ਫਰਾਂਸ ਵਿਚ ਹਿੰਸਾ
ਪੈਰਿਸ ਦੇ ਇਕ ਉਪ-ਨਗਰੀ ਇਲਾਕੇ ਵਿਚ ਆਵਾਜਾਈ ਰੋਕੇ ਜਾਣ ਦੌਰਾਨ ਅਫ਼ਰੀਕੀ ਮੂਲ ਦੇ 17 ਸਾਲਾ ਨੌਜਵਾਨ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤੇ ਜਾਣ ਦੀ ਘਟਨਾ ਤੋਂ ਬਾਅਦ ਫਰਾਂਸ ਵਿਚਲਾ ਭਿਆਨਕ ਸਮਾਜਿਕ ਤਣਾਅ ਫਿਰ ਜੱਗ ਜ਼ਾਹਿਰ ਹੋਇਆ ਹੈ। 27 ਜੂਨ ਨੂੰ ਪੈਰਿਸ ਵਿਚ ਵਾਪਰੀ ਇਸ ਘਟਨਾ ਵਿਚ ਪੁਲੀਸ ਅਧਿਕਾਰੀ ਨੇ ਅਲਜੀਰੀਅਨ ਮੂਲ ਦੇ ਨਾਹੇਲ ਮਰਜ਼ੌਕ ’ਤੇ ਇਸ ਲਈ ਗੋਲੀ ਚਲਾਈ ਸੀ ਕਿ ਪੁਲੀਸ ਦੁਆਰਾ ਰੋਕੇ ਜਾਣ ’ਤੇ ਉਹ ਰੁਕਿਆ ਨਹੀਂ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਫਰਾਂਸ ਦੇ ਵੱਖ ਵੱਖ ਸ਼ਹਿਰਾਂ ਵਿਚ ਦੰਗੇ ਅਤੇ ਅਗਜ਼ਨੀ ਦੀਆਂ ਘਟਨਾਵਾਂ ਹੋਈਆਂ ਹਨ। 45000 ਪੁਲੀਸ ਕਰਮਚਾਰੀ ਡਿਊਟੀ ’ਤੇ ਹਨ ਅਤੇ 1000 ਤੋਂ ਵੱਧ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਇਨ੍ਹਾਂ ਘਟਨਾਵਾਂ ਨੇ ਗ਼ਰੀਬ ਤੇ ਨਸਲੀ ਪੱਖੋਂ ਮਿਲੇ-ਜੁਲੇ ਭਾਈਚਾਰਿਆਂ ਵਿਰੁੱਧ ਹੁੰਦੇ ਵਿਤਕਰੇ ਨੂੰ ਸਾਹਮਣੇ ਲਿਆਉਣ ਦੇ ਨਾਲ ਨਾਲ ਪੁਲੀਸ ਹਿੰਸਾ ਤੇ ਢਾਂਚਾਗਤ ਨਸਲਪ੍ਰਸਤੀ ਸਬੰਧੀ ਸ਼ਿਕਾਇਤਾਂ ਨੂੰ ਮੁੜ ਭਖ਼ਾ ਦਿੱਤਾ ਹੈ। ਮਨੁੱਖੀ ਹੱਕਾਂ ਬਾਰੇ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ ਦੇ ਦਫ਼ਤਰ (Office of the UN High Commissioner for Human Rights) ਮੁਤਾਬਿਕ ਵੀਡੀਓ ਕੈਮਰੇ ਵਿਚ ਕੈਦ ਹੋਈ ਗੋਲੀ ਚਲਾਏ ਜਾਣ ਦੀ ਇਹ ਘਟਨਾ ਅਜਿਹਾ ਮੌਕਾ ਹੈ ਜਦੋਂ ਕਾਨੂੰਨ ਲਾਗੂ ਕੀਤੇ ਜਾਣ ਦੇ ਮਾਮਲੇ ਵਿਚ ਨਸਲੀ ਵਿਤਕਰੇ ਦੇ ਗੰਭੀਰ ਮੁੱਦੇ ਨੂੰ ਸੰਜੀਦਗੀ ਨਾਲ ਹੱਲ ਕਰਨ ਦੀ ਲੋੜ ਹੈ। ਬੀਤੇ ਸਾਲ ਗੋਲੀਬਾਰੀ ਦੀਆਂ ਅਜਿਹੀਆਂ 13 ਘਟਨਾਵਾਂ ਵਾਪਰੀਆਂ ਅਤੇ 2017 ਤੋਂ ਬਾਅਦ ਅਜਿਹੇ ਮਾਮਲਿਆਂ ਦੇ ਬਹੁਤੇ ਸ਼ਿਕਾਰ ਜਾਂ ਤਾਂ ਅਫ਼ਰੀਕੀ ਸਿਆਹਫ਼ਾਮ ਸਨ ਜਾਂ ਅਰਬ ਮੂਲ ਦੇ ਵਿਅਕਤੀ। ਇੰਝ ਹੋਈਆਂ ਮੌਤਾਂ ਕਾਰਨ ਵਧੇਰੇ ਜਵਾਬਦੇਹੀ ਦੀ ਮੰਗ ਜ਼ੋਰ ਫੜ ਗਈ ਹੈ।
ਬਰਤਾਨੀਆ ਦੀ 2011 ਦੀ ਘਟਨਾ ਤੋਂ ਲੈ ਕੇ ਅਮਰੀਕਾ ਵਿਚ 2013 ਵਿਚ ਜਨਮੀ ਲਹਿਰ ‘ਸਿਆਹਫ਼ਾਮ ਲੋਕਾਂ ਦੀ ਜ਼ਿੰਦਗੀ ਵੀ ਕੀਮਤੀ ਹੈ (ਬਲੈਕ ਲਾਈਵਜ਼ ਮੈਟਰ)’ ਤੱਕ ਬਹੁਤ ਸਾਰੀਆਂ ਪੱਛਮੀ ਸਰਕਾਰਾਂ ਨੂੰ ਪੁਲੀਸ ਦੀ ਨਸਲੀ ਆਧਾਰ ਵਾਲੀ ਹਿੰਸਾ ਨਾਲ ਸਿੱਝਣਾ ਪਿਆ ਹੈ। ਫਰਾਂਸ ਦੀ ਪੁਲੀਸ ਦੇ ਕਾਰ-ਵਿਹਾਰ ਵਿਚ ਤਾਕਤ ਦੀ ਬੇਹਿਸਾਬੀ ਵਰਤੋਂ ਦੀ ਸਖ਼ਤ ਆਲੋਚਨਾ ਹੁੰਦੀ ਰਹੀ। ਇਸ ਦੇਸ਼ ਵਿਆਪੀ ਅਫ਼ਰਾ-ਤਫ਼ਰੀ ਨੇ ਮੁੜ ਇਸ ਗੱਲ ਨੂੰ ਸੁਰਖੀਆਂ ਵਿਚ ਲਿਆ ਦਿੱਤਾ ਹੈ ਕਿ ਵੱਖ-ਵੱਖ ਸਰਕਾਰਾਂ ਆਪਣੇ ਅਦਾਰਿਆਂ ਵਿਚ ਸੁਧਾਰ ਲਿਆਉਣ ਵਿਚ ਅਸਮਰੱਥ ਰਹੀਆਂ ਹਨ। ਇਸ ਦਾ ਮੂਲ ਕਾਰਨ ਨਸਲਵਾਦ ਅਤੇ ਗੋਰੇ ਰੰਗ ਦੇ ਲੋਕਾਂ ਦੇ ਮਨਾਂ ਵਿਚ ਪਣਪਦਾ ਇਹ ਵਿਸ਼ਵਾਸ ਹੈ ਕਿ ਉਹ ਸਭਿਆਚਾਰਕ ਪੱਖ ਤੋਂ ਸਿਆਹਫ਼ਾਮ ਅਤੇ ਦੂਸਰੇ ਦੇਸ਼ਾਂ ਨਾਲ ਸਬੰਧ ਰੱਖਣ ਵਾਲੇ ਲੋਕਾਂ ਤੋਂ ਜ਼ਿਆਦਾ ਸਮਰੱਥ ਅਤੇ ਸਮਝਦਾਰ ਹਨ।
ਫਰਾਂਸ ਦਾ ਸਾਮਰਾਜ ਉੱਤਰ ਪੂਰਬੀ ਅਫ਼ਰੀਕੀ ਦੇਸ਼ਾਂ ਵਿਚ ਫੈਲਿਆ। ਇਨ੍ਹਾਂ ਦੇਸ਼ਾਂ ਦੇ ਲੋਕ ਵੱਡੀ ਗਿਣਤੀ ਵਿਚ ਫਰਾਂਸ ਦੇ ਵਾਸੀ ਹਨ। ਇਕ ਅਨੁਮਾਨ ਅਨੁਸਾਰ ਇਸ ਸਮੇਂ ਫਰਾਂਸ ਵਿਚ 70 ਲੱਖ ਅਰਬ ਅਤੇ 50 ਲੱਖ ਸਿਆਹਫ਼ਾਮ ਨਸਲ ਦੇ ਲੋਕ ਹਨ। 2018 ਵਿਚ ਤੇਲ ਦੀਆਂ ਕੀਮਤਾਂ ਵਧਣ ਨਾਲ ਫਰਾਂਸ ਵਿਚ ਰੋਸ ਮੁਜ਼ਾਹਰੇ ਹੋਏ ਜਿਨ੍ਹਾਂ ਵਿਚ ਮੁਜ਼ਾਹਰਾਕਾਰੀ ਪੀਲੇ ਰੰਗ ਦੀ ਛੋਟੀ ਕਮੀਜ਼ ਪਾਉਂਦੇ ਸਨ। ਉਨ੍ਹਾਂ ਨੂੰ ਯੈਲੋ ਵੈਸਟ ਰੋਸ ਮੁਜ਼ਾਹਰੇ ਕਿਹਾ ਜਾਂਦਾ ਹੈ। ਉਨ੍ਹਾਂ ਮੁਜ਼ਾਹਰਿਆਂ ਤੋਂ ਬਾਅਦ ਇਹ ਫਰਾਂਸ ਲਈ ਸਭ ਤੋਂ ਭਿਆਨਕ ਸੰਕਟ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਨੇ ਇਸ ਤਣਾਅ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਦੌਰਾਨ ਹਿੰਸਾ ਨੂੰ ਹਵਾ ਦੇਣ ਦਾ ਇਲਜ਼ਾਮ ਸੋਸ਼ਲ ਮੀਡੀਆ ਉੱਤੇ ਲਾਇਆ ਹੈ। ਸਿਆਸੀ ਤੌਰ ’ਤੇ ਕਮਜ਼ੋਰ ਹੋ ਚੁੱਕੇ ਮੈਕਰੌਂ ਉੱਤੇ ਸਿਆਸੀ ਖੱਬੇ ਪੱਖੀਆਂ ਵੱਲੋਂ ਹਾਸ਼ੀਆਗਤ ਲੋਕਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਦੋਸ਼ ਲਾਏ ਜਾ ਰਹੇ ਹਨ ਦੂਜੇ ਪਾਸੇ ਸੱਜੇ ਪੱਖੀ ਚਾਹੁੰਦੇ ਹਨ ਕਿ ਸਰਕਾਰ ਵੱਲੋਂ ਫ਼ਸਾਦੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲੀਸ ਗੋਲੀ ਦੀ ਘਟਨਾ ਨੂੰ ਮੁਆਫ਼ ਨਾ ਕਰਨ ਦੇ ਉਨ੍ਹਾਂ ਦੇ ਫ਼ੈਸਲੇ ਨੂੰ ਅਮਨ-ਕਾਨੂੰਨ ਦੀ ਬਹਾਲੀ ਲਈ ਜ਼ਰੂਰੀ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਦਰਅਸਲ, ਸਰਕਾਰ ਦੁਆਰਾ ਨਸਲਵਾਦ ਬਾਰੇ ਨਜ਼ਰਅੰਦਾਜ਼ੀ ਦੀ ਲੰਮੀ ਵਿਰਾਸਤ ਹੁਣ ਬਹੁਤ ਵੱਡੀ ਚੁਣੌਤੀ ਬਣ ਗਈ ਹੈ।