ਇੰਫਾਲ ਵਿੱਚ ਮੁੜ ਹਿੰਸਕ ਪ੍ਰਦਰਸ਼ਨ
ਇੰਫਾਲ/ਨਵੀਂ ਦਿੱਲੀ, 28 ਸਤੰਬਰ
ਮਨੀਪੁਰ ਵਿੱਚ ਦੋ ਨੌਜਵਾਨਾਂ ਦੀ ਮੌਤ ਨੂੰ ਲੈ ਕੇ ਜਾਰੀ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਧਾਰ ਲਿਆ ਹੈ। ਪ੍ਰਦਰਸ਼ਨਕਾਰੀ ਹਜੂਮ ਨੇ ਇੰਫਾਲ ਪੱਛਮੀ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਦੀ ਭੰਨਤੋੜ ਕੀਤੀ ਤੇ ਉਥੇ ਖੜ੍ਹੇ ਦੋ ਚਾਰ-ਪਹੀਆ ਵਾਹਨਾਂ ਨੂੰ ਅੱਗ ਲਾ ਦਿੱਤੀ। ਹਿੰਸਾ ਦਾ ਇਹ ਸੱਜਰਾ ਦੌਰ ਮੰਗਲਵਾਰ ਨੂੰ ਸੂਬਾਈ ਰਾਜਧਾਨੀ ਵਿੱਚ ਦੋ ਨੌਜਵਾਨਾਂ, ਜੋ ਰਿਸ਼ਤੇ ’ਚ ਭੈਣ-ਭਰਾ ਹਨ, ਦੀਆਂ ਮ੍ਰਿਤਕ ਦੇਹਾਂ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਨਸ਼ਰ ਹੋਣ ਮਗਰੋਂ ਸ਼ੁਰੂ ਹੋਇਆ ਸੀ। ਕੋਚਿੰਗ ਲਈ ਗਏ ਇਹ ਦੋਵੇਂ ਭੈਣ-ਭਰਾ ਜੁਲਾਈ ਤੋਂ ਲਾਪਤਾ ਸਨ। ਇਸ ਦੌਰਾਨ ਸ੍ਰੀਨਗਰ ਦੇ ਐੱਸਐੱਸਪੀ ਰਾਕੇਸ਼ ਬਲਵਾਲ ਨੂੰ ‘ਸਮੇਂ ਤੋਂ ਪਹਿਲਾਂ’ ਵਾਪਸ ਮਨੀਪੁਰ ਕੇਡਰ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਬਲਵਾਲ ਨੂੰ ‘ਅਤਵਿਾਦ ਨਾਲ ਸਬੰਧਤ ਕੇਸਾਂ’ ਨਾਲ ਸਿੱਝਣ ਦਾ ਵੱਡਾ ਤਜਰਬਾ ਹੈ। 2012 ਬੈਚ ਦੇ ਆਈਪੀਐੱਸ ਅਧਿਕਾਰੀ ਬਲਵਾਲ ਨੂੰ ਦਸੰਬਰ 2021 ਵਿੱਚ ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ ਤੇ ਯੂਟੀ (ਏਜੀਐੱਮਯੂਟੀ) ਕੇਡਰ ਵਿਚ ਤਬਦੀਲ ਕੀਤਾ ਗਿਆ ਸੀ। ਉਨ੍ਹਾਂ ਨੂੰ ਸੂਬੇ ਵਿੱਚ ਜੁਆਇਨਿੰਗ ਮੌਕੇ ਨਵਾਂ ਅਹੁਦਾ ਦਿੱਤਾ ਜਾਵੇਗਾ। ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਤਬਾਦਲੇ ਸਬੰਧੀ ਲੋੜੀਂਦੀ ਪ੍ਰਵਾਨਗੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਉਰੀਪੋਕ, ਯਾਇਸਕੁਲ, ਸਗੋਲਬਾਂਦ ਤੇ ਟੇਰਾ ਇਲਾਕਿਆਂ ਵਿੱਚ ਸੁਰੱਖਿਆ ਲਾਂ ਤੇ ਪ੍ਰਦਰਸ਼ਨਕਾਰੀਆਂ ਵਿੱਚ ਝੜਪਾਂ ਹੋਈਆਂ। ਹਜੂਮ ਨੂੰ ਖਿੰਡਾਉਣ ਤੇ ਹਾਲਾਤ ਕਾਬੂ ਹੇਠ ਕਰਨ ਲਈ ਪੁਲੀਸ ਨੂੰ ਅਥਰੂ ਗੈਸ ਦੇ ਗੋਲੇ ਦਾਗਣੇ ਪਏ। ਅਧਿਕਾਰੀਆਂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਰਿਹਾਇਸ਼ੀ ਇਲਾਕਿਆਂ ਵਿਚ ਸੁਰੱਖਿਆ ਬਲਾਂ ਦੇ ਦਾਖਲੇ ਨੂੰ ਰੋਕਣ ਲਈ ਸੜਦੇ ਟਾਇਰਾਂ, ਵੱਡੇ ਪੱਥਰਾਂ ਤੇ ਲੋਹੇ ਦੀਆਂ ਪਾਈਪਾਂ ਰੱਖ ਕੇ ਸੜਕਾਂ ਜਾਮ ਕਰ ਦਿੱਤੀਆਂ। ਅਧਿਕਾਰੀਆਂ ਨੇ ਕਿਹਾ ਕਿ ਹਜੂਮ ਨੇ ਡੀਸੀ ਦਫ਼ਤਰ ਦੀ ਵੀ ਭੰਨਤੋੜ ਕੀਤੀ ਤੇ ਦੋ ਚਾਰ-ਪਹੀਆ ਵਾਹਨਾਂ ਨੂੰ ਅੱਗ ਲਾ ਦਿੱਤੀ। ਉਨ੍ਹਾਂ ਕਿਹਾ ਕਿ ਸੀਆਰਪੀਐੱਫ ਅਮਲੇ ਨੇ ਹਾਲਾਤ ਨੂੰ ਕਾਬੂ ਹੇਠ ਲਿਆਂਦਾ।
ਹਿੰਸਕ ਝੜਪਾਂ ਦੇ ਮੱਦੇਨਜ਼ਰ ਦੋ ਜ਼ਿਲ੍ਹਿਆਂ-ਇੰਫਾਲ ਪੂਰਬੀ ਤੇ ਪੱਛਮੀ ਵਿੱਚ ਮੁੜ ਕਰਫਿਊ ਲਾ ਦਿੱਤਾ ਗਿਆ ਹੈ। ਮੰਗਲਵਾਰ ਤੋਂ ਹੁਣ ਤੱਕ ਝੜਪਾਂ ਵਿੱਚ 65 ਮੁਜ਼ਾਹਰਾਕਾਰੀ ਜ਼ਖ਼ਮੀ ਹੋ ਚੁੱਕੇ ਹਨ। ਇਸ ਦੌਰਾਨ ਥੋਬਲ ਜ਼ਿਲ੍ਹੇ ਦੇ ਖੋਂਗਜਾਮ ਵਿੱਚ ਭਾਜਪਾ ਦਫ਼ਤਰ ਨੂੰ ਅੱਗ ਲਾ ਦਿੱਤੀ ਗਈ। ਮਨੀਪੁਰ ਪੁਲੀਸ ਨੇ ਇਕ ਬਿਆਨ ਵਿੱਚ ਕਿਹਾ ਕਿ ਹਜੂਮ ਨੇ ਪੁਲੀਸ ਵਾਹਨ ਦੀ ਸਾੜ ਫੂਕ ਕੀਤੀ ਤੇ ਪੁਲੀਸ ਮੁਲਾਜ਼ਮ ’ਤੇ ਹਮਲਾ ਕਰਕੇ ਉਸ ਦਾ ਹਥਿਆਰ ਖੋਹ ਲਿਆ। ਪੁਲੀਸ ਨੇ ਕਿਹਾ ਕਿ ਅਜਿਹੇ ਅਪਰਾਧਾਂ ਵਿੱਚ ਸ਼ਾਮਲ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲੀਸ ਮੁਤਾਬਕ ਮੁਲਜ਼ਮ ਦੀ ਗ੍ਰਿਫਤਾਰੀ ਤੇ ਖੋਹੇ ਹਥਿਆਰ ਦੀ ਰਿਕਵਰੀ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਇਸ ਦੌਰਾਨ ਮਨੀਪੁਰ ਵਿੱਚ ਬਾਲ ਅਧਿਕਾਰਾਂ ਦੀ ਸੁਰੱਖਿਆ ਬਾਰੇ ਕਮਿਸ਼ਨ ਨੇ ਸੁਰੱਖਿਆ ਬਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਦਰਸ਼ਨਕਾਰੀ ਗੱਭਰੂਆਂ ਖਿਲਾਫ਼ ਲਾਠੀਚਾਰਜ, ਅੱਥਰੂ ਗੈਸ ਦੇ ਗੋਲਿਆਂ ਤੇ ਰਬੜ ਦੀਆਂ ਗੋਲੀਆਂ ਵਰਤਣ ਤੋਂ ਗੁਰੇਜ਼ ਕਰੇ। ਮਨੀਪੁਰ ਸਰਕਾਰ ਨੇ ਪਿਛਲੇ ਦੋ ਦਿਨਾਂ ਦੌਰਾਨ ਪ੍ਰਦਰਸ਼ਨਕਾਰੀਆਂ ਖਾਸ ਕਰਕੇ ਵਿਦਿਆਰਥੀਆਂ ਖਿਲਾਫ਼ ਪੁਲੀਸ ਬਲਾਂ ਦੀ ‘ਲੋੜੋਂ ਵੱਧ ਵਰਤੋਂ’ ਦੀ ਜਾਂਚ ਲਈ ਕਮੇਟੀ ਬਣਾਈ ਹੈ। ਡੀਜੀਪੀ ਵੱਲੋਂ ਜਾਰੀ ਹੁਕਮਾਂ ਮੁਤਾਬਕ ਕਮੇਟੀ ਦੀ ਅਗਵਾਈ ਆਈਜੀਪੀ (ਪ੍ਰਸ਼ਾਸਨ) ਕੇ.ਜੈਯੰਤਾ ਕਰਨਗੇ ਤੇ ਕਮੇਟੀ ਵੱਲੋਂ ਛੇਤੀ ਤੋਂ ਛੇਤੀ ਰਿਪੋਰਟ ਸੌਂਪੀ ਜਾਵੇਗੀ। ਉਧਰ ਉੱਘੇ ਮਨੀਪੁਰੀ ਅਦਾਕਾਰ ਰਾਜਕੁਮਾਰ ਸੋਮੇਂਦਰਾ, ਜੋ ‘ਕਾਇਕੂ’ ਨੇ ਨਾਂ ਨਾਲ ਵੀ ਮਕਬੂਲ ਹਨ, ਨੇ ਸੂਬੇ ਵਿੱਚ ਨਸਲੀ ਹਿੰਸਾ ਤੇ ਦੋ ਵਿਦਿਆਰਥੀਆਂ ਦੇ ਬੇਰਹਿਮੀ ਨਾਲ ਕਤਲ’ ਦੇ ਰੋਸ ਵਜੋਂ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਦਾਕਾਰ ਨੇ 400 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ। ਮਨੀਪੁਰ ਵਿੱਚ 3 ਮਈ ਨੂੰ ‘ਟਰਾਈਬਲ ਸੌਲੀਡੈਰਿਟੀ ਮਾਰਚ’ ਦੌਰਾਨ ਭੜਕੀ ਨਸਲੀ ਹਿੰਸਾ ਵਿੱਚ ਹੁਣ ਤੱਕ 180 ਤੋਂ ਵੱਧ ਲੋਕ ਮਾਰੇ ਗਏ ਹਨ। ਉਧਰ ਸੋਸ਼ਲ ਮੀਡੀਆ ’ਤੇ ਕਥਿਤ ‘ਗੈਰਵਾਜਬ ਟਿੱਪਣੀ’ ਕਰਨ ਵਾਲੇ ਸਰਕਾਰੀ ਡਾਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਡਾਕਟਰ ਤਾਮੇਂਗਲੌਂਗ ਜ਼ਿਲ੍ਹੇ ਵਿੱਚ ਤਾਇਨਾਤ ਸੀ। -ਪੀਟੀਆਈ
ਮੁੱਖ ਮੰਤਰੀ ਦੇ ਜੱਦੀ ਘਰ ’ਤੇ ਹਮਲੇ ਦੀ ਕੋਸ਼ਿਸ਼
ਰਾਜਧਾਨੀ ਇੰਫਾਲ ’ਚ ਹਜੂਮ ਨੇ ਮੁੱਖ ਮੰਤਰੀ ਐੱਮ ਬਿਰੇਨ ਸਿੰਘ ਦੇ ਜੱਦੀ ਘਰ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ। ਮੁੱਖ ਮੰਤਰੀ ਇਸ ਘਰ ਵਿੱਚ ਨਹੀਂ ਸਨ ਕਿਉਂਕਿ ਉਨ੍ਹਾਂ ਦਾ ਨਵਿਾਸ ਦਫ਼ਤਰੀ ਰਿਹਾਇਸ਼ ਵਿੱਚ ਹੈ। ਇਸੇ ਦੌਰਾਨ ਮਨੀਪੁਰ ਦੇ 20 ਤੋਂ ਵੱਧ ਵਿਧਾਇਕਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋ ਨੌਜਵਾਨਾਂ (ਭੈਣ-ਭਰਾ) ਦੀ ਹੱਤਿਆ ’ਚ ਸ਼ਾਮਲ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤੇ ਇਸ ਮਾਮਲੇ ’ਚ ਸੀਬੀਆਈ ਜਾਂਚ ਨੂੰ ਛੇਤੀ ਨੇਪਰੇ ਚੜ੍ਹਾਇਆ ਜਾਵੇ।
‘ਅਫ਼ਸਪਾ’ ਮਨੀਪੁਰ ਸੰਕਟ ਦਾ ਕੋਈ ਹੱਲ ਨਹੀਂ: ਇਰੋਮ ਸ਼ਰਮੀਲਾ
ਕੋਲਕਾਤਾ: ਮਨੀਪੁਰ ਦੇ ਬਹੁਤੇ ਹਿੱਸਿਆਂ ਵਿੱਚ ‘ਅਫ਼ਸਪਾ’ ਦੀ ਮਿਆਦ ਛੇ ਹੋਰ ਮਹੀਨਿਆਂ ਲਈ ਵਧਾਉਣ ਤੋਂ ਇਕ ਦਨਿ ਮਗਰੋਂ ਮਨੁੱਖੀ ਅਧਿਕਾਰਾਂ ਬਾਰੇ ਕਾਰਕੁਨ ਇਰੋਮ ਸ਼ਰਮੀਲਾ ਨੇ ਕਿਹਾ ਕਿ ਇਹ ‘ਦਮਨਕਾਰੀ ਕਾਨੂੰਨ’ ਸੂਬੇ ਵਿੱਚ ਚੱਲ ਰਹੀ ਸਮੱਸਿਆ ਦਾ ਹੱਲ ਨਹੀਂ ਹੈ। ਸ਼ਰਮੀਲਾ, ਜਿਸ ਨੂੰ ‘ਮਨੀਪੁਰ ਦੀ ਲੋਹ ਇਸਤਰੀ’ ਵੀ ਕਿਹਾ ਜਾਂਦਾ ਹੈ, ਨੇ ਇਸ ਖ਼ਬਰ ਏਜੰਸੀ ਨੂੰ ਟੈਲੀਫੋਨ ’ਤੇੇ ਦਿੱਤੇ ਇੰਟਰਵਿਊ ਦੌਰਾਨ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਸਾਂਝੇ ਸਵਿਲ ਕੋਡ ਜਿਹੀਆਂ ਤਜਵੀਜ਼ਾਂ ਨੂੰ ਅਮਲ ਵਿੱਚ ਲਿਆਉਣ ਦੀ ਥਾਂ ਖਿੱਤੇ ਦੀ ਵੰਨ-ਸੁਵੰਨਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੱਖ ਵੱਖ ਨਸਲੀ ਸਮੂਹਾਂ ਦੀਆਂ ਕਦਰਾਂ ਕੀਮਤਾਂ, ਸਿਧਾਂਤਾ ਤੇ ਰਵਾਇਤਾਂ ਦਾ ਸਤਿਕਾਰ ਕੀਤਾ ਜਾਵੇ। ਸ਼ਰਮੀਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹੁਣ ਤੱਕ ਮਨੀਪੁਰ ਦਾ ਦੌਰਾ ਨਾ ਕੀਤੇ ਜਾਣ ’ਤੇ ਵੀ ਸਵਾਲ ਉਠਾਏ। ਸ਼ਰਮੀਲਾ ਨੇ ‘ਅਫ਼ਸਪਾ’ ਰੱਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ 16 ਸਾਲ ਭੁੱਖ ਹੜਤਾਲ ਕੀਤੀ ਸੀ। -ਪੀਟੀਆਈ
ਅੰਤਿਮ ਰਸਮਾਂ ਲਈ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਲੱਭਣ ਦੀ ਅਪੀਲ
ਇੰਫਾਲ: ਮਨੀਪੁਰ ਵਿਚ ਅਗਵਾ ਮਗਰੋਂ ਕਤਲ ਕੀਤੇ ਨੌਜਵਾਨਾਂ ਦੇ ਮਾਪਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਬੱਚਿਆਂ ਦੀਆਂ ਦੇਹਾਂ ਲੱਭ ਕੇ ਉਨ੍ਹਾਂ ਦੇ ਹਵਾਲੇ ਕੀਤੀਆਂ ਜਾਣ ਤਾਂ ਕਿ ਉਨ੍ਹਾਂ ਦਾ ਪੂਰੇ ਸਨਮਾਨਾਂ ਨਾਲ ਸਸਕਾਰ ਕੀਤਾ ਜਾ ਸਕੇ। ਉਨ੍ਹਾਂ ਆਸ ਜਤਾਈ ਕਿ ਅਗਵਾ ਤੇ ਕਤਲ ਮਾਮਲੇ ਦੀ ਜਾਂਚ ਵਿੱਚ ਸੀਬੀਆਈ ਦੇ ਦਖ਼ਲ ਨਾਲ ਇਸ ਰਾਜ਼ ਤੋਂ ਪਰਦਾ ਉੱਠੇਗਾ ਕਿ ਉਨ੍ਹਾਂ ਦੇ ਬੱਚਿਆਂ ਦੀਆਂ ਲਾਸ਼ਾਂ ਕਿੱਥੇ ਹਨ। 18 ਸਾਲਾ ਲੜਕੀ ਦੇ ਪਿਤਾ ਹਿਜਾਮ ਕੁਲਾਜੀਤ ਨੇ ਕਿਹਾ, ‘‘ਅਸੀਂ ਇਕ ਆਖਰੀ ਵਾਰ ਆਪਣੇ ਬੱਚਿਆਂ ਨੂੰ ਦੇਖਣਾ ਤੇ ਪੂਰੇ ਸਨਮਾਨਾਂ ਨਾਲ ਉਨ੍ਹਾਂ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਨਾ ਚਾਹੁੰਦੇ ਹਨ, ਜਿਸ ਦੇ ਉਹ ਹੱਕਦਾਰ ਹਨ।’’ -ਪੀਟੀਆਈ