ਪੱਛਮੀ ਬੰਗਾਲ ਵਿੱਚ 10 ਸਾਲਾ ਬੱਚੀ ਲਾਸ਼ ਮਿਲਣ ਮਗਰੋਂ ਹਿੰਸਾ ਤੇ ਅੱਗਜ਼ਨੀ
ਕੋਲਕਾਤਾ, 5 ਅਕਤੂਬਰ
Protests in West Bengal after Girl found dead: ਪੱਛਮੀ ਬੰਗਾਲ ਦੇ 24 ਪਰਗਣਾ ਜ਼ਿਲ੍ਹੇ ਵਿਚ ਸ਼ਨਿੱਚਰਵਾਰ ਨੂੰ ਇਕ 10 ਸਾਲਾ ਬੱਚੀ ਦੀ ਲਾਸ਼ ਮਿਲਣ ਮਗਰੋਂ ਮੁਕਾਮੀ ਲੋਕ ਹਿੰਸਕ ਹੋ ਗਏ, ਜਿਨ੍ਹਾਂ ਦਾ ਦੋਸ਼ ਸੀ ਕਿ ਲੜਕੀ ਨਾਲ ਜਬਰ-ਜਨਾਹ ਕੀਤਾ ਗਿਆ ਸੀ। ਪੁਲੀਸ ਨੇ ਦੱਸਿਆ ਕਿ ਭੜਕੇ ਲੋਕਾਂ ਨੇ ਪੁਲੀਸ ਚੌਕੀ ਨੂੰ ਅੱਗ ਲਾ ਦਿੱਤੀ ਅਤੇ ਭੰਨ-ਤੋੜ ਤੇ ਪਥਰਾਅ ਕੀਤਾ।
ਰੋਹ ਵਿਚ ਆਏ ਪੇਂਡੂਆਂ ਦਾ ਕਹਿਣਾ ਸੀ ਕਿ ਕੁੜੀ ਸ਼ੁੱਕਰਵਾਰ ਤੋਂ ਲਾਪਤਾ ਸੀ ਪਰ ਇਤਲਾਹ ਦਿੱਤੇ ਜਾਣ ਦੇ ਬਾਵਜੂਦ ਪੁਲੀਸ ਨੇ ‘ਫ਼ੌਰੀ ਤੌਰ ’ਤੇ ਕੋਈ ਕਾਰਵਾਈ ਨਹੀਂ ਕੀਤੀ’। ਜਿਉਂ ਹੀ ਲੋਕਾਂ ਨੂੰ ਦਲਦਲੀ ਜ਼ਮੀਨ ਵਿਚੋਂ ਬੱਚੀ ਦੀ ਲਾਸ਼ ਮਿਲੀ ਤਾਂ ਉਨ੍ਹਾਂ ਦਾ ਗੁੱਸਾ ਭੜਕ ਪਿਆ ਅਤੇ ਉਨ੍ਹਾਂ ਮਹਿਸ਼ਮਾਰੀ ਪੁਲੀਸ ਚੌਕੀ ਨੂੰ ਅੱਗ ਲਾ ਦਿੱਤੀ ਅਤੇ ਪੁਲੀਸ ਮੁਲਾਜ਼ਮਾਂ ਉਤੇ ਪਥਰਾਅ ਕੀਤਾ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਪੁਲੀਸ ਚੌਕੀ ਦੇ ਬਾਹਰ ਖੜ੍ਹੇ ਕੀਤੇ ਗਏ ਵਾਹਨਾਂ ਨੂੰ ਵੀ ਭੰਨ-ਤੋੜ ਦਿੱਤਾ ਅਤੇ ਪੁਲੀਸ ਮੁਲਾਜ਼ਮਾਂ ਨੂੰ ਆਪਣੀ ਜਾਨ ਬਚਾ ਕੇ ਭੱਜਣਾ ਪਿਆ। ਇਕ ਸਥਾਨਕ ਵਿਅਕਤੀ ਨੇ ਦਾਅਵਾ ਕੀਤਾ, ‘‘ਬੱਚੀ ਦੇ ਪਰਿਵਾਰ ਨੇ ਮਹਿਸ਼ਮਾਰੀ ਪੁਲੀਸ ਚੌਕੀ ਵਿਚ ਐਫ਼ਆਈਆਰ ਦਰਜ ਕਰਵਾਈ ਸੀ, ਪਰ ਪੁਲੀਸ ਨੇ ਸ਼ਿਕਾਇਤ ਉਤੇ ਫ਼ੌਰੀ ਕਾਰਵਾਈ ਨਹੀਂ ਕੀਤੀ।’’ -ਪੀਟੀਆਈ