ਸੰਭਲ ’ਚ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਹਿੰਸਾ, ਤਿੰਨ ਹਲਾਕ
ਸੰਭਲ (ਉੱਤਰ ਪ੍ਰਦੇਸ਼), 24 ਨਵੰਬਰ
ਇੱਥੇ ਮੁਗਲ ਕਾਲ ਦੀ ਜਾਮਾ ਮਸਜਿਦ ਦੇ ਦੂਜੇ ਸਰਵੇਖਣ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦੀ ਪੁਲੀਸ ਨਾਲ ਝੜਪ ਦੌਰਾਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 20 ਤੋਂ ਵੱਧ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਵਾਹਨਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਅਤੇ ਪੁਲੀਸ ‘ਤੇ ਪਥਰਾਅ ਕੀਤਾ, ਜਿਸ ਤੋਂ ਬਾਅਦ ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਹਲਕਾ ਲਾਠੀਚਾਰਜ ਕੀਤਾ। ਅਧਿਕਾਰੀ ਨੇ ਕਿਹਾ, ‘ਭੀੜ ’ਚੋਂ ਸ਼ਰਾਰਤੀ ਅਨਸਰਾਂ ਨੇ ਗੋਲੀਆਂ ਚਲਾਈਆਂ, ਜਿਨ੍ਹਾਂ ਦੇ ਕੁਝ ਛੱਰੇ ਪੁਲੀਸ ਮੁਲਾਜ਼ਮਾਂ ਦੇ ਲੱਗੇ। ਅਸੀਂ ਇਸ ਗੱਲ ਦੀ ਜਾਂਚ ਕਰ ਰਹੇ ਹਾਂ ਕਿ ਗੋਲੀਆਂ ਕਿੱਥੋਂ ਚਲਾਈਆਂ ਗਈਆਂ।’ ਉਨ੍ਹਾਂ ਦੱਸਿਆ ਕਿ 21 ਵਿਅਕਤੀਆਂ ਨੂੰ ਹਿਰਾਸਤ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਸੰਭਲ ਤਹਿਸੀਲ ਵਿੱਚ 24 ਘੰਟੇ ਲਈ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ ਅਤੇ ਭਲਕੇ ਸੋਮਵਾਰ ਨੂੰ ਸਕੂਲ ਬੰਦ ਰੱਖਣ ਦਾ ਐਲਾਨ ਕੀਤਾ ਹੈ।
ਸਥਾਨਕ ਅਦਾਲਤ ਦੇ ਹੁਕਮਾਂ ’ਤੇ ਪਿਛਲੇ ਮੰਗਲਵਾਰ ਜਾਮਾ ਮਸਜਿਦ ਦਾ ਸਰਵੇਖਣ ਕੀਤੇ ਜਾਣ ਤੋਂ ਬਾਅਦ ਪਿਛਲੇ ਕੁਝ ਦਿਨਾਂ ਤੋਂ ਸੰਭਲ ’ਚ ਤਣਾਅ ਬਣਿਆ ਹੋਇਆ ਹੈ। ਅਦਾਲਤ ’ਚ ਪਟੀਸ਼ਨ ਦਾਇਰ ਕਰਕੇ ਦਾਅਵਾ ਕੀਤਾ ਗਿਆ ਹੈ ਕਿ ਜਿਸ ਜਗ੍ਹਾ ’ਤੇ ਜਾਮਾ ਮਸਜਿਦ ਸਥਿਤ ਹੈ, ਉੱਥੇ ਪਹਿਲਾਂ ਹਰੀਹਰ ਮੰਦਰ ਸੀ। ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਨਈਮ, ਬਿਲਾਲ ਅਤੇ ਨੌਮਾਨ ਵਜੋਂ ਹੋਈ ਹੈ। ਇਸ ਦੌਰਾਨ ਕਈ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਐੱਸਐੱਏ ਤਹਿਤ ਕਾਰਵਾਈ ਕੀਤੀ ਜਾਵੇਗੀ।
ਸਥਾਨਕ ਪ੍ਰਸ਼ਾਸਨ ਮੁਤਾਬਕ ਅਦਾਲਤ ਦੇ ਹੁਕਮਾਂ ’ਤੇ ‘ਐਡਵੋਕੇਟ ਕਮਿਸ਼ਨਰ’ ਨੇ ਸਵੇਰੇ 7 ਵਜੇ ਦੇ ਕਰੀਬ ਵਿਵਾਦਤ ਜਗ੍ਹਾ ’ਤੇ ਦੂਜੀ ਵਾਰ ਸਰਵੇਖਣ ਦਾ ਕੰਮ ਸ਼ੁਰੂ ਕੀਤਾ ਤਾਂ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਇਨ੍ਹਾਂ ’ਚੋਂ ਕੁੱਝ ਨੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਜਦੋਂ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲੀਸ ’ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ।
ਪੁਲੀਸ ਸੁਪਰਡੈਂਟ ਕ੍ਰਿਸ਼ਨ ਕੁਮਾਰ ਵਿਸ਼ਨੋਈ ਨੇ ਦੱਸਿਆ ਕਿ ਪੁਲੀਸ ਨੇ ਸਥਿਤੀ ’ਤੇ ਕਾਬੂ ਪਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਹਲਕਾ ਲਾਠੀਰਾਚਜ ਵੀ ਕੀਤਾ। ਉਨ੍ਹਾਂ ਦੱਸਿਆ ਕਿ ਭੀੜ ਵੱਲੋਂ ਕੀਤੇ ਗਏ ਪਥਰਾਅ ਕਾਰਨ ਕਈ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਥਰਾਅ ਕਰਨ ਵਾਲਿਆਂ ਅਤੇ ਉਨ੍ਹਾਂ ਨੂੰ ਭੜਕਾਉਣ ਵਾਲਿਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਸੰਭਲ ਵਿੱਚ ਸਥਿਤੀ ਕਾਬੂ ਹੇਠ ਹੈ। ਉਨ੍ਹਾਂ ਕਿਹਾ, ‘ਅਸੀਂ ਸਥਿਤੀ ’ਤੇ ਨਜ਼ਰ ਰੱਖ ਰਹੇ ਹਾਂ। ਜਲਦੀ ਹੀ ਸਮਾਜ ਵਿਰੋਧੀ ਅਨਸਰਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ
ਕੀਤੀ ਜਾਵੇਗੀ।’ -ਪੀਟੀਆਈ
ਸੰਭਲ ਹਿੰਸਾ ਪਿੱਛੇ ਭਾਜਪਾ ਦਾ ਹੱਥ: ਅਖਿਲੇਸ਼
ਲਖਨਊ: ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਹੈ ਕਿ ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਵਿੱਚ ਮਸਜਿਦ ਦੇ ਸਰਵੇਖਣ ਨੂੰ ਲੈ ਕੇ ਹੋਈ ਹਿੰਸਾ ਭਾਜਪਾ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸੂਬੇ ਦੀਆਂ ਜ਼ਿਮਨੀ ਚੋਣਾਂ ਵਿੱਚ ਬੇਨਿਯਮੀਆਂ ਤੋਂ ਧਿਆਨ ਹਟਾਉਣ ਲਈ ਰਚੀ ਗਈ ਸਾਜ਼ਿਸ਼ ਹੈ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਨੇ ਜ਼ਿਮਨੀ ਚੋਣਾਂ ਦੌਰਾਨ ‘ਇਲੈਕਟ੍ਰਾਨਿਕ ਬੂਥ ਕੈਪਚਰਿੰਗ’ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਜੇ ਚੋਣ ਕਮਿਸ਼ਨ ਈਵੀਐੱਮ ਦੀ ਫੋਰੈਂਸਿਕ ਜਾਂਚ ਕਰਵਾਏ ਤਾਂ ਸਥਿਤੀ ਸਪੱਸ਼ਟ ਹੋ ਜਾਵੇਗੀ। ਉਨ੍ਹਾਂ ਕਿਹਾ, ‘ਚੋਣਾਂ ਬਾਰੇ ਚਰਚਾ ਤੋਂ ਧਿਆਨ ਭਟਕਾਉਣ ਲਈ ਸੰਭਲ ਵਿੱਚ ਜਾਣਬੁੱਝ ਕੇ ਸਰਵੇਖਣ ਟੀਮ ਭੇਜੀ ਗਈ ਸੀ। ਇਸ ਦਾ ਉਦੇਸ਼ ਅਰਾਜਕਤਾ ਪੈਦਾ ਕਰਨਾ ਸੀ।’ -ਪੀਟੀਆਈ