ਵਾਇਰਲ ਵੀਡੀਓ: ਮ੍ਰਿਣਾਲ ਠਾਕੁਰ ਨੇ ਰਸ਼ਮਿਕਾ ਦੀ ਪਿੱਠ ਥਾਪੜੀ
ਮੁੰਬਈ: ਸੋਸ਼ਲ ਮੀਡੀਆ ’ਤੇ ਵਾਇਰਲ ਆਪਣੀ ਜਾਅਲੀ ਅਸ਼ਲੀਲ ਵੀਡੀਓ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੀ ਰਸ਼ਮਿਕਾ ਮੰਦਾਨਾ ਦੀ ਸ਼ਲਾਘਾ ਕਰਦਿਆਂ ਅਦਾਕਾਰਾ ਮ੍ਰਿਣਾਲ ਠਾਕੁਰ ਨੇ ਹੋਰਨਾਂ ਨੂੰ ਵੀ ਇਸ ਮਾਮਲੇ ’ਚ ਅੱਗੇ ਆਉਣ ਦੀ ਅਪੀਲ ਕੀਤੀ ਹੈ। ਮ੍ਰਿਣਾਲ ਨੇ ਇੰਸਟਾਗ੍ਰਾਮ ’ਤੇ ਰਸ਼ਮਿਕਾ ਦੀ ਹਮਾਇਤ ਕਰਦਿਆਂ ਕਿਹਾ,, ‘‘ਉਨ੍ਹਾਂ ਲੋਕਾਂ ’ਤੇ ਸ਼ਰਮ ਆਉਂਦੀ ਹੈ ਜਿਹੜੇ ਚੀਜ਼ਾਂ ਨਾਲ ਛੇੜਛਾੜ ਕਰਦੇ ਹਨ ਅਤੇ ਇੰਜ ਜਾਪਦਾ ਹੈ ਜਿਵੇਂ ਉਨ੍ਹਾਂ ਦੀ ਜ਼ਮੀਰ ਹੀ ਮਰ ਗਈ ਹੈ। ਆਵਾਜ਼ ਬੁਲੰਦ ਕਰਨ ਲਈ ਸ਼ੁਕਰੀਆ ਰਸ਼ਮਿਕਾ..! ਅਸੀਂ ਸਾਰਿਆਂ ਨੇ ਵੀਡੀਓ ਦੇਖੀ ਹੈ, ਪਰ ਸਾਡੇ ’ਚੋਂ ਬਹੁਤਿਆਂ ਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ।’’ ਮ੍ਰਿਣਾਲ ਠਾਕੁਰ ਨੇ ਕਿਹਾ, ‘‘ਇੰਟਰਨੈੱਟ ’ਤੇ ਰੋਜ਼ਾਨਾ ਅਦਾਕਾਰਾਂ ਦੀਆਂ ਵੀਡੀਓਜ਼ ਨਾਲ ਛੇੜਛਾੜ ਕੀਤੀ ਜਾਂਦੀ ਹੈ। ਭਾਵੇਂ ਅਸੀਂ ਪੇਸ਼ੇ ਵਜੋਂ ਅਦਾਕਾਰ ਹਾਂ ਪਰ ਅਸੀਂ ਵੀ ਇਨਸਾਨ ਹਾਂ। ਸਾਨੂੰ ਇਸ ਬਾਰੇ ਕਿਉਂ ਗੱਲ ਨਹੀਂ ਕਰਨੀ ਚਾਹੀਦੀ। ਇਹ ਸਮਾਂ ਚੁੱਪ ਰਹਿਣ ਦਾ ਨਹੀਂ ਹੈ।’’ ਜ਼ਿਕਰਯੋਗ ਹੈ ਕਿ ਕੱਲ੍ਹ ਰਸ਼ਮਿਕਾ ਨੇ ਸੋਸ਼ਲ ਮੀਡੀਆ ’ਤੇ ਉਸ ਦੀ ਵਾਇਰਲ ਜਾਅਲੀ ਅਸ਼ਲੀਲ ਵੀਡੀਓ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ। ‘ਪੁਸ਼ਪਾ: ਦਿ ਰਾਈਜ਼’ ਦੀ ਅਦਾਕਾਰਾ ਨੇ ਕਿਹਾ ਸੀ, ‘‘ਮੈਨੂੰ ਇਸ ਨੂੰ ਸਾਂਝਾ ਕਰਦੇ ਹੋਏ ਬਹੁਤ ਦੁੱਖ ਹੋ ਰਿਹਾ ਅਤੇ ਮੈਂ ਜਾਅਲੀ ਅਸ਼ਲੀਲ ਵੀਡੀਓ ਬਾਰੇ ਗੱਲ ਕਰਨਾ ਚਾਹੁੰਦੀ ਹਾਂ। ਇਹ ਸਿਰਫ਼ ਮੇਰੇ ਲਈ ਡਰਾਉਣਾ ਨਹੀਂ ਹੈ, ਸਗੋਂ ਹਰ ਉਸ ਲਈ, ਜੋ ਟੈਕਨਾਲੋਜੀ ਦੀ ਦੁਰਵਰਤੋਂ ਕਾਰਨ ਨੁਕਸਾਨ ਦਾ ਸਾਹਮਣਾ ਕਰ ਰਿਹਾ ਹੈ। ਮੈਂ ਆਪਣੇ ਪਰਿਵਾਰ, ਦੋਸਤਾਂ ਅਤੇ ਹਰ ਉਸ ਚਾਹੁਣ ਵਾਲੇ ਦੀ ਧੰਨਵਾਦੀ ਹਾਂ ਜੋ ਮੇਰੀ ਹਮਾਇਤ ਕਰ ਰਿਹਾ ਹੈ।’’ -ਏਐਨਆਈ