ਵਿਸ਼ਵਕਰਮਾ ਦਿਵਸ: ਕਿਰਤੀਆਂ ਵੱਲੋਂ ਔਜ਼ਾਰਾਂ ਦੀ ਪੂਜਾ
ਪੱਤਰ ਪ੍ਰੇਰਕ
ਫਗਵਾੜਾ, 13 ਨਵੰਬਰ
ਸ੍ਰੀ ਵਿਸ਼ਵਕਰਮਾ ਦਿਵਸ ਨੂੰ ਸਮਰਪਿਤ ਵਿਸ਼ਵਕਰਮਾ ਮੰਦਿਰ ਵਿੱਚ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਜ਼ਾਰ ਕਿਰਤੀਆਂ ਨੇ ਮੰਦਿਰ ’ਚ ਮੱਥਾ ਟੇਕਿਆ ਤੇ ਪੂਜਾ ’ਚ ਹਿੱਸਾ ਲਿਆ। ਧਾਰਮਿਕ ਸਮਾਗਮ ਮੌਕੇ ਭਜਨ ਮੰਡਲੀਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਪੁੱਜੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਸਾਬਕਾ ਕੇਂਦਰੀ ਮੰਤਰੀ ਵਜਿੈ ਸਾਂਪਲਾ, ਐਮ.ਪੀ. ਸੁਸ਼ੀਲ ਰਿੰਕੂ, ਅਸ਼ੋਕ ਮਿੱਤਲ, ਸਥਾਨ ਸਰਕਾਰ ਮੰਤਰੀ ਬਲਕਾਰ ਸਿੰਘ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਵਿਸ਼ਵਕਰਮਾ ਜੀ ਦੀ ਜੀਵਨੀ ’ਤੇ ਚਾਨਣਾ ਪਾਇਆ। ਅਸ਼ੋਕ ਮਿੱਤਲ ਨੇ ਮੰਦਿਰ ਲਈ 20 ਲੱਖ ਰੁਪਏ ਤੇ ਸੁਸ਼ੀਲ ਰਿੰਕੂ ਨੇ 5 ਲੱਖ ਰੁਪਏ ਵਿਕਾਸ ਲਈ ਦੇਣ ਦਾ ਐਲਾਨ ਕੀਤਾ। ਕਮੇਟੀ ਪ੍ਰਧਾਨ ਬਲਵੰਤ ਰਾਏ ਧੀਮਾਨ ਤੇ ਗੁਰਮੁੱਖ ਸਿੰਘ ਨਾਮਧਾਰੀ ਦੀ ਟੀਮ ਨੇ ਸਖਸ਼ੀਅਤਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ, ਸੰਤੋਸ਼ ਕੁਮਾਰ ਗੋਗੀ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਸ਼ਾਮਲ ਸਨ।
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਇੱਥੇ ਸੁਲਤਾਨਵਿੰਡ ਰੋਡ ਇਲਾਕੇ ’ਚ ਸਥਿਤ ਗੁਰਦੁਆਰਾ ਰਾਮਗੜ੍ਹੀਆ ਕੋਟ ਬਾਬਾ ਦੀਪ ਸਿੰਘ ਵਿਖੇ ਰਾਮਗੜ੍ਹੀਆ ਭਾਈਚਾਰਾ ਅੰਮ੍ਰਿਤਸਰ ਅਤੇ ਇਮਾਰਤੀ ਕਾਰਕੁਨ (ਬਿਲਡਰਜ਼) ਕਮੇਟੀ ਵਲੋਂ ਸਾਂਝੇ ਤੌਰ ’ਤੇ ਵਿਸ਼ਵਕਰਮਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਸਮਾਗਮ ਦੌਰਾਨ ਮਨਜੀਤ ਸਿੰਘ ਮੰਜ਼ਿਲ ਪ੍ਰਧਾਨ ਰਾਮਗੜ੍ਹੀਆ ਭਾਈਚਾਰਾ ਅੰਮ੍ਰਿਤਸਰ ਅਤੇ ਅਮਰ ਸਿੰਘ ਸੋਖੀ ਪ੍ਰਧਾਨ ਇਮਾਰਤੀ ਕਾਰਕੁਨ (ਬਿਲਡਰਜ਼) ਕਮੇਟੀ ਨੇ ਹਾਜ਼ਰ ਸੰਗਤਾਂ ਨੂੰ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ। ਇਸੇ ਤਰਾਂ ਸ਼ਹਿਰ ਦੀਆਂ ਹੋਰ ਸੁਸਾਇਟੀਆਂ ਵਲੋਂ ਵੀ ਵਿਸ਼ਵਕਰਮਾ ਦਿਵਸ ਮਨਾਇਆ ਗਿਆ।
ਪਠਾਨਕੋਟ (ਪੱਤਰ ਪ੍ਰੇਰਕ): ਇੱਥੇ ਵਿਸ਼ਵਕਰਮਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਕਾਰੀਗਰਾਂ, ਮਜ਼ਦੂਰਾਂ, ਸ਼ਿਲਪਕਾਰਾਂ, ਦਸਤਕਾਰਾਂ ਅਤੇ ਹੱਥੀਂ ਕੰਮ ਕਰਨ ਵਾਲਿਆਂ ਨੇ ਆਪਣੇ ਔਜ਼ਾਰਾਂ ਦੀ ਪੂਜਾ ਕਰਕੇ ਸਾਰਾ ਦਿਨ ਆਪਣੇ ਅਦਾਰੇ ਬੰਦ ਰੱਖੇ ਅਤੇ ਭਗਵਾਨ ਵਿਸ਼ਵਕਰਮਾ ਦੀ ਅਰਾਧਨਾ ਕੀਤੀ। ਸਥਾਨਕ ਵਿਸ਼ਵਕਰਮਾ ਮੰਦਰ ਵਿੱਚ ਹਵਨ ਯੱਗ ਕੀਤਾ ਗਿਆ ਅਤੇ ਝੰਡਾ ਲਹਿਰਾਇਆ ਗਿਆ। ਮੁੱਖ ਮਹਿਮਾਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਹਵਨ ਯੱਗ ਵਿੱਚ ਅਹੂਤੀਆਂ ਪਾਈਆਂ। ਇਸ ਮੌਕੇ ਸਾਬਕਾ ਵਿਧਾਇਕ ਅਸ਼ੋਕ ਸ਼ਰਮਾ, ਹਿੰਦੂ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ, ਭਾਜਪਾ ਦੇ ਪ੍ਰਦੇਸ਼ ਸਕੱਤਰ ਰਾਕੇਸ਼ ਸ਼ਰਮਾ, ਮਨਪ੍ਰੀਤ ਸਾਹਨੀ ਤੇ ਵਿਕਾਸ ਮੰਚ ਦੇ ਨਰਿੰਦਰ ਕਾਲਾ ਆਦਿ ਹਾਜ਼ਰ ਸਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਧਾਰਮਿਕ ਸਮਾਗਮ ਦੌਰਾਨ ਸਾਰਿਆਂ ਨੂੰ ਭਗਵਾਨ ਵਿਸ਼ਵਕਰਮਾ ਦੇ ਆਦਰਸ਼ਾਂ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ।
ਇਸ ਉਪਰੰਤ ਵਿਸ਼ਵਕਰਮਾ ਸਭਾ ਵੱਲੋਂ ਸ਼ਹਿਰ ਅੰਦਰ ਇੱਕ ਸ਼ੋਭਾ ਯਾਤਰਾ ਵੀ ਕੱਢੀ ਗਈ। ਜਿਸ ਵਿੱਚ ਭਗਵਾਨ ਵਿਸ਼ਵਕਰਮਾ ਦੇ ਆਦਮ ਕੱਦ ਚਿੱਤਰ ਨੂੰ ਇੱਕ ਖੁੱਲ੍ਹੀ ਪਾਲਕੀ ਵਿੱਚ ਫੁੱਲਾਂ ਦੇ ਹਾਰਾਂ ਨਾਲ ਸਜਾ ਰੱਖਿਆ ਸੀ ਤੇ ਪਿੱਛੇ ਔਰਤਾਂ ਦਾ ਜੱਥਾ ਭਜਨਾਂ ਦਾ ਗੁਣਗਾਨ ਕਰਦਾ ਚੱਲ ਰਿਹਾ ਸੀ। ਰਾਹ ਵਿੱਚ ਸ਼ਰਧਾਲੂਆਂ ਵੱਲੋਂ ਜਗ੍ਹਾ-ਜਗ੍ਹਾ ਖਾਣ-ਪੀਣ ਦੀਆਂ ਚੀਜ਼ਾਂ ਦੇ ਸਟਾਲ ਲਗਾਏ ਹੋਏ ਸਨ।
ਬਜਿਲੀ ਮੰਤਰੀ ਵੱਲੋਂ ਭਾਈਚਾਰਕ ਸਾਂਝ ਦੀ ਅਪੀਲ
ਅੰਮ੍ਰਿਤਸਰ (ਪੱਤਰ ਪ੍ਰੇਰਕ): ਰਾਸ਼ਟਰੀ ਬਿਹਾਰ ਵਿਕਾਸ ਮੰਚ ਵੱਲੋਂ ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਜੀ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਾਚੀਨ ਗ੍ਰੰਥਾਂ ਵਿੱਚ ਬਾਬਾ ਵਿਸ਼ਵਕਰਮਾ ਬਾਰੇ ਵਰਣਨ ਹੈ ਕਿ ਉਨ੍ਹਾਂ ਸ੍ਰਿਸ਼ਟੀ ਦੀ ਰਚਨਾ ਵਿਚ ਤਕਨੀਕ ਨੂੰ ਸ਼ਾਮਲ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਦੇ ਹੋਏ ਅਜਿਹੇ ਮਹਾਂਪੁਰਖਾਂ ਦੇ ਜਨਮ ਦਿਵਸ, ਗੁਰਪੁਰਬ ਆਦਿ ਤਿਉਹਾਰ ਰਲ ਮਿਲ ਕਿ ਮਨਾਉਣੇ ਚਾਹੀਦੇ ਹਨ।