ਔਰਤਾਂ ਪ੍ਰਤੀ ਹਿੰਸਕ ਮਾਨਸਿਕਤਾ
ਦਿੱਲੀ ਦੇ ਸ਼ਾਹਬਾਦ ਡੇਅਰੀ ਖੇਤਰ ਵਿਚ 16 ਸਾਲ ਦੀ ਲੜਕੀ ‘ਤੇ ਜਨਤਕ ਤੌਰ ‘ਤੇ ਕੀਤੇ ਘਾਤਕ ਹਮਲੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਘਟਨਾ ਸਮਾਜਿਕ ਮਾਨਸਿਕਤਾ ਅਤੇ ਉਸ ਵਿਚ ਪਈ ਉਦਾਸੀਨਤਾ ਤੇ ਬੇਰੁਖੀ ਬਾਰੇ ਬਹੁਤ ਪਰੇਸ਼ਾਨ ਕਰਨ ਵਾਲੇ ਸਵਾਲ ਉਠਾਉਂਦੀ ਹੈ। ਉਸ ਲੜਕੀ ਨੂੰ 20 ਸਾਲ ਦੇ ਲੜਕੇ ਜੋ ਉਸ ਦਾ ਜਾਣਕਾਰ ਸੀ, ਨੇ ਵਾਰ ਵਾਰ ਚਾਕੂ ਮਾਰਿਆ। ਰਾਹਗੀਰਾਂ ਅਤੇ ਪੈਦਲ ਚੱਲਣ ਵਾਲਿਆਂ ਵਿਚੋਂ ਕਿਸੇ ਨੇ ਵੀ ਇਸ ਵਿਚ ਨਾ ਤਾਂ ਦਖਲ ਦਿੱਤਾ ਅਤੇ ਨਾ ਹੀ ਪੁਲੀਸ ਨੂੰ ਸੂਚਿਤ ਕੀਤਾ। ਅਜਿਹੇ ਮਾਮਲਿਆਂ ਵਿਚ ਬਹੁਤ ਵਾਰ ਲੋਕ ਡਰ ਜਾਂਦੇ ਹਨ ਅਤੇ ਅਪਰਾਧ ਵਾਲੀ ਥਾਂ ਤੋਂ ਭੱਜ ਜਾਂਦੇ ਹਨ ਪਰ ਵੀਡੀਓ ਫੁਟੇਜ ਵਿਚ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਉੱਥੋਂ ਬੇਪਰਵਾਹ ਹੋ ਕੇ ਲੰਘਦੇ ਦੇਖਿਆ ਗਿਆ। ਨਾ ਤਾਂ ਕੋਈ ਪੀੜਤ ਲੜਕੀ ਦੇ ਬਚਾਅ ਲਈ ਅੱਗੇ ਆਇਆ ਅਤੇ ਨਾ ਹੀ ਕਿਸੇ ਨੇ ਘਟਨਾ ਖਿਲਾਫ਼ ਕੋਈ ਆਵਾਜ਼ ਉਠਾਈ।
ਪੁਲੀਸ ਮੁਤਾਬਕ ਜੇ ਕੋਈ ਕਾਤਲ ਨੂੰ ਰੋਕਣ ਲਈ ਅੱਗੇ ਆਉਂਦਾ ਤਾਂ ਬੱਚੀ ਨੂੰ ਬਚਾਇਆ ਜਾ ਸਕਦਾ ਸੀ। ਮੁਲਜ਼ਮ ਦੀ ਜਲਦੀ ਗ੍ਰਿਫ਼ਤਾਰੀ ਨਾਲ ਪਰਿਵਾਰ ਨੂੰ ਥੋੜ੍ਹਾ ਸਕੂਨ ਮਿਲੇਗਾ। ਮੁਲਜ਼ਮ ਨੂੰ ਉੱਕਾ ਹੀ ਪਛਤਾਵਾ ਨਾ ਹੋਣਾ ਵੀ ਨੌਜਵਾਨ ਪੀੜ੍ਹੀ ਦੀ ਮਾਨਸਿਕਤਾ ਬਾਰੇ ਬੇਹੱਦ ਪਰੇਸ਼ਾਨ ਕਰਨ ਵਾਲਾ ਪੱਖ ਹੈ। ਇਕ ਜਨਤਕ ਸਥਾਨ ‘ਤੇ ਆਪਣੀਆਂ ਅੱਖਾਂ ਦੇ ਸਾਹਮਣੇ ਕੀਤੇ ਜਾ ਰਹੇ ਘਿਨਾਉਣੇ ਕਤਲ ਨੂੰ ਦ੍ਰਿਸ਼ ਵਜੋਂ ਦੇਖਣ ਵਾਲੇ ਲੋਕਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਇਹ ਦੇਸ਼ ਦੀ ਰਾਜਧਾਨੀ ਵਿਚ ਔਰਤਾਂ ਦੀ ਸੁਰੱਖਿਆ ਬਾਰੇ ਕੀ ਦਰਸਾਉਂਦਾ ਹੈ? ਕੀ ਹਿੰਸਾ ਦੇ ਆਮ ਹੋਣ ਨੇ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਲੋਕਾਂ ਨੇ ਇਸ ਨੂੰ ਕੁਦਰਤੀ ਵਰਤਾਰਾ ਸਮਝ ਲਿਆ ਹੈ? ਇਸ ‘ਤੇ ਧਿਆਨ ਦਿਓ ਕਿ ਇਹ ਅਜਿਹੇ ਸਮਾਜਿਕ ਮਾਹੌਲ ਵਿਚ ਕੀਤਾ ਗਿਆ ਅਪਰਾਧ ਹੈ ਜਿੱਥੇ ਇਕ ਪਾਸੇ ਮੁਸੀਬਤ ਵਿਚ ਫਸੇ ਵਿਅਕਤੀ ਦੀ ਮਦਦ ਲਈ ਸਕਿੰਟਾਂ ਵਿਚ ਲੋਕਾਂ ਦੀ ਭੀੜ ਦਾ ਇਕੱਠੀ ਹੋ ਸਕਦੀ ਹੈ ਅਤੇ ਦੂਸਰੇ ਪਾਸੇ ਲੋਕ ਇਕ ਭਿਅੰਕਰ ਘਟਨਾ ਨੂੰ ਆਪਣੀਆਂ ਅੱਖਾਂ ਸਾਹਮਣੇ ਵਾਪਰਦਾ ਦੇਖਦੇ ਹਨ ਅਤੇ ਉਸ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕਦੇ। ਇਹ ਸਵਾਲ ਬਹੁਤ ਦੇਰ ਤਕ ਪੁੱਛਿਆ ਜਾਂਦਾ ਰਹੇਗਾ ਕਿ ਇਸ ਘਟਨਾ ਦੌਰਾਨ ਕੋਈ ਅੱਗੇ ਕਿਉਂ ਨਹੀਂ ਆਇਆ? ਇਹ ਅਚਨਚੇਤ ਤੈਸ਼ ਵਿਚ ਆ ਕੇ ਕੀਤਾ ਗਿਆ ਅਪਰਾਧ ਜਾਂ ਕੋਈ ਹਾਦਸਾ ਨਹੀਂ ਹੈ ਸਗੋਂ ਇਕ ਨੌਜਵਾਨ ਦੁਆਰਾ ਕੀਤੀ ਗਈ ਕਰੂਰ ਕਾਰਵਾਈ ਹੈ ਜਿਸ ਤੋਂ ਇਹ ਪ੍ਰਭਾਵ ਜਾਂਦਾ ਹੈ ਕਿ ਸਮਾਜ ਤੇ ਪਰਿਵਾਰ ਨੇ ਉਸ ਦੇ ਮਨ ਵਿਚ ਕੋਈ ਸਿਹਤਮੰਦ ਕਦਰਾਂ-ਕੀਮਤਾਂ ਪੈਦਾ ਨਹੀਂ ਕੀਤੀਆਂ ਸਗੋਂ ਕਠੋਰ, ਅਸੰਵੇਦਨਸ਼ੀਲ ਤੇ ਹਿੰਸਕ ਜੀਵ ਪੈਦਾ ਕੀਤਾ ਹੈ ਜਿਸ ਦੇ ਮਨ ਵਿਚ ਕੋਈ ਸੂਖ਼ਮ ਅਹਿਸਾਸ ਜਾਂ ਜਜ਼ਬਾ ਨਹੀਂ ਹੈ, ਅਜਿਹਾ ਜੀਵ ਜੋ ਸਮਾਜ ਤੇ ਕਾਨੂੰਨ ਪ੍ਰਤੀ ਭੋਰਾ ਵੀ ਜ਼ਿੰਮੇਵਾਰ ਨਹੀਂ ਹੈ।
ਇਹ ਕਤਲ ਸਮਾਜ ਵਿਚ ਗ਼ਾਲਬ ਮਰਦ-ਪ੍ਰਧਾਨ ਸੋਚ ਦੀ ਨਿਸ਼ਾਨਦੇਹੀ ਕਰਦਾ ਹੈ। ਪਰਿਵਾਰ ਤੇ ਸਮਾਜ ਵਿਚ ਅਜਿਹੀ ਮਾਨਸਿਕਤਾ ਪਨਪ ਰਹੀ ਹੈ ਜਿਸ ਤਹਿਤ ਮੁੰਡੇ ਇਹ ਸਮਝਦੇ ਹਨ ਕਿ ਉਹ ਕੁੜੀਆਂ ਨਾਲ ਮਨਚਾਹਿਆ ਵਿਹਾਰ ਕਰ ਸਕਦੇ ਹਨ ਅਤੇ ਜੇ ਕੁੜੀਆਂ ਉਨ੍ਹਾਂ ਦਾ ਕਿਹਾ ਨਹੀਂ ਮੰਨਦੀਆਂ ਤਾਂ ਉਨ੍ਹਾਂ ਨੂੰ ਹਿੰਸਾ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਅਜਿਹੀਆਂ ਘਟਨਾਵਾਂ ਪਿੱਛੇ ਪਈ ਮਾਨਸਿਕਤਾ ਥਾਂ ਥਾਂ ‘ਤੇ ਦਿਖਾਈ ਦਿੰਦੀ ਹੈ; ਸਮਾਜ ਵਿਚ ਔਰਤਾਂ ਨਾਲ ਹਰ ਪੱਧਰ ‘ਤੇ ਵਿਤਕਰਾ ਹੁੰਦਾ ਹੈ ਅਤੇ ਕਈ ਥਾਵਾਂ ‘ਤੇ ਇਹ ਵਿਤਕਰਾ ਹਿੰਸਾਤਮਕ ਸ਼ਕਲ ਅਖ਼ਤਿਆਰ ਕਰ ਲੈਂਦਾ ਹੈ; ਕਿਤੇ ਔਰਤਾਂ ਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ ਤੇ ਕਿਤੇ ਉਨ੍ਹਾਂ ਨਾਲ ਜਬਰ-ਜਨਾਹ ਕਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਸਿਆਸੀ ਪਾਰਟੀਆਂ ਨੂੰ ਵਿਗੜਦੀ ਅਮਨ-ਕਾਨੂੰਨ ਦੀ ਸਥਿਤੀ ਬਾਰੇ ਵਕਤੀ ਲਾਹਾ ਲੈਣ ਦੀ ਥਾਂ ਇਸ ਘਟਨਾ ਦੇ ਗਰਭ ਵਿਚ ਪਏ ਗੰਭੀਰ ਕਾਰਨਾਂ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਇਸ ਘਟਨਾ ‘ਚ ਦੇਖੇ ਗਏ ਅਜੀਬ ਜਨਤਕ ਵਿਹਾਰ ਅਤੇ ਇਸ ਦੇ ਗੰਭੀਰ ਪ੍ਰਭਾਵਾਂ ਬਾਰੇ ਬਹਿਸ ਹੋਣੀ ਚਾਹੀਦੀ ਹੈ। ਇਸ ਮੁੱਦੇ ਨੂੰ ਹੱਲ ਕਰਨ ਲਈ ਸਿਵਲ ਸੁਸਾਇਟੀ, ਪੁਲੀਸ ਅਤੇ ਸਿਆਸੀ ਕਾਰਕੁਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ।