ਦੁਕਾਨਦਾਰਾਂ ਦੀ ਕੁੱਟਮਾਰ ਕਰਕੇ ਥਾਣੇ ਡੱਕਣ ਸਬੰਧੀ ਵੀਡੀਓ ਵਾਇਰਲ
ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਜੁਲਾਈ
ਇਥੇ ਕੋਵਿਡ-19 ਦੀਆਂ ਬੰਦਸ਼ਾਂ ਦੀ ਇੱਕ ਮਿੰਟ ਉਲੰਘਣਾ ਕਰਨ ਉੱਤੇ ਮੁੱਖ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਡੰਡਿਆਂ ਨਾਲ ਕੁੱਟ ਕੇ ਥਾਣੇ ਡੱਕਣ ਦੀ ਵੀਡੀਓ ਵਾਇਰਲ ਹੋ ਰਹੀ ਉਥੇ ਇਸ ਮੁੱਦੇ ਉੱਤੇ ਸਿਆਸੀ ਆਗੂ ਰੋਟੀਆਂ ਸੇਕਣ ਲਈ ਤਰਲੋਮੱਛੀ ਹਨ। ਸਿਆਸੀ ਆਗੂ ਦੁਕਾਨਦਾਰਾਂ ਨਾਲ ਹਮਦਰਦੀ ਤੇ ਪ੍ਰਸ਼ਾਸਨ ਖ਼ਿਲਾਫ਼ ਰੱਜ ਕੇ ਭੜਾਸ ਕੱਢ ਰਹੇ ਹਨ। ਡਿਪਟੀ ਕਮਿਸ਼ਨਰ ਸੰਦੀਪ ਹੰਸ ਤੇ ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਸਾਬਕਾ ਵਿਧਾਇਕ ਵਿਜੇ ਸਾਥੀ ਦੀ ਅਗਵਾਈ ਹੇਠ ਪੁੱਜੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ। ਪ੍ਰਸਾਸ਼ਨਿਕ ਅਧਿਕਾਰੀਆਂ ਨੇ ਪੁਲੀਸ ਵਲੋਂ ਕਥਿਤ ਤੌਰ ਉੱਤੇ ਦੁਕਾਨਦਾਰਾਂ ਦੀਆਂ ਦੁਕਾਨਾਂ ਧੱਕੇ ਨਾਲ ਬੰਦ ਕਰਾਉਣ ਦੀ ਘਟਨਾ ਉਤੇ ਅਫਸੋਸ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਦੁਕਾਨਦਾਰਾਂ ਅਤੇ ਪ੍ਰਸ਼ਾਸ਼ਨ ਨੇ ਇਕਮੱਤ ਹੋ ਕੇ ਕੋਵਿਡ-19 ਦੀਆਂ ਬੰਦਿਸ਼ਾਂ ਦੀ ਪਾਲਣਾ ਦੀ ਅਹਿਦ ਲਿਆ ਗਿਆ। ਡੀਸੀ ਸੰਦੀਪ ਹੰਸ ਤੇ ਐੱਸਐੱਸਪੀ ਗਿੱਲ ਨੇ ਕਿਹਾ ਕਿ ਪੁਲੀਸ ਉਪਰ ਲਾਅ ਐਂਡ ਆਰਡਰ ਨਾਲ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਦੀ ਵੀ ਵੱਡੀ ਜ਼ਿੰਮੇਵਾਰੀ ਹੈ। ਮੂਹਰਲੀ ਕਤਾਰ ਵਿੱਚ ਲੜਦਿਆਂ ਜ਼ਿਲ੍ਹੇ ਪੁਲੀਸ ਦੇ ਇੱਕ ਐੱਸਪੀ, ਡੀਐੱਸਪੀ ਸਮੇਤ 34 ਪੁਲੀਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਬਿਮਾਰੀ ਨੇ ਲਪੇਟ ਵਿੱਚ ਲਿਆ ਜਾ ਚੁੱਕਾ ਹੈ। ਪੁਲੀਸ ਬਹੁਤ ਹੀ ਤਣਾਅ ਪੂਰਨ ਸਥਿਤੀ ਹੇਠ ਕੰਮ ਕਰ ਰਹੀ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਸਮੇਂ ਸਿਰ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਪੁਲੀਸ ਨੂੰ ਸਖਤੀ ਕਰਨ ਦੀ ਲੋੜ ਹੀ ਨਾ ਪਵੇ।
ਵਿਧਾਇਕ ਡਾ. ਹਰਜੋਤ ਕਮਲ ਤੇ ਸਮਾਜ ਸੇਵੀ ਤੇ ਸਾਬਕਾ ਕੌਂਸਲਰ ਗੁਰਪ੍ਰੀਤ ਸਿੰਘ ਸੱਚਦੇਵਾ ਦੀ ਅਗਵਾਈ ਹੇਠ ਸਮਾਜ ਸੇਵੀ ਸੰਸਥਾਵਾਂ ਨੇ ਡੀਸੀ ਨੂੰ ਮੰਗ ਪੱਤਰ ਦਿੱਤਾ ਕਿ ਉਨ੍ਹਾਂ ਇਸ ਔਖੀ ਘੜੀ ਪ੍ਰਸ਼ਾਸਨ ਦਾ ਸਾਥ ਦਿੰਦੇ ਰਾਸ਼ਨ, ਲੰਗਰ, ਮਾਸਕ, ਸੈਨਾਈਜਰ ਆਦਿ ਦੀ ਸੇਵਾ ਕੀਤੀ। ਮੀਂਹ ਕਾਰਨ ਦੁਕਾਨਦਾਰ ਸਿਰਫ਼ 1 ਦੋ ਮਿੰਟ ਲੇਟ ਸਨ ਪੁਲੀਸ ਦੀ ਇਸ ਘਟਨਾ ਨਾਲ ਉਨ੍ਹਾਂ ਦੇ ਵਕਾਰ ਨੂੰ ਸੱਟ ਵੱਜੀ ਹੈ। ਉਨ੍ਹਾਂ ਦੁਕਾਨਦਾਰਾਂ ਤੋਂ ਵਸੂਲ ਕੀਤਾ 2-2 ਹਜ਼ਾਰ ਰੁਪਇਆ ਵਾਪਸ ਕਰਨ ਦੀ ਮੰਗ ਕੀਤੀ।
ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੇ ਹੋਰ ਸਿਆਸਤ ਦਾਨਾਂ ਨੇ ਵੀ ਪੁਲੀਸ ਖ਼ਿਲਾਫ਼ ਹੀ ਭੜਾਸ ਕੱਢੀ। ਮਾਮਲਾ ਮੁੱਖ ਮੰਤਰੀ ਦੇ ਦਰਬਾਰ ਪਹੁੰਚਣ ਮਗਰੋਂ ਪ੍ਰਸ਼ਾਸਨ ਨੇ ਦੁਕਾਨਦਾਰਾਂ ਨੂੰ ਪਲੋਸਿਆ।
ਪੁਲੀਸ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਮੰਗੀ
ਇਥੇ ਦੁਕਾਨਦਾਰਾਂ ਨੇ ਮੀਟਿੰਗ ਕਰਕੇ ਡੀਸੀ ਸੰਦੀਪ ਹੰਸ ਦੀ ਪਹਿਲ ਕਦਮੀ ਦੀ ਸ਼ਲਾਘਾ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਨਾਲ ਅਪਰਾਧੀਆਂ ਵਾਲਾ ਵਿਵਹਾਰ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਮਗਰੋਂ ਹੀ ਦੁਕਾਨਦਾਰ ਆਪਣਾ ਫ਼ੈਸਲਾ ਲੈਣਗੇ। ਇਸ ਮੌਕੇ ਮੁੱਖ ਬਾਜ਼ਾਰ ਐਸੋਸੀਏਸ਼ਨ ਪ੍ਰਧਾਨ ਹਰਪ੍ਰੀਤ ਸਿੰਘ ਮਿੱਕੀ ਨੇ ਕਿਹਾ ਕਿ ਉਹ ਸਾਰੇ ਦੁਕਾਨਦਾਰਾਂ ਦੀ ਸਹਿਮਤੀ ਨਾਲ ਫੈਸਲਾ ਲੈਣਗੇ।