For the best experience, open
https://m.punjabitribuneonline.com
on your mobile browser.
Advertisement

ਹਿੰਸਾ ਦੇ ਝੰਬੇ ਮਨੀਪੁਰ ਨੂੰ ਮੱਲ੍ਹਮ ਦੀ ਲੋੜ: ਰਾਹੁਲ ਗਾਂਧੀ

03:10 PM Jun 30, 2023 IST
ਹਿੰਸਾ ਦੇ ਝੰਬੇ ਮਨੀਪੁਰ ਨੂੰ ਮੱਲ੍ਹਮ ਦੀ ਲੋੜ  ਰਾਹੁਲ ਗਾਂਧੀ
Advertisement

ਇੰਫਾਲ, 29 ਜੂਨ

Advertisement

ਮੁੱਖ ਅੰਸ਼

Advertisement

  • ਰਾਹਤ ਕੈਂਪਾਂ ‘ਚ ਹੈਲੀਕਾਪਟਰ ਰਾਹੀਂ ਪੁੱਜੇ ਸਾਬਕਾ ਕਾਂਗਰਸ ਪ੍ਰਧਾਨ
  • ਖੜਗੇ ਨੇ ਕੇਂਦਰ ਤੇ ਸੂਬਾ ਸਰਕਾਰ ‘ਤੇ ‘ਤਾਨਾਸ਼ਾਹੀ ਤੌਰ ਤਰੀਕੇ’ ਵਰਤਣ ਦਾ ਦੋਸ਼ ਲਾਇਆ

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਨੀਪੁਰ ਦੀ ਆਪਣੀ ਫੇਰੀ ਦੌਰਾਨ ਅੱਜ ਕਿਹਾ ਕਿ ਨਸਲੀ ਹਿੰਸਾ ਦੇ ਝੰਬੇ ਸੂਬੇ ਨੂੰ ਮੱਲ੍ਹਮ ਦੀ ਲੋੜ ਹੈ ਤੇ ਅਮਨ-ਸ਼ਾਂਤੀ ਸਾਡੀ ਇਕੋ ਇਕ ਤਰਜੀਹ ਹੋਣੀ ਚਾਹੀਦੀ ਹੈ। ਉਂਜ ਰਾਹੁਲ ਦੀ ਫੇਰੀ ਦੌਰਾਨ ਮਨੀਪੁਰ ਵਿੱਚ ਵੱਡਾ ਡਰਾਮਾ ਦੇਖਣ ਨੂੰ ਮਿਲਿਆ। ਚੂਰਾਚਾਂਦਪੁਰ ਵਿਚਲੇ ਰਾਹਤ ਕੈਂਪਾਂ ਲਈ ਨਿਕਲੇ ਰਾਹੁਲ ਦੇ ਕਾਫ਼ਲੇ ਨੂੰ ਪੁਲੀਸ ਨੇ ਅੱਧ ਵਿਚਾਲੇ ਰੋਕ ਲਿਆ। ਗਾਂਧੀ ਮਗਰੋਂ ਹੈਲੀਕਾਪਟਰ ਰਾਹੀਂ ਰਾਹਤ ਕੈਂਪ ਵਿੱਚ ਪੁੱਜੇ, ਜਿੱਥੇ ਉਨ੍ਹਾਂ ਘਰੋਂ ਬੇਘਰ ਹੋਏ ਲੋਕਾਂ ਨਾਲ ਗੱਲਬਾਤ ਕੀਤੀ। ਉਂਜ ਰਾਹੁਲ ਗਾਂਧੀ ਨੂੰ ਅੱਧ ਵਿਚਾਲੇ ਰੋਕਣ ਕਰਕੇ ਕਾਂਗਰਸ ਤੇ ਭਾਜਪਾ ਆਗੂ ਸਿਆਸੀ ਤੌਰ ‘ਤੇ ਮਿਹਣੋ ਮਿਹਣੀ ਹੁੰਦੇ ਰਹੇ। ਕਾਂਗਰਸ ਨੇ ਦੋਸ਼ ਲਾਇਆ ਕਿ ਕੇਂਦਰ ਤੇ ਸੂਬੇ ਦੀਆਂ ਭਾਜਪਾ ਸਰਕਾਰਾਂ ਗਾਂਧੀ ਦੀ ਫੇਰੀ ਵਿੱਚ ਅੜਿੱਕੇ ਡਾਹੁਣ ਲਈ ‘ਤਾਨਾਸ਼ਾਹੀ ਤੌਰ ਤਰੀਕੇ’ ਅਪਣਾ ਰਹੀਆਂ ਹਨ।

ਰਾਹਤ ਕੈਂਪ ‘ਚ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਗਾਂਧੀ। -ਫੋਟੋ: ਪੀਟੀਆਈ

ਗਾਂਧੀ ਨੇ ਟਵੀਟ ਕੀਤਾ, ”ਸਾਰੇ ਭਾਈਚਾਰਿਆਂ ਦੇ ਲੋਕਾਂ ਨੇ ਮੇਰਾ ਨਿੱਘਾ ਸਵਾਗਤ ਕੀਤਾ ਤੇ ਪਿਆਰ ਦਿੱਤਾ। ਸਰਕਾਰ ਵੱਲੋਂ ਮੈਨੂੰ ਰੋਕੇ ਜਾਣਾ ਮੰਦਭਾਗਾ ਹੈ। ਮੈੈਂ ਮਨੀਪੁਰ ਦੇ ਆਪਣੇ ਸਾਰੇ ਭੈਣ ਭਰਾਵਾਂ ਨੂੰ ਸੁਣਨ ਲਈ ਆਇਆ ਹਾਂ। ਮਨੀਪੁਰ ਨੂੰ ਮੱਲ੍ਹਮ ਦੀ ਲੋੜ ਹੈ। ਅਮਨ ਸ਼ਾਂਤੀ ਸਾਡੀ ਇਕੋ ਇਕ ਤਰਜੀਹ ਹੋਣੀ ਚਾਹੀਦੀ ਹੈ।” ਚੂਰਾਚਾਂਦਪੁਰ ਦੀ ਫੇਰੀ ਦੌਰਾਨ ਰਾਹੁਲ ਗਾਂਧੀ ਨੇ ਇਕ ਸਕੂਲ ਤੇ ਕਾਲਜ ਵਿੱਚ ਸਥਾਪਿਤ ਰਾਹਤ ਕੈਂਪਾਂ ਵਿੱਚ ਲੋਕਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਕੈਂਪਾਂ ਵਿਚ 200 ਦੇ ਕਰੀਬ ਲੋਕਾਂ ਨੂੰ ਰੱਖਿਆ ਗਿਆ ਹੈ।

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਅੱਜ ਸਵੇਰੇ ਹਵਾਈ ਜਹਾਜ਼ ਰਾਹੀਂ ਇੰਫਾਲ ਪੁੱਜੇ ਸਨ। ਇੰਫਾਲ ਤੋਂ ਸੜਕ ਰਸਤੇ ਚੂਰਾਚਾਂਦਪੁਰ ਲਈ ਨਿਕਲੇ ਗਾਂਧੀ ਦੇ ਕਾਫਲੇ ਨੂੰ ਸਥਾਨਕ ਪੁਲੀਸ ਨੇ ਰਾਹ ਵਿਚ ਅੱਗੇ ਰੋਸ ਪ੍ਰਦਰਸ਼ਨਾਂ ਦੇ ਹਵਾਲੇ ਨਾਲ ਰਾਜਧਾਨੀ ਤੋਂ 20 ਕਿਲੋਮੀਟਰ ਦੂਰ ਬਿਸ਼ਨੂਪੁਰ ਵਿੱਚ ਰੋਕ ਲਿਆ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ”ਰਸਤੇ ਵਿਚ ਸੁਰੱਖਿਆ ਨੂੰ ਖ਼ਤਰੇ ਦੇ ਮੱਦੇਨਜ਼ਰ ਅਸੀਂ ਰਾਹੁਲ ਗਾਂਧੀ ਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦੇ ਸਕਦੇ।” ਇਸ ਦੌਰਾਨ ਵੱਡੀ ਗਿਣਤੀ ਲੋਕ, ਜਿਨ੍ਹਾਂ ਵਿਚ ਬਹੁਤੀਆਂ ਔਰਤਾਂ ਸਨ, ਮੌਕੇ ‘ਤੇ ਇਕੱਤਰ ਹੋ ਗਏ ਤੇ ਉਨ੍ਹਾਂ ਕਾਂਗਰਸ ਆਗੂ ਦੇ ਹੱਕ ਤੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ। ਗਾਂਧੀ ਦੇ ਹਮਾਇਤੀਆਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੇਰੀ ਦੇ ਹਵਾਲੇ ਨਾਲ ਕਿਹਾ ਕਿ ਕਾਂਗਰਸ ਆਗੂ ਨੂੰ ਵੀ ਚੂਰਾਚਾਂਦਪੁਰ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਪ੍ਰਦਰਸ਼ਨਕਾਰੀਆਂ ਮਹਿਲਾਵਾਂ ‘ਚੋਂ ਇਕ ਨੇ ਕਿਹਾ, ”ਜੇਕਰ ਅਮਿਤ ਸ਼ਾਹ ਚੂਰਾਚਾਂਦਪੁਰ ਜਾ ਸਕਦੇ ਹਨ ਤਾਂ ਫਿਰ ਰਾਹੁਲ ਗਾਂਧੀ ਕਿਉਂ ਨਹੀਂ?” ਪੁਲੀਸ ਨੇ ਹਜੂਮ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ ਦਾਗੇ। ਬਿਸ਼ਨੂਪੁਰ ਵਿੱਚ ਕੁਝ ਘੰਟਿਆਂ ਲਈ ਫਸੇ ਰਹਿਣ ਮਗਰੋਂ ਰਾਹੁਲ ਗਾਂਧੀ ਇੰਫਾਲ ਹਵਾਈ ਅੱਡੇ ਨੂੰ ਮੁੜ ਗਏ ਤੇ ਹੈਲੀਕਾਪਟਰ ਉੱਤੇ ਚੂਰਾਚਾਂਦਪੁਰ ਪੁੱਜੇ। ਹਵਾਈ ਅੱਡੇ ਦੇ ਇਕ ਸੂਤਰ ਨੇ ਕਿਹਾ ਕਿ ਹੈਲੀਕਾਪਟਰ ਵਿੱਚ ਗਾਂਧੀ ਨਾਲ ਸਿਖਰਲੇ ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ।

ਬਿਸ਼ਨੂਪੁਰ ‘ਚ ਰਾਹੁਲ ਗਾਂਧੀ ਦਾ ਕਾਿਫਲਾ ਪੁਲੀਸ ਵੱਲੋਂ ਰੋਕੇ ਜਾਣ ਮਗਰੋਂ ਇਕੱਠੇ ਹੋਏ ਸਥਾਨਕ ਲੋਕ। -ਫੋਟੋ: ਪੀਟੀਆਈ

ਇਸ ਦੌਰਾਨ ਕਾਂਗਰਸ ਨੇ ਦੋਸ਼ ਲਾਇਆ ਕਿ ਕੇਂਦਰ ਤੇ ਸੂਬੇ ਦੀਆਂ ਭਾਜਪਾ ਸਰਕਾਰਾਂ ਗਾਂਧੀ ਦੀ ਫੇਰੀ ਵਿੱਚ ਅੜਿੱਕੇ ਡਾਹੁਣ ਲਈ ‘ਤਾਨਾਸ਼ਾਹੀ ਤੌਰ ਤਰੀਕੇ’ ਵਰਤ ਰਹੀਆਂ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਟਵੀਟ ਕੀਤਾ, ”ਕੇਂਦਰ ਤੇ ਸੂਬੇ ਦੀਆਂ ਡਬਲ ਇੰਜਨ ਤਬਾਹਕੁਨ ਸਰਕਾਰਾਂ ਸ੍ਰੀ ਰਾਹੁਲ ਗਾਂਧੀ ਦੀ ਹਮਦਰਦੀ ਭਰੀ ਪਹੁੰਚ ਵਿਚ ਅੜਿੱਕਾ ਡਾਹੁਣ ਲਈ ਤਾਨਾਸ਼ਾਹੀ ਤੌਰ-ਤਰੀਕੇ ਵਰਤ ਰਹੀਆਂ ਹਨ, ਜੋ ਪੂਰੀ ਤਰ੍ਹਾਂ ਅਸਵੀਕਾਰਯੋਗ ਹਨ ਤੇ ਜਿਸ ਨੇ ਸਾਰੇ ਸੰਵਿਧਾਨਕ ਤੇ ਜਮਹੂਰੀ ਨੇਮਾਂ ਨੂੰ ਵੱਡੀ ਢਾਹ ਲਾਈ ਹੈ।” ਖੜਗੇ ਨੇ ਕਿਹਾ, ”ਰਾਹੁਲ ਗਾਂਧੀ ਕੈਂਪਾਂ ਵਿੱਚ ਪ੍ਰੇਸ਼ਾਨੀਆਂ ਝੱਲ ਰਹੇ ਲੋਕਾਂ ਨੂੰ ਮਿਲਣ ਤੇ ਹਿੰਸਾ ਦੇ ਝੰਬੇ ਸੂਬੇ ਨੂੰ ਮੱਲ੍ਹਮ ਮੁਹੱਈਆ ਕਰਵਾਉਣ ਗਏ ਹਨ।”

ਉਧਰ ਮਨੀਪੁਰ ਕਾਂਗਰਸ ਦੇ ਪ੍ਰਧਾਨ ਕੇਸ਼ਮ ਮੇਘਾਚੰਦਰਾ ਨੇ ਕਿਹਾ ਕਿ ਗਾਂਧੀ ਦੇ ਕਾਫ਼ਲੇ ਨੂੰ ਰੋਕਣ ਦੇ ਹੁਕਮ ਮੁੱਖ ਮੰਤਰੀ ਐੱਨ.ਬੀਰੇਨ ਸਿੰਘ ਨੇ ਦਿੱਤੇ ਸਨ, ‘ਕਿਉਂਕਿ ਹਰ ਕੋਈ ਰਾਹੁਲ ਗਾਂਧੀ ਦਾ ਨਿੱਘਾ ਸਵਾਗਤ ਕਰ ਰਿਹਾ ਸੀ।” ਉਧਰ ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਡੈਰੇਕ ਓ’ਬ੍ਰਾਇਨ ਨੇ ਕਿਹਾ ਕਿ ਪੁਲੀਸ ਵੱਲੋਂ ਰਾਹੁਲ ਗਾਂਧੀ ਦੇ ਕਾਫ਼ਲੇ ਨੂੰ ਰੋਕੇ ਜਾਣ ਤੋਂ ਕੇਂਦਰ ਦੀ ‘ਨਿਰਾਸ਼ਾ’ ਝਲਕਦੀ ਹੈ। ਉਨ੍ਹਾਂ ਕਿਹਾ, ”ਮੋਦੀ ਤੇ ਸ਼ਾਹ ਦੀ ਭਾਜਪਾ ਹੁਣ ਨਿਰਾਸ਼ ਹੈ। ਇਕ ਮਹੀਨਾ ਪਹਿਲਾਂ ਮਮਤਾ ਬੈਨਰਜੀ ਨੇ ਵੀ ਪੱਤਰ ਲਿਖ ਕੇ ਮਨੀਪੁਰ ਵਿਚ ਦਾਖ਼ਲੇ ਦੀ ਇਜਾਜ਼ਤ ਮੰਗੀ ਸੀ, ਪਰ ਉਨ੍ਹਾਂ ਨੂੰ ਪ੍ਰਵਾਨਗੀ ਨਹੀਂ ਮਿਲੀ। ਹੁਣ ਠੀਕ ਇਕ ਮਹੀਨੇ ਬਾਅਦ ਰਾਹੁਲ ਗਾਂਧੀ ਨੂੰ ਦਾਖ਼ਲੇ ਤੋਂ ਨਾਂਹ ਕੀਤੀ ਗਈ ਹੈ। ਯਕੀਨੀ ਤੌਰ ‘ਤੇ ਇਹ ਭਾਜਪਾ ਸਰਕਾਰ ਦੇ ਆਖਰੀ 300 ਦਿਨ ਹਨ।” -ਪੀਟੀਆਈ

ਕਾਂਗਪੋਕਪੀ ਜ਼ਿਲ੍ਹੇ ਵਿੱਚ ਦੁਵੱਲੀ ਗੋਲੀਬਾਰੀ ਵਿੱਚ ਦੋ ‘ਦੰਗਾਕਾਰੀ’ ਹਲਾਕ, ਪੰਜ ਜ਼ਖ਼ਮੀ

ਇੰਫਾਲ: ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਦੇ ਹਰਾਓਥੇਲ ਪਿੰਡ ਵਿਚ ਅੱਜ ਦੰਗਾਕਾਰੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਦੁਵੱਲੀ ਗੋਲਬਾਰੀ ਵਿਚ ਦੋ ਦੰਗਾਈ ਮਾਰੇ ਗਏ। ਅਧਿਕਾਰੀਆਂ ਨੇ ਕਿਹਾ ਕਿ ਹਥਿਆਰਬੰਦ ਦੰਗਾਈਆਂ ਨੇ ਅੱਜ ਸਵੇਰੇ ਬਿਨਾਂ ਕਿਸੇ ਭੜਕਾਹਟ ਤੋਂ ਗੋਲੀਬਾਰੀ ਕੀਤੀ ਤੇ ਸੁਰੱਖਿਆ ਬਲਾਂ ਨੇ ਹਾਲਾਤ ਨਾਲ ਸਿੱਝਣ ਲਈ ਸੰਤੁਲਿਤ ਪਹੁੰਚ ਅਪਣਾਈ। ਅਧਿਕਾਰੀਆਂ ਮੁਤਾਬਕ ਦੁਵੱਲੀ ਗੋਲੀਬਾਰੀ ਦੌਰਾਨ ਦੋ ਸ਼ੱਕੀ ਹਥਿਆਰਬੰਦ ਦੰਗਾਕਾਰੀ ਹਲਾਕ ਤੇ ਪੰਜ ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਇਕ ਹੋਰ ਦੰਗਾਈ ਦੇ ਮਾਰੇ ਜਾਣ ਦਾ ਵੀ ਖ਼ਦਸ਼ਾ ਹੈ, ਪਰ ਅਜੇ ਤੱਕ ਮੌਕੇ ਤੋਂ ਉਸ ਦੀ ਲਾਸ਼ ਬਰਾਮਦ ਨਹੀਂ ਹੋਈ। ਇਸ ਦੌਰਾਨ ਭਾਈਚਾਰੇ ਦੇ ਮੈਂਬਰਾਂ ਨੇ ਦੋਵਾਂ ਦੰਗਾਕਾਰੀਆਂ ਦੀ ਲਾਸ਼ਾਂ ਲੈ ਕੇ ਮੁੱਖ ਮੰਤਰੀ ਦੀ ਇੰਫਾਲ ਵਿਚਲੀ ਰਿਹਾਇਸ਼ ਤੱਕ ਮਾਰਚ ਦੀ ਕੋਸ਼ਿਸ਼ ਕੀਤੀ, ਪਰ ਪੁਲੀਸ ਨੇ ਉਨ੍ਹਾਂ ਨੂੰ ਰਾਹ ਵਿੱਚ ਰੋਕ ਦਿੱਤਾ। ਹਜੂਮ ਨੂੰ ਖਿੰਡਾਉਣ ਲਈ ਪੁਲੀਸ ਨੂੰ ਅੱਥਰੂ ਗੈਸ ਦੀ ਵਰਤੋਂ ਕਰਨੀ ਪਈ। -ਪੀਟੀਆਈ

Advertisement
Tags :
Advertisement