ਘੱਟ-ਗਿਣਤੀਆਂ ਖ਼ਿਲਾਫ਼ ਹਿੰਸਾ ਨੂੰ ਚੋਣ ਮੁਹਿੰਮ ਦੀ ਸ਼ੁਰੂਆਤ ਦੱਸਿਆ
ਪੱਤਰ ਪ੍ਰੇਰਕ
ਮਾਨਸਾ, 1 ਅਗਸਤ
ਸੀਪੀਆਈ (ਐਮ.ਐਲ) ਲਬਿਰੇਸ਼ਨ ਵੱਲੋਂ ਇਥੇ ਹੋਈ ਸੂਬਾ ਕਮੇਟੀ ਦੀ ਮੀਟਿੰਗ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ਵਿਚ ਤਿੱਖੇ ਹੋ ਰਹੇ ਸਮਾਜਿਕ ਟਕਰਾਅ ਤੇ ਦੰਗਿਆਂ ਤੋਂ ਜ਼ਾਹਿਰ ਹੈ ਕਿ ਬੀਜੇਪੀ ਨੇ ਲੋਕ ਸਭਾ ਚੋਣਾਂ ਲਈ ਆਪਣੀ ਮੁਹਿੰਮ ਆਰੰਭ ਦਿੱਤੀ ਹੈ। ਮੀਟਿੰਗ ਤੋਂ ਪਹਿਲਾਂ ਪਾਰਟੀ ਦੇ ਮੋਢੀ ਇਨਕਲਾਬੀ ਆਗੂਆਂ ਕਾਮਰੇਡ ਚਾਰੂ ਮੌਜੂਮਦਾਰ ਅਤੇ ਬਾਬਾ ਬੂਝਾ ਸਿੰਘ ਦੀ ਸ਼ਹਾਦਤ ਨੂੰ ਯਾਦ ਕੀਤਾ ਗਿਆ। ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਹੜ੍ਹਾਂ ਤੋਂ ਸੂਬੇ ਦੇ ਬਚਾਅ ਦੇ ਕੋਈ ਅਗਾਊਂ ਪ੍ਰਬੰਧ ਨਹੀਂ ਕੀਤੇ, ਜਿਸ ਕਾਰਨ ਫਸਲਾਂ, ਜ਼ਮੀਨ, ਮਕਾਨਾਂ ਤੇ ਪਸ਼ੂਆਂ ਦਾ ਵੱਡਾ ਨੁਕਸਾਨ ਹੋਇਆ ਹੈ ਜਿਸ ਲਈ ਢੁੱਕਵਾਂ ਮੁਆਵਜ਼ਾ ਜਲਦੀ ਦੇਣਾ ਚਾਹੀਦਾ ਹੈ। ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਅਪਣੇ ਚੋਣ ਵਾਅਦਿਆਂ ਮੁਤਾਬਿਕ ਆਪ ਸਰਕਾਰ ਕਰੀਬ ਡੇਢ ਸਾਲ ਬੀਤਣ ਦੇ ਬਾਵਜੂਦ ਔਰਤਾਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਦੇਣ ਬਾਰੇ ਬਿਲਕੁਲ ਖਾਮੋਸ਼ ਹੈ। ਇਸ ਮੌਕੇ ਰੁਲਦੂ ਸਿੰਘ, ਪ੍ਰਸ਼ੋਤਮ ਸ਼ਰਮਾ, ਸੁਖਦਰਸ਼ਨ ਸਿੰਘ ਨੱਤ, ਗੁਲਜ਼ਾਰ ਸਿੰਘ ਨੇ ਵੀ ਸੰਬੋਧਨ ਕੀਤਾ।