ ਕਰਾਂਗਾ ਜਿਸ ਦਾ ਸਿਰਲੇਖ ਹੈ ‘ਆਈਡਿਓਲੋਜੀ ਐਂਡ ਸੋਸ਼ਲ ਸਾਇੰਸ’।
ਈ-ਮੇਲ: ramachandraguha@yahoo.in

Advertisement

Advertisement