ਵਿਪਨ ਨੂੰ ਉਸਤਾਦ ਬਿਸਮਿੱਲਾ ਖ਼ਾਨ ਯੁਵਾ ਪੁਰਸਕਾਰ ਮਿਲਿਆ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 27 ਨਵੰਬਰ
ਇੱਥੋਂ ਦੇ ਵਿਪਨ ਕੁਮਾਰ ਨੂੰ ਰੰਗਮੰਚ ਵਿੱਚ ਪਾਏ ਯੋਗਦਾਨ ਲਈ ਸੰਗੀਤ ਨਾਟਕ ਅਕਾਦਮੀ ਵੱਲੋਂ ਉਸਤਾਦ ਬਿਸਮਿੱਲਾ ਯੁਵਾ ਪੁਰਸਕਾਰ ਨਾਲ ਨਿਵਾਜਿਆ ਗਿਆ। ਛੇਹਰਟਾ ਵਾਸੀ ਵਿਪਨ ਨੇ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਆਪਣੇ ਗੁਰੂ ਰਾਜਿੰਦਰ ਸਿੰਘ ਅਤੇ ਨੀਟਾ ਮਹਿੰਦਰਾ ਤੋਂ ਰੰਗਮੰਚ ਦੀਆਂ ਬਾਰੀਕੀਆਂ ਸਿੱਖੀਆਂ ਹਨ। ਵਿਪਨ ਕੁਮਾਰ ਨੂੰ ਇਹ ਐਵਾਰਡ ਅਕਾਦਮੀ, ਨਵੀਂ ਦਿੱਲੀ ਵੱਲੋਂ 2023 ਲਈ ਦਿੱਤਾ ਗਿਆ ਹੈ। ਇਹ ਰਾਸ਼ਟਰੀ ਪੁਰਸਕਾਰ ਹੈ ਅਤੇ ਅੰਮ੍ਰਿਤਸਰ ਦੇ ਰੰਗਮੰਚ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਵਿਪਨ ਨੇ ਨੈਸ਼ਨਲ ਸਕੂਲ ਆਫ਼ ਡਰਾਮਾ, ਨਵੀਂ ਦਿੱਲੀ ਤੋਂ ਐਕਟਿੰਗ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ। ਉਸ ਨੇ ਭਾਰਤ ਅਤੇ ਵਿਦੇਸ਼ਾਂ ਦੇ ਨਿਰਦੇਸ਼ਕਾਂ ਨਾਲ ਕੰਮ ਕੀਤਾ। ਵਿਪਨ ਨੇ ਹਿੰਦੀ, ਪੰਜਾਬੀ, ਅੰਗਰੇਜ਼ੀ ਅਤੇ ਫਰੈਂਚ ਨਾਟਕਾਂ ਵਿੱਚ ਕੰਮ ਕੀਤਾ ਹੈ। ਉਸ ਨੇ ਪੰਜਾਬੀ ਥੀਏਟਰ ਦੇ ਲੇਖਕ ਕੇਵਲ ਧਾਲੀਵਾਲ ਦੇ ਦੋ ਨਾਟਕਾਂ ਦਾ ਹਿੰਦੀ ਵਿੱਚ ਅਨੁਵਾਦ ਵੀ ਕੀਤਾ ਹੈ। ਇਹ ਪੁਰਸਕਾਰ ਉਨ੍ਹਾਂ ਨੂੰ 22 ਨਵੰਬਰ ਨੂੰ ਦਿੱਲੀ ਦੇ ਅੰਬੇਦਕਰ ਭਵਨ ਵੱਚ, ਸ੍ਰੀ ਅਰੁਨੀਸ਼ ਚਾਵਲਾ, ਸਕੱਤਰ, ਸੱਭਿਆਚਾਰਕ ਮੰਤਰਾਲੇ ਵੱਲੋਂ ਦਿੱਤਾ ਗਿਆ ਸੀ। ਵਿਪਨ ਕੁਮਾਰ ਨੇ 50 ਤੋਂ ਵੱਧ ਨਾਟਕਾਂ ਵਿੱਚ ਕੰਮ ਕੀਤਾ ਹੈ।