For the best experience, open
https://m.punjabitribuneonline.com
on your mobile browser.
Advertisement

ਮਨੀਪੁਰ ਦੇ ਜਿਰੀਬਾਮ ’ਚ ਹਿੰਸਾ, 5 ਵਿਅਕਤੀ ਹਲਾਕ

08:05 AM Sep 08, 2024 IST
ਮਨੀਪੁਰ ਦੇ ਜਿਰੀਬਾਮ ’ਚ ਹਿੰਸਾ  5 ਵਿਅਕਤੀ ਹਲਾਕ
ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ’ਚ ਹਿੰਸਾ ਮਗਰੋਂ ਬੰਦ ਪਈਆਂ ਦੁਕਾਨਾਂ। -ਫੋਟੋ: ਪੀਟੀਆਈ
Advertisement

ਇੰਫਾਲ/ਕੋਲਕਾਤਾ, 7 ਸਤੰਬਰ
ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ’ਚ ਹੋਈ ਹਿੰਸਾ ਦੌਰਾਨ ਪੰਜ ਵਿਅਕਤੀ ਮਾਰੇ ਗਏ। ਉਧਰ ਬਿਸ਼ਨੂਪੁਰ ’ਚ ਅਤਿਵਾਦੀਆਂ ਵੱਲੋਂ ਕੀਤੇ ਰਾਕੇਟ ਹਮਲਿਆਂ ’ਚ ਇਕ ਵਿਅਕਤੀ ਦੇ ਹਲਾਕ ਅਤੇ ਛੇ ਹੋਰਾਂ ਦੇ ਜ਼ਖ਼ਮੀ ਹੋਣ ਮਗਰੋਂ ਸੁਰੱਖਿਆ ਬਲਾਂ ਨੇ ਚੂਰਾਚਾਂਦਪੁਰ ਜ਼ਿਲ੍ਹੇ ਦੇ ਸੁਆਲਸਾਂਗ ਅਤੇ ਲਾਇਕਾ ਮੁਆਲਸਾਊ ਪਿੰਡਾਂ ’ਚ ਸ਼ੁੱਕਰਵਾਰ ਨੂੰ ਅਤਿਵਾਦੀਆਂ ਦੇ ਤਿੰਨ ਬੰਕਰ ਤਬਾਹ ਕਰ ਦਿੱਤੇ। ਸੂਬੇ ’ਚ ਅਮਨ-ਕਾਨੂੰਨ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਉੱਚ ਪੱਧਰੀ ਸੁਰੱਖਿਆ ਮੀਟਿੰਗਾਂ ਹੋਈਆਂ ਹਨ ਅਤੇ ਹਾਲਾਤ ’ਤੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ।
ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅੱਜ ਅਤਿਵਾਦੀਆਂ ਨੇ ਸੁੱਤੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ, ਜਿਸ ਮਗਰੋਂ ਜਿਰੀਬਾਮ ਜ਼ਿਲ੍ਹੇ ’ਚ ਦੋ ਫਿਰਕਿਆਂ ਵਿਚਕਾਰ ਹੋਈ ਅੰਨ੍ਹੇਵਾਹ ਗੋਲੀਬਾਰੀ ’ਚ ਚਾਰ ਹੋਰ ਵਿਅਕਤੀ ਮਾਰੇ ਗਏ। ਉਨ੍ਹਾਂ ਕਿਹਾ ਕਿ ਅਤਿਵਾਦੀ ਜ਼ਿਲ੍ਹਾ ਪ੍ਰਸ਼ਾਸਨ ਹੈੱਡਕੁਆਰਟਰ ਤੋਂ ਕਰੀਬ ਪੰਜ ਕਿਲੋਮੀਟਰ ’ਤੇ ਇਕ ਸੁੰਨੀ ਜਿਹੀ ਥਾਂ ’ਤੇ ਘਰ ਅੰਦਰ ਦਾਖ਼ਲ ਹੋਏ ਅਤੇ ਉਥੇ ਸੁੱਤੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਇਸ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਹੈੱਡਕੁਆਰਟਰ ਤੋਂ ਕਰੀਬ 7 ਕਿਲੋਮੀਟਰ ਦੂਰ ਦੋ ਫਿਰਕਿਆਂ ਵਿਚਕਾਰ ਅੰਨ੍ਹੇਵਾਹ ਗੋਲੀਆਂ ਚੱਲੀਆਂ, ਜਿਸ ਕਾਰਨ ਤਿੰਨ ਅਤਿਵਾਦੀਆਂ ਸਮੇਤ ਚਾਰ ਹਥਿਆਰਬੰਦ ਵਿਅਕਤੀ ਮਾਰੇ ਗਏ। ਇਸ ਹਫ਼ਤੇ ਦੇ ਸ਼ੁਰੂ ’ਚ ਵੀ ਜਿਰੀਬਾਮ ਜ਼ਿਲ੍ਹੇ ’ਚ ਨਵੇਂ ਸਿਰੇ ਤੋਂ ਅੱਗਜ਼ਨੀ ਹੋਈ ਸੀ, ਜਦੋਂ ਪਿੰਡ ਵਾਲੰਟੀਅਰਾਂ ਨੇ ਬੋਰੋਬੇਕਰਾ ਪੁਲੀਸ ਸਟੇਸ਼ਨ ਇਲਾਕੇ ਦੇ ਜਕੂਰਾਧੋਰ ’ਚ ਇਕ ਸੇਵਾਮੁਕਤ ਪੁਲੀਸ ਅਧਿਕਾਰੀ ਦੇ ਸੁੰਨੇ ਪਏ ਤਿੰਨ ਕਮਰਿਆਂ ਦੇ ਘਰ ਨੂੰ ਅੱਗ ਲਗਾ ਦਿੱਤੀ ਸੀ। ਕਬਾਇਲੀ ਜਥੇਬੰਦੀ ਇੰਡੀਜੀਨੀਅਸ ਟ੍ਰਾਈਬਜ਼ ਐਡਵੋਕੇਸੀ ਕਮੇਟੀ (ਫੇਰਜ਼ਾਵਲ ਅਤੇ ਜਿਰੀਬਾਮ) ਨੇ ਘਟਨਾ ’ਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਪਹਿਲੀ ਅਗਸਤ ਨੂੰ ਅਸਾਮ ਦੇ ਕਚਾਰ ’ਚ ਮੈਤੇਈ ਅਤੇ ਹਮਾਰ ਭਾਈਚਾਰਿਆਂ ਦੇ ਨੁਮਾਇੰਦਿਆਂ ਵਿਚਕਾਰ ਸ਼ਾਂਤੀ ਬਹਾਲੀ ਦੇ ਸਮਝੌਤੇ ਦੇ ਬਾਵਜੂਦ ਜ਼ਿਲ੍ਹੇ ’ਚ ਹਿੰਸਾ ਦੇਖਣ ਨੂੰ ਮਿਲੀ ਹੈ। ਪੁਲੀਸ ਨੇ ਬਿਆਨ ’ਚ ਕਿਹਾ ਕਿ ਚੂਰਾਚਾਂਦਪੁਰ ਜ਼ਿਲ੍ਹੇ ਦੇ ਮੁਆਲਸਾਂਗ ’ਚ ਦੋ ਅਤੇ ਲਾਇਕਾ ਮੁਆਸਾਊ ’ਚ ਇਕ ਬੰਕਰ ਤਬਾਹ ਕੀਤੇ ਗਏ ਹਨ। ਫੌਜ ਦੇ ਹੈਲੀਕਾਪਟਰ ਨੂੰ ਹਵਾਈ ਗਸ਼ਤ ਲਈ ਤਾਇਨਾਤ ਕੀਤਾ ਗਿਆ ਹੈ। ਬਿਸ਼ਨੂਪੁਰ ਅਤੇ ਇੰਫਾਲ ਪੂਰਬੀ ਜ਼ਿਲ੍ਹਿਆਂ ਦੇ ਬਾਹਰਲੇ ਇਲਾਕਿਆਂ ’ਚ ਕਈ ਡਰੋਨ ਦੇਖੇ ਜਾਣ ਮਗਰੋਂ ਲੋਕਾਂ ਨੇ ਘਰਾਂ ਦੀਆਂ ਬੱਤੀਆਂ ਬੁਝਾ ਦਿੱਤੀਆਂ ਅਤੇ ਉਥੇ ਡਰ ਦਾ ਮਾਹੌਲ ਹੈ। -ਪੀਟੀਆਈ

ਮੁੱਖ ਮੰਤਰੀ ਵੱਲੋਂ ਰਾਜਪਾਲ ਨਾਲ ਮੁਲਾਕਾਤ

ਮੁੱਖ ਮੰਤਰੀ ਐੱਨ ਬੀਰੇਨ ਸਿੰਘ ਦਾ ਕਾਫਲਾ ਰਾਜਪਾਲ ਲਕਸ਼ਮਣ ਅਚਾਰੀਆ ਨੂੰ ਮਿਲਣ ਲਈ ਰਾਜ ਭਵਨ ਜਾਂਦਾ ਹੋਇਆ। -ਫੋਟੋ: ਪੀਟੀਆਈ

ਇੰਫਾਲ: ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਅੱਜ ਦੇਰ ਸ਼ਾਮ ਰਾਜਪਾਲ ਐੱਲ ਅਚਾਰੀਆ ਨਾਲ ਮੁਲਾਕਾਤ ਕਰ ਕੇ ਸੂਬੇ ਵਿੱਚ ਹਿੰਸਾ ਦੀਆਂ ਘਟਨਾਵਾਂ ਮਗਰੋਂ ਹਾਲਾਤ ਬਾਰੇ ਵਿਚਾਰ ਵਟਾਂਦਰਾ ਕੀਤਾ। ਹਾਕਮ ਗੱਠਜੋੜ ਦੇ ਵਿਧਾਇਕਾਂ ਦੀ ਹੰਗਾਮੀ ਮੀਟਿੰਗ ਮਗਰੋਂ ਬੀਰੇਨ ਸਿੰਘ ਰਾਜਪਾਲ ਨੂੰ ਮਿਲਣ ਲਈ ਗਏ। ਮੁੱਖ ਮੰਤਰੀ ਸਕੱਤਰੇਤ ’ਚ ਮੀਟਿੰਗ ਦੌਰਾਨ 25 ਵਿਧਾਇਕ ਹਾਜ਼ਰ ਸਨ ਜਿਨ੍ਹ੍ਵਾਂ ਸੂਬੇ ਦੇ ਹਾਲਾਤ ਦਾ ਜਾਇਜ਼ਾ ਲਿਆ। -ਪੀਟੀਆਈ

Advertisement

ਡਰੋਨ ਵਿਰੋਧੀ ਪ੍ਰਣਾਲੀ ਤਾਇਨਾਤ: ਆਈਜੀ

ਇੰਫਾਲ: ਮਨੀਪੁਰ ਪੁਲੀਸ ਨੇ ਕਿਹਾ ਹੈ ਕਿ ਆਮ ਲੋਕਾਂ ’ਤੇ ਡਰੋਨ ਅਤੇ ਰਾਕੇਟ ਹਮਲਿਆਂ ਨੂੰ ਰੋਕਣ ਲਈ ਡਰੋਨ ਵਿਰੋਧੀ ਪ੍ਰਣਾਲੀਆਂ ਤਾਇਨਾਤ ਕੀਤੀਆਂ ਗਈਆਂ ਹਨ। ਆਈਜੀ ਕੇ. ਕਬੀਬ ਨੇ ਦੱਸਿਆ ਕਿ ਲੋਕਾਂ ’ਤੇ ਹਮਲਿਆਂ ਨੂੰ ਰੋਕਣ ਲਈ ਡਰੋਨ ਵਿਰੋਧੀ ਬੰਦੂਕਾਂ ਅਤੇ ਹੋਰ ਹਥਿਆਰ ਖ਼ਰੀਦਣ ਦਾ ਅਮਲ ਸ਼ੁਰੂ ਹੈ। ਪੁਲੀਸ ਨੇ ਕਾਂਗਪੋਕਪੀ ਅਤੇ ਬਿਸ਼ਨੂਪੁਰ ਜ਼ਿਲ੍ਹਿਆਂ ਦੀ ਹੱਦ ਨਾਲ ਲਗਦੇ ਲੋਇਬੋਲ ਖੁਲੇਨ ਅਤੇ ਤਿੰਗਕਾਈ ਖੁਲੇਨ ਤੋਂ ਹਥਿਆਰ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਹਾਲਾਤ ਦਾ ਨੇੜਿਉਂ ਨਜ਼ਰ ਰੱਖ ਰਹੀ ਹੈ ਅਤੇ ਸੀਨੀਅਰ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਜਿਰੀਬਾਮ ਜ਼ਿਲ੍ਹੇ ’ਚ ਹਿੰਸਾ ਬਾਰੇ ਆਈਜੀ ਨੇ ਕਿਹਾ ਕਿ ਸ਼ੱਕੀ ਕੁਕੀ ਦਹਿਸ਼ਤਗਰਦਾਂ ਨੇ ਨੰਗਚਾਬੀ ਪਿੰਡ ’ਚ ਹਮਲਾ ਕੀਤਾ ਸੀ, ਜਿਸ ’ਚ ਕੁਲੇਂਦਰ ਸਿੰਗਾ (63) ਨਾਮ ਦੇ ਵਿਅਕਤੀ ਦੀ ਮੌਤ ਹੋ ਗਈ। ਆਈਜੀ ਨੇ ਕਿਹਾ ਕਿ ਬੀਤੀ ਰਾਤ ਮਨੀਪੁਰ ਰਾਈਫਲਜ਼ ਦੀਆਂ 7ਵੀਂ ਅਤੇ ਦੂਜੀ ਬਟਾਲੀਅਨਾਂ ਤੋਂ ਹਥਿਆਰ ਲੁੱਟਣ ਦੀ ਕੋਸ਼ਿਸ਼ ਵੀ ਹੋਈ ਸੀ। -ਪੀਟੀਆਈ

Advertisement
Author Image

sanam grng

View all posts

Advertisement