ਵੀਜ਼ਾ ਸੈਂਟਰ ਨੂੰ ਖ਼ਪਤਕਾਰਾਂ ਦੇ 18 ਲੱਖ ਰੁਪਏ ਸਮੇਤ ਵਿਆਜ ਵਾਪਸ ਕਰਨ ਦੇ ਹੁਕਮ
ਜਸਵੰਤ ਜੱਸ
ਫਰੀਦਕੋਟ, 22 ਨਵੰਬਰ
ਖ਼ਪਤਕਾਰ ਕਮਿਸ਼ਨ ਫਰੀਦਕੋਟ ਨੇ ਤਿੰਨ ਖ਼ਪਤਕਾਰਾਂ ਵੱਲੋਂ ਖ਼ਪਤਕਾਰ ਕਮਿਸ਼ਨ ਸਾਹਮਣੇ ਦਿੱਤੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਦਿਆਂ ਕਮਿਸ਼ਨ ਦੇ ਚੇਅਰਮੈਨ ਰਾਕੇਸ਼ ਕੁਮਾਰ ਸਿੰਗਲਾ ਅਤੇ ਮੈਂਬਰ ਪਰਮਪਾਲ ਕੌਰ ਨੇ ਚੰਡੀਗੜ੍ਹ ਦੇ ਵੈਸਟ ਇਮੀਗਰੇਸ਼ਨ ਸੈਂਟਰ ਨੂੰ ਆਦੇਸ਼ ਦਿੱਤੇ ਹਨ ਕਿ ਉਹ ਖ਼ਪਤਕਾਰਾਂ ਦੇ 18 ਲੱਖ ਰੁਪਏ ਸਮੇਤ 6 ਪ੍ਰਤੀ ਵਿਆਜ 45 ਦਿਨਾਂ ਦੇ ਅੰਦਰ-ਅੰਦਰ ਵਾਪਸ ਕਰੇ ਅਤੇ ਇਸ ਦੇ ਨਾਲ ਹੀ ਹਰੇਕ ਖਪਤਕਾਰ ਨੂੰ 5000 ਰੁਪਏ ਮੁਆਵਜ਼ੇ ਵਜੋਂ ਵੀ ਅਦਾ ਕਰੇ। ਜਾਣਕਾਰੀ ਅਨੁਸਾਰ ਕ੍ਰਿਸ਼ਨ ਸਿੰਘ, ਮੀਨਾ ਕੌਰ ਅਤੇ ਸਤਪਾਲ ਨੇ ਕੈਨੇਡਾ ਵਿੱਚ ਪੱਕੀ ਰਿਹਾਇਸ਼ ਦਾ ਵੀਜ਼ਾ ਲੈਣ ਲਈ ਵੈਸਟ ਇਮੀਗਰੇਸ਼ਨ ਸੈਂਟਰ ਚੰਡੀਗੜ੍ਹ ਨੂੰ ਫਰਵਰੀ 2023 ਵਿੱਚ 18 ਲੱਖ ਰੁਪਏ ਦਿੱਤੇ ਸਨ ਅਤੇ ਵੀਜ਼ਾ ਸੈਂਟਰ ਦੇ ਅਧਿਕਾਰੀਆਂ ਨੇ 90 ਦਿਨਾਂ ਵਿੱਚ ਕੈਨੇਡਾ ਦਾ ਵੀਜ਼ਾ ਲਗਵਾਉਣ ਦਾ ਭਰੋਸਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਕਿਸੇ ਵੀ ਖਪਤਕਾਰ ਦਾ ਵੀਜ਼ਾ ਨਹੀਂ ਲੱਗਾ ਅਤੇ ਨਾ ਹੀ ਉਨ੍ਹਾਂ ਦੀ ਪੈਸੇ ਵਾਪਸ ਕੀਤੇ। ਖਪਤਕਾਰ ਕ੍ਰਿਸ਼ਨ ਸਿੰਘ, ਮੀਨਾ ਰਾਣੀ ਅਤੇ ਸਤਪਾਲ ਨੇ ਆਪਣੇ ਵਕੀਲ ਅਮਿਤ ਮਿੱਤਲ ਰਾਹੀਂ ਅਦਾਲਤ ਵਿੱਚ ਲਿਖਤੀ ਸ਼ਿਕਾਇਤ ਕੀਤੀ ਸੀ। ਖ਼ਪਤਕਾਰ ਕਮਿਸ਼ਨ ਦੇ ਪ੍ਰਧਾਨ ਰਕੇਸ਼ ਕੁਮਾਰ ਸਿੰਗਲਾ ਅਤੇ ਮੈਂਬਰ ਪਰਮਪਾਲ ਕੌਰ ਨੇ ਆਪਣੇ ਹੁਕਮ ਵਿੱਚ ਇਮੀਗਰੇਸ਼ਨ ਨੂੰ ਆਦੇਸ਼ ਦਿੱਤੇ ਹਨ ਕਿ ਉਹ ਤਿੰਨਾਂ ਖ਼ਪਤਕਾਰਾਂ ਦੇ 18 ਲੱਖ ਰੁਪਏ 45 ਦਿਨਾਂ ਵਿੱਚ ਸਮੇਤ ਵਿਆਜ ਵਾਪਸ ਕਰੇ।