ਵੀਜ਼ਾ ਮੁਅੱਤਲੀ: ਭਾਰਤੀ ਮੂਲ ਦੇ ਨਾਗਰਿਕਾਂ ਦੀ ਘਰ ਵਾਪਸੀ ਔਖੀ ਹੋਈ
ਹਤਿੰਦਰ ਮਹਿਤਾ
ਜਲੰਧਰ, 21 ਸਤੰਬਰ
ਭਾਰਤ ਸਰਕਾਰ ਵੱਲੋਂ ਕੈਨੇਡਾ ਵਿੱਚ ਵੀਜ਼ਾ ਸੇਵਾਵਾਂ ਮੁਅੱਤਲ ਕਰਨ ਦੇ ਐਲਾਨ ਮਗਰੋਂ ਭਾਰਤੀ-ਕੈਨੇਡੀਅਨ ਭਾਈਚਾਰਾ ਨਿਰਾਸ਼ ਹੈ। ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਨੂੰ ਭਾਰਤ ਵਿੱਚ ਵਾਪਸ ਆਉਣ ਦਾ ਡਰ ਸਤਾਉਣ ਲੱਗਿਆ ਹੈ। ਉਧਰ, ਆਉਣ ਵਾਲੇ ਮਹੀਨਿਆਂ ਵਿੱਚ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਸੰਭਾਵੀ ਵਿਦਿਆਰਥੀ ਵੀ ਚਿੰਤਾ ਵਿੱਚ ਹਨ। 2021 ਦੀ ਕੈਨੇਡੀਅਨ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਭਾਰਤੀ ਮੂਲ ਦੇ ਵਿਅਕਤੀ ਦੇਸ਼ ਦੀ ਆਬਾਦੀ ਦਾ ਲਗਪਗ 3.7 ਫ਼ੀਸਦ ਬਣਦੇ ਹਨ, ਜਦਕਿ ਸਿੱਖ-ਕੈਨੇਡੀਅਨ ਲਗਪਗ 2 ਫ਼ੀਸਦ ਬਣਦੇ ਹਨ। ਇਸ ਤੋਂ ਇਲਾਵਾ, ਕੈਨੇਡਾ ਵਿਚ ਲਗਪਗ 8,00,000 ਦਾਖ਼ਲ ਹੋਏ ਕੌਮਾਂਤਰੀ ਵਿਦਿਆਰਥੀਆਂ ਦੀ ਇੱਕ ਮਹੱਤਵਪੂਰਨ ਗਿਣਤੀ ਹੈ। ਕੈਨੇਡਾ ਦੇ ਅੰਕੜਿਆਂ ਅਨੁਸਾਰ, ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਵਾਲੇ ਇਨ੍ਹਾਂ ਕੌਮਾਂਤਰੀ ਪਾੜ੍ਹਿਆਂ ਵਿੱਚੋਂ 40 ਫ਼ੀਸਦ ਭਾਰਤ ਤੋਂ ਹਨ। ਕੈਨੇਡਾ ਅਤੇ ਪੰਜਾਬ ਦੋਵਾਂ ਵਿੱਚ ਇਮੀਗ੍ਰੇਸ਼ਨ ਏਜੰਟ ਵਰਤਮਾਨ ਘਟਨਾਵਾਂ ਦੇ ਮੱਦੇਨਜ਼ਰ ਕਈ ਸਵਾਲ ਖੜ੍ਹੇ ਕਰ ਰਹੇ ਹਨ। ਜਲੰਧਰ ਦੇ ਇਮੀਗ੍ਰੇਸ਼ਨ ਏਜੰਟ ਮਨਦੀਪ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਲੋਕ ਰਵਾਇਤੀ ਤੌਰ ’ਤੇ ਨਵੰਬਰ ਅਤੇ ਜਨਵਰੀ ਦੇ ਵਿਚਕਾਰ ਵਿਆਹਾਂ ਅਤੇ ਡਾਕਟਰੀ ਇਲਾਜ ਆਦਿ ਲਈ ਭਾਰਤ ਆਉਂਦੇ ਹਨ। ਪੰਜਾਬ ਦੀ ਇੱਕ ਵਿਦਿਆਰਥਣ ਮਨਪ੍ਰੀਤ ਕੌਰ, ਜੋ ਕਿ ਇਸ ਸਮੇਂ ਟੋਰਾਂਟੋ ਵਿੱਚ ਵਰਕ ਪਰਮਿਟ ’ਤੇ ਹੈ, ਨੇ ਕਿਹਾ ਕਿ ਉਸ ਦੀ ਭਰਜਾਈ, ਕੈਨੇਡੀਅਨ ਨਾਗਰਿਕ ਹੈ, ਅਗਲੇ ਮਹੀਨੇ ਉਨ੍ਹਾਂ ਦੇ ਘਰ ਬੱਚਾ ਹੋਣਾ ਹੈ। ਉਸ ਦੀ ਮਾਤਾ ਕੈਨੇਡਾ ਆਉਣ ਦੀ ਯੋਜਨਾ ਬਣਾ ਰਹੇ ਸਨ।