ਵਿਸ਼ਵਕਰਮਾ ਦਿਵਸ ਧੂਮ-ਧਾਮ ਨਾਲ ਮਨਾਇਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਨਵੰਬਰ
ਦਿੱਲੀ ਸਣੇ ਐੱਨਸੀਆਰ ਵਿੱਚ ਵਿਸ਼ਵਕਰਮਾ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਰਾਮਗੜ੍ਹੀਆ ਭਾਈਚਾਰੇ ਵੱਲੋਂ ਸੰਸਥਾਵਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਦਿੱਲੀ ਤੋਂ ਇਲਾਵਾ ਫਰੀਦਾਬਾਦ, ਗਾਜ਼ੀਆਬਾਦ, ਪਾਣੀਪਤ ਵਿੱਚ ਵੀ ਵਿਸ਼ਵਕਰਮਾ ਦਿਵਸ ਮਨਾਇਆ ਗਿਆ। ਦਿੱਲੀ ਵਿੱਚ ਹਰੀ ਨਗਰ ਦੇ ‘ਬੀ’ ਬਲਾਕ ਗੁਰਦੁਆਰੇ ਵਿੱਚ ਸਥਾਨਕ ਸੰਗਤ ਨੇ ਵਿਸ਼ਵਕਰਮਾ ਦਿਵਸ ਨੂੰ ਸ਼ਰਧਾ ਨਾਲ ਮਨਾਇਆ। ਕੀਰਤਨ ਪ੍ਰਵਾਹ ਚੱਲਿਆ ਅਤੇ ਗੁਰਬਾਣੀ ਜਸ ਗਾਇਆ ਗਿਆ। ਇਸ ਇਲਾਕੇ ਵਿੱਚ ਰਾਮਗੜ੍ਹੀਆ ਭਾਈਚਾਰੇ ਦੀ ਖਾਸੀ ਵਸੋਂ ਹੈ। ਇਸ ਦੌਰਾਨ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਵੱਲੋਂ ਸ਼ਿਰਕਤ ਕੀਤੀ ਗਈ।
ਰਾਜੌਰੀ ਗਾਰਡਨ ਸਿੰਘ ਸਭਾ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਦਿੱਲੀ ਦੇ ਸਨਅਤੀ ਖੇਤਰ ਵਿੱਚ ਸਿੱਖ ਭਾਈਚਾਰੇ ਦੇ ਯੋਗਦਾਨ ਲਈ ਰਾਮਗੜ੍ਹੀਆ ਭਾਈਚਾਰੇ ਨੂੰ ਸਿਹਰਾ ਬੰਨ੍ਹਣਾ ਬਣਦਾ ਹੈ ਕਿਉਂਕਿ ਰਾਮਗੜ੍ਹੀਆ ਭਾਈਚਾਰੇ ਦੇ ਆਗੂਆਂ ਨੇ ਛੋਟੀ ਪੱਧਰ ਤੋਂ ਸ਼ੁਰੂਆਤ ਕਰਕੇ ਹੁਣ ਨਾਮੀ ਕੰਪਨੀਆਂ ਸਥਾਪਤ ਕੀਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਆਗੂ ਰਣਜੀਤ ਕੌਰ (ਮੁਖੀ ਰਾਮਗੜ੍ਹੀਆ ਬੈਂਕ) ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਿੱਖਾਂ ਦੇ ਨਵੰਬਰ 1984 ਵਿੱਚ ਕਤਲੇਆਮ ਦੌਰਾਨ ਰਾਮਗੜ੍ਹੀਆ ਭਾਈਚਾਰੇ ਦੀਆਂ ਸਨਅਤਾਂ ਬਰਬਾਦ ਹੋ ਗਈਆਂ ਸਨ ਪਰ ਉਨ੍ਹਾਂ ਮੁੜ ਮਿਹਨਤ ਕਰਕੇ ਖੁਦ ਨੂੰ ਸਥਾਪਤ ਕੀਤਾ। ਪੰਜਾਬੀ ਅਕਾਦਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਰਹੇ ਜਗਤਾਰ ਸਿੰਘ ਢੁਡੀਕੇ ਤੇ ਮੰਗਲ ਸਿੰਘ (ਸਿੰਘ ਸਭਾ ਪ੍ਰਧਾਨ ਪ੍ਰੀਤ ਵਿਹਾਰ) ਨੇ ਕਿਹਾ ਕਿ ਗਿਆਨੀ ਜ਼ੈਲ ਸਿੰਘ ਨੇ ਦਿੱਲੀ ਵਿੱਚ ਸਿੱਖਾਂ ਨੂੰ ਵੱਡੀਆਂ ਸਨਅਤਾਂ ਸਥਾਪਤ ਕਰਨ ਲਈ ਪ੍ਰੇਰਿਤ ਕੀਤਾ ਸੀ। ਇਸ ਦੌਰਾਨ ਵੱਖ-ਵੱਖ ਸੰਸਥਾਵਾਂ ਵਿੱਚ ਸਮਾਗਮ ਮਗਰੋਂ ਅਤੁੱਟ ਲੰਗਰ ਵਰਤਿਆ।