ਸੰਭਲ ਹਿੰਸਾ: ਬਾਹਰੀ ਬੰਦਿਆਂ ਦੇ ਦਾਖ਼ਲੇ ’ਤੇ ਪਾਬੰਦੀ 10 ਤੱਕ ਵਧਾਈ
* ਸਪਾ ਆਗੂਆਂ ਨੂੰ ਹਿੰਸਾਗ੍ਰਸਤ ਇਲਾਕੇ ’ਚ ਜਾਣ ਤੋਂ ਰੋਕਿਆ
* ਪ੍ਰਦੇਸ਼ ਪ੍ਰਧਾਨ ਘਰ ’ਚ ਨਜ਼ਰਬੰਦ
ਲਖਨਊ/ਸੰਭਲ, 30 ਨਵੰਬਰ
ਉੱਤਰ ਪ੍ਰਦੇਸ਼ ਦੇ ਸੰਭਲ ’ਚ ਅਮਨੋ-ਅਮਾਨ ਕਾਇਮ ਰੱਖਣ ਦੇ ਇਰਾਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਹਰੀ ਅਤੇ ਜਨਤਕ ਨੁਮਾਇੰਦਿਆਂ ਦੇ ਦਾਖ਼ਲੇ ’ਤੇ 10 ਦਸੰਬਰ ਤੱਕ ਪਾਬੰਦੀ ਵਧਾ ਦਿੱਤੀ ਹੈ। ਇਸ ਦੌਰਾਨ ਸੰਭਲ ਦੇ ਸੰਸਦ ਮੈਂਬਰ ਸਮੇਤ ਸਮਾਜਵਾਦੀ ਪਾਰਟੀ ਦੇ ਕਈ ਆਗੂਆਂ ਨੂੰ ਅੱਜ ਪ੍ਰਸ਼ਾਸਨ ਨੇ ਉਥੇ ਜਾਣ ਤੋਂ ਰੋਕ ਦਿੱਤਾ। ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸ਼ਿਆਮ ਲਾਲ ਪਾਲ ਨੂੰ ਘਰ ’ਚ ਪੁਲੀਸ ਵੱਲੋਂ ਨਜ਼ਰਬੰਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਬਾਹਰੀ ਲੋਕਾਂ ਦੇ ਸੰਭਲ ’ਚ ਦਾਖ਼ਲੇ ’ਤੇ ਲਗਾਈ ਗਈ ਪਾਬੰਦੀ ਅੱਜ ਖ਼ਤਮ ਹੋਣੀ ਸੀ।
ਸੰਭਲ ਦੇ ਜ਼ਿਲ੍ਹਾ ਮੈਜਿਸਟਰੇਟ ਰਾਜੇਂਦਰ ਪੇਨਸਿਆ ਨੇ ਬਿਆਨ ਜਾਰੀ ਕਰਕੇ ਕਿਹਾ, ‘‘ਸ਼ਾਂਤੀ ਬਹਾਲ ਰੱਖਣ ਲਈ ਭਾਰਤੀ ਨਾਗਰਿਕ ਸੁਰੱਕਸ਼ਾ ਸੰਹਿਤਾ ਦੀ ਧਾਰਾ 163 ਤਹਿਤ ਪਾਬੰਦੀਆਂ 31 ਦਸੰਬਰ ਤੱਕ ਵਧਾ ਦਿੱਤੀਆਂ ਗਈਆਂ ਹਨ। ਕੋਈ ਵੀ ਬਾਹਰੀ ਵਿਅਕਤੀ, ਕੋਈ ਸਮਾਜਿਕ ਸੰਗਠਨ ਜਾਂ ਜਨਤਕ ਨੁਮਾਇੰਦਾ ਯੋਗ ਅਧਿਕਾਰੀ ਦੀ ਇਜਾਜ਼ਤ ਤੋਂ ਬਿਨਾਂ 10 ਦਸੰਬਰ ਤੱਕ ਜ਼ਿਲ੍ਹੇ ਦੀ ਹੱਦ ਅੰਦਰ ਦਾਖ਼ਲ ਨਹੀਂ ਹੋ ਸਕਦਾ ਹੈ।’’ ਉਨ੍ਹਾਂ ਕਿਹਾ ਕਿ ਜੇ ਕਿਸੇ ਨੇ ਸੋਸ਼ਲ ਮੀਡੀਆ ’ਤੇ ਕਿਸੇ ਗਰੁੱਪ ’ਚ ਅਫ਼ਵਾਹ ਫੈਲਾਉਣ ਦੀ ਕੋਸ਼ਿਸ਼ ਕੀਤੀ ਤਾਂ ਗਰੁੱਪ ਐਡਮਿਨ ਉਸ ਪੋਸਟ ਨੂੰ ਹਟਾ ਕੇ ਇਸ ਦੀ ਜਾਣਕਾਰੀ ਤੁਰੰਤ ਪੁਲੀਸ ਨੂੰ ਦੇਵੇਗਾ। ਉਨ੍ਹਾਂ ਕਿਹਾ ਕਿ ਸਾਈਬਰ ਕੈਫ਼ੇ ਵੀ ਉਥੇ ਆਉਣ ਵਾਲੇ ਲੋਕਾਂ ਦੇ ਨਾਮ ਰਜਿਸਟਰ ’ਚ ਦਰਜ ਕਰਨਗੇ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਪਾਬੰਦੀ ਦੇ ਹੁਕਮ ਭਾਜਪਾ ਸਰਕਾਰ ਦੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਪਹਿਲਾਂ ਹੀ ਇਹ ਕਦਮ ਚੁੱਕੇ ਹੁੰਦੇ ਤਾਂ ਸੰਭਲ ’ਚ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਨਹੀਂ ਵਿਗੜਨਾ ਸੀ। ਉਨ੍ਹਾਂ ਕਿਹਾ ਕਿ ਸੰਭਲ ਦੇ ਪੂਰੇ ਪ੍ਰਸ਼ਾਸਨ ਨੂੰ ਮੁਅੱਤਲ ਕਰ ਦੇਣਾ ਚਾਹੀਦਾ ਹੈ। ਬਾਅਦ ’ਚ ਪਾਰਟੀ ਨੇ ਐਲਾਨ ਕੀਤਾ ਕਿ ਸੰਭਲ ’ਚ ਹਿੰਸਾ ਦੌਰਾਨ ਮਾਰੇ ਗਏ ਚਾਰ ਵਿਅਕਤੀਆਂ ਦੇ ਪਰਿਵਾਰਾਂ ਨੂੰ ਉਹ ਪੰਜ-ਪੰਜ ਲੱਖ ਰੁਪਏ ਦੇਵੇਗੀ। ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਪੀੜਤ ਪਰਿਵਾਰਾਂ ਨੂੰ 25-25 ਲੱਖ ਰੁਪਏ ਦੇਵੇ।
ਸਮਾਜਵਾਦੀ ਪਾਰਟੀ ਦੇ ਮੁਜ਼ੱਫਰਨਗਰ ਤੋਂ ਸੰਸਦ ਮੈਂਬਰ ਹਰੇਂਦਰ ਮਲਿਕ ਦੀ ਗਾਜ਼ੀਆਬਾਦ ਤੋਂ ਸੰਭਲ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ। ਪਾਰਟੀ ਨੇ ਐਲਾਨ ਕੀਤਾ ਸੀ ਕਿ 15 ਮੈਂਬਰੀ ਵਫ਼ਦ ਸੰਭਲ ਜਾਵੇਗਾ, ਜਿਥੇ ਸ਼ਾਹੀ ਜਾਮਾ ਮਸਜਿਦ ਦੇ ਅਦਾਲਤ ਦੇ ਹੁਕਮਾਂ ’ਤੇ ਸਰਵੇਖਣ ਮਗਰੋਂ ਹਿੰਸਾ ਭੜਕੀ ਸੀ। ਵਫ਼ਦ ’ਚ ਸੰਭਲ ਤੋਂ ਸੰਸਦ ਮੈਂਬਰ ਜ਼ੀਆ-ਉਰ-ਰਹਿਮਾਨ ਬਰਕ ਅਤੇ ਕੈਰਾਨਾ ਤੋਂ ਸੰਸਦ ਮੈਂਬਰ ਇਕਰਾ ਹਸਨ ਵੀ ਸ਼ਾਮਲ ਸਨ। ਹਸਨ ਦੇ ਕਾਫ਼ਲੇ ਨੂੰ ਹਾਪੁੜ ’ਚ ਰੋਕ ਲਿਆ ਗਿਆ। ਮੁਰਾਦਾਬਾਦ ’ਚ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਰੁਚੀ ਵੀਰਾ ਦੀ ਰਿਹਾਇਸ਼ ਨੂੰ ਪੁਲੀਸ ਨੇ ਘੇਰਾ ਪਾਇਆ ਹੋਇਆ ਸੀ। ਵਫ਼ਦ ਦੀ ਅਗਵਾਈ ਕਰਨ ਵਾਲੇ ਯੂਪੀ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਾਤਾ ਪ੍ਰਸਾਦ ਪਾਂਡੇ ਨੇ ਲਖਨਊ ’ਚ ਕਿਹਾ ਕਿ ਉਨ੍ਹਾਂ ਨੂੰ ਗ੍ਰਹਿ ਸਕੱਤਰ ਸੰਜੇ ਪ੍ਰਸਾਦ ਅਤੇ ਸੰਭਲ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਫੋਨ ਕਰਕੇ ਆਖਿਆ ਕਿ ਉਹ ਸੰਭਲ ਨਾ ਜਾਣ। ਉਨ੍ਹਾਂ ਦੇ ਘਰ ਬਾਹਰ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। -ਪੀਟੀਆਈ
‘ਸਮਾਪਤ-ਵਾਦੀ ਪਾਰਟੀ’ ਬਣੀ ਸਮਾਜਵਾਦੀ ਪਾਰਟੀ: ਮੌਰਿਆ
ਲਖਨਊ:
ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਕਿ ਸੰਭਲ ’ਚ ਹਾਲਾਤ ਸ਼ਾਂਤਮਈ ਹਨ। ਉਨ੍ਹਾਂ ਕਿਹਾ ਕਿ ਅਖਿਲੇਸ਼ ਯਾਦਵ ਵੱਲੋਂ ਭੇਜੇ ਗਏ ਵਫ਼ਦ ਦੀਆਂ ਕੋਸ਼ਿਸ਼ਾਂ ਬੇਕਾਰ ਹਨ ਕਿਉਂਕਿ ਸਮਾਜਵਾਦੀ ਪਾਰਟੀ ਹੁਣ ‘ਸਮਾਪਤ-ਵਾਦੀ ਪਾਰਟੀ’ ਬਣ ਗਈ ਹੈ। ਉਨ੍ਹਾਂ ਕਿਹਾ ਕਿ ਉਥੇ ਹਿੰਦੂ-ਮੁਸਲਿਮ ਦੰਗੇ ਦਾ ਵਿਵਾਦ ਨਹੀਂ ਹੈ, ਸਗੋਂ ਇਹ ਸਮਾਜਵਾਦੀ ਪਾਰਟੀ ਦੇ ਸਥਾਨਕ ਸੰਸਦ ਮੈਂਬਰ ਅਤੇ ਵਿਧਾਇਕ ਵਿਚਕਾਰ ਸੱਤਾ ਦਾ ਸੰਘਰਸ਼ ਹੈ। ਇਕ ਹੋਰ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਦੋਸ਼ ਲਾਇਆ ਕਿ ਸਮਾਜਵਾਦੀ ਪਾਰਟੀ ਦੇ ਆਗੂ ਆਪਣੇ ਆਪ ਨੂੰ ਬਚਾਉਣ ਲਈ ਧਿਆਨ ਵੰਡਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। -ਪੀਟੀਆਈ