ਪ੍ਰਧਾਨ ਮੰਤਰੀ ਵੱਲੋਂ ਬਠਿੰਡਾ ਏਮਸ ਦਾ ਵਰਚੁਅਲੀ ਉਦਘਾਟਨ
ਪੱਤਰ ਪ੍ਰੇਰਕ
ਬਠਿੰਡਾ, 25 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਜਕੋਟ ਗੁਜਰਾਤ ਵਿਖੇ ਰੱਖੇ ਗਏ ਸਮਾਗਮ ਵਿੱਚ ਵਰਚੁਅਲ ਮੋਡ ਰਾਹੀਂ ਅੱਜ ਬਠਿੰਡਾ ਏਮਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਬਠਿੰਡਾ ਏਮਸ ਵਿੱਚ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪੁੱਜੇ। ਸਮਾਗਮ ਵਿਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਹਰਦੀਪ ਪੁਰੀ, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਹੋਰ ਭਾਜਪਾ ਆਗੂਆਂ ਸਮੇਤ ਏਮਸ ਬਠਿੰਡਾ ਦੇ ਡਾਇਰੈਕਟਰ ਡਾ. ਡੀਕੇ ਸਿੰਘ ਵੀ ਮੌਜੂਦ ਰਹੇ। ਇਸ ਮੌਕੇ ਭਾਜਪਾ ਨਾਲ ਸਬੰਧਤ ਬੁਲਾਰਿਆਂ ਨੇ ਏਮਸ ਬਠਿੰਡਾ ਨੂੰ ਮੈਡੀਕਲ ਕ੍ਰਾਂਤੀ ਦਾ ਹੱਬ ਦੱਸਦਿਆਂ ਕਿਹਾ ਕਿ ਬਠਿੰਡਾ ਏਮਸ ਵਿੱਚ ਸਹੂਲਤਾਂ ਦੇ ਨਾਲ ਨਾਲ ਮੈਡੀਕਲ ਖੇਤਰ ’ਚ ਵਿਦਿਆਰਥੀ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੇ ਮੌਕੇ ਮਿਲਣਗੇ। ਬੀਬੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਏਮਸ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਕਰਾਰ ਦਿੰਦਿਆਂ ਕਿਹਾ ਕਿ ਇਸ ਦਾ ਪੰਜਾਬ ਨੂੰ ਨਹੀਂ, ਸਗੋਂ ਗੁਆਂਢੀ ਰਾਜਾਂ ਨੂੰ ਵੀ ਫਾਇਦਾ ਹੋ ਰਿਹਾ ਹੈ। ਉਨ੍ਹਾਂ ਬਠਿੰਡਾ ਏਮਸ ਲਈ ਰਹਿੰਦੀਆਂ ਸਿਹਤ ਸਹੂਲਤਾਂ ਦਾ ਜ਼ਿਕਰ ਕਰਦਿਆਂ ਵੱਡੇ ਆਈਸੀਯੂ ਸਮੇਤ ਟਰੋਮਾ ਸੈਂਟਰ ਦੀ ਵੀ ਮੰਗ ਕੀਤੀ। ਉਨ੍ਹਾਂ ਕੇਂਦਰੀ ਵਜ਼ੀਰਾਂ ਨੂੰ ਮੁਖ਼ਾਤਬਿ ਹੁੰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ। ਇਸ ’ਤੇ ਭਾਜਪਾ ਦੇ ਵਰਕਰਾਂ ਵੱਲੋਂ ਕੁਰਸੀਆਂ ਤੋਂ ਉੱਠ ਕੇ ਬੀਬੀ ਬਾਦਲ ਦਾ ਵਿਰੋਧ ਕੀਤਾ ਗਿਆ। ਕੇਂਦਰੀ ਮੰਤਰੀਆਂ ਸੋਮ ਪ੍ਰਕਾਸ਼ ਅਤੇ ਹਰਦੀਪ ਪੂਰੀ ਵੱਲੋਂ ਵੀ ਬੀਬੀ ਬਾਦਲ ਦੇ ਬਿਆਨ ’ਤੇ ਤਰਾਜ਼ ਪ੍ਰਗਟ ਕੀਤਾ ਗਿਆ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਹੱਥ ਬੰਨ੍ਹ ਕੇ ਕਿਸਾਨਾਂ ਦਾ ਮਸਲਾ ਹੱਲ ਕਰਨ ਦੀ ਅਪੀਲ ਕੀਤੀ ਗਈ।
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਸੰਗਰੂਰ ਨੇੜੇ ਘਾਬਦਾਂ ਵਿਖੇ ਪੀਜੀਆਈ ਸੈਟੇਲਾਈਟ ਸੈਂਟਰ ਵਿਚ 300 ਬਿਸਤਰਿਆਂ ਵਾਲੇ ਕੇਂਦਰ ਨੂੰ ਵਰਚੁਅਲ ਤੌਰ ’ਤੇ ਲੋਕ ਅਰਪਣ ਕੀਤਾ ਗਿਆ। ਇਸ ਦੌਰਾਨ ਪੀਜੀਆਈ ਘਾਬਦਾਂ ਵਿਖੇ ਸੰਗਰੂਰ ਦੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ, ਸਾਬਕਾ ਸੰਸਦ ਮੈਂਬਰ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ, ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ, ਐਸਡੀਐਮ ਚਰਨਜੋਤ ਸਿੰਘ ਵਾਲੀਆ, ਆਦਰਸ਼ਪਾਲ ਕੌਰ ਡੀਐਚਐਸ ਪੰਜਾਬ, ਡਾ. ਕਿਰਪਾਲ ਸਿੰਘ ਸਿਵਲ ਸਰਜਨ ਸੰਗਰੂਰ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦੁਲਟ ਮੌਜੂਦ ਸਨ। ਇਸ ਮੌਕੇ ਪੀਜੀਆਈ ਐਮਈਆਰ ਕੇ ਨਿਰਦੇਸ਼ਕ ਵਿਵੇਕ ਲਾਲ ਨੇ ਕਿਹਾ ਕਿ ਪੀਜੀਆਈ ਦਾ 300 ਬਿਸਤਰਿਆਂ ਵਾਲਾ ਇਹ ਸੈਂਟਰ 25 ਏਕੜ ਖੇਤਰ ਵਿਚ ਬਣਿਆ ਹੈ ਜੋ ਕਿ ਸਿਹਤ ਸੰਭਾਲ ਨੂੰ ਪੂਰਾ ਕਰਨ ਲਈ ਆਧੁਨਿਕ ਸਹੂਲਤਾਂ ਨਾਲ ਲੈਸ ਹੈ। ਇਸ ਹਸਪਤਾਲ ਦੀ ਨੀਂਹ 2013 ਵਿੱਚ ਰੱਖੀ ਗਈ ਸੀ ਅਤੇ ਇਸ ਦੀ ਉਸਾਰੀ ਦੇ ਦੋ ਪੜਾਅ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੀਜੀਆਈ ਸੈਟੇਲਾਈਟ ਸੈਂਟਰ ਤੋਂ ਦਸੰਬਰ-2023 ਤੱਕ 3,61,127 ਤੋਂ ਵੱਧ ਮਰੀਜ਼ਾ ਨੇ ਓਪੀਡੀ ਸੇਵਾਵਾਂ ਦਾ ਲਾਭ ਉਠਾਇਆ ਹੈ।
ਫ਼ਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਬਣਨ ਵਾਲੇ ਪੀਜੀਆਈ ਸੈਟੇਲਾਈਟ ਸੈਂਟਰ ਦਾ ਵਰਚੁਲੀ ਉਦਘਾਟਨ ਗੁਜਰਾਤ ਦੇ ਰਾਜਕੋਟ ਸ਼ਹਿਰ ਤੋਂ ਜਨਤਾ ਦੇ ਨਾਮ ਸੰਦੇਸ਼ ਜਾਰੀ ਕਰਦੇ ਹੋਏ ਕੀਤਾ। ਕੇਂਦਰ ਸਰਕਾਰ ਵੱਲੋਂ ਸੌ ਬਿਸਤਰਿਆਂ ਵਾਲੇ ਇਸ ਸੈਟੇਲਾਈਟ ਸੈਂਟਰ ਤੇ 490.54 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਇਮਾਰਤ ਦਾ ਨਿਰਮਾਣ ਆਧੁਨਿਕ ਤਕਨੀਕ ਦੇ ਨਾਲ ਕਰੀਬ ਦੋ ਸਾਲ ਦੇ ਅੰਦਰ ਪੂਰਾ ਕੀਤਾ ਜਾਵੇਗਾ।
ਦੱਸਿਆ ਜਾਂਦਾ ਹੈ ਕਿ ਇਸ ਹਸਪਤਾਲ ਅੰਦਰ ਦਸ ਕਲੀਨਿਕਲ ਸਪੈਸ਼ਲਟੀ ਵਿਭਾਗਾਂ ਸਮੇਤ ਪੰਜ ਹੋਰ ਸਹਾਇਕ ਵਿਭਾਗ ਕੰਮ ਕਰਨਗੇ ਤੇ ਇਹ ਹਸਪਤਾਲ ਅਤਿ ਆਧੁਨਿਕ ਸਿਹਤ ਸਹੂਲਤਾਂ ਵਾਲੀਆਂ ਮਸ਼ੀਨਾਂ ਨਾਲ ਲੈਸ ਹੋਵੇਗਾ।
ਹਸਪਤਾਲ ਅੰਦਰ ਕਈ ਛੋਟੇ ਵੱਡੇ ਆਪਰੇਸ਼ਨ ਥੀਏਟਰ ਵੀ ਬਣਾਏ ਜਾਣਗੇ। ਸਰਹੱਦੀ ਖੇਤਰ ਵਿਚ ਬਣਨ ਜਾ ਰਹੇ ਇਸ ਪੀਜੀਆਈ ਸੈਟੇਲਾਈਟ ਸੈਂਟਰ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਅੱਜ ਉਦਘਾਟਨ ਮੌਕੇ ਸਥਾਨਕ ਭਾਜਪਾ ਆਗੂ ਵੱਡੀ ਗਿਣਤੀ ਵਿਚ ਮੌਜੂਦ ਸਨ।
ਜਾਖੜ ਵੱਲੋਂ ਸ਼ੁਭਕਰਨ ਦੀ ਮੌਤ ’ਤੇ ਅਫਸੋਸ ਜ਼ਾਹਰ
ਬਠਿੰਡਾ: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਹਰਿਆਣਾ ਬਾਰਡਰ ’ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ’ਤੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਉਹ ਖੁਦ ਮੰਗ ਕਰਦੇ ਹਨ ਕਿ ਸੱਚਾਈ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਵੇ ਤੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਹੋਵੇ ਕੀਤੀ ਜਾਵੇ। ਬਠਿੰਡਾ ਏਮਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਜਲਦ ਹੀ ਕਿਸਾਨਾਂ ਦੇ ਮਸਲੇ ਦਾ ਹੱਲ ਹੋਣਾ ਚਾਹੀਦਾ ਹੈ।