ਮਾਲੇਰਕੋਟਲਾ ਵਿੱਚ ਆਵਾਜਾਈ ਨੇਮਾਂ ਦੀ ਉਲੰਘਣਾ
ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 30 ਜਨਵਰੀ
ਟਰੈਫ਼ਿਕ ਪੁਲੀਸ ਵੱਲੋਂ ਸੀਮਤ ਨਫ਼ਰੀ ਨਾਲ ਸ਼ਹਿਰ ਦੀ ਆਵਾਜਾਈ ਵਿਵਸਥਾ ਸੁਧਾਰਨ ਲਈ ਕੀਤੇ ਜਾ ਰਹੇ ਸਿਰਤੋੜ ਯਤਨਾਂ ਦੇ ਬਾਵਜੂਦ ਸ਼ਹਿਰ ਅੰਦਰ ਟਰੈਫ਼ਿਕ ਵਿਵਸਥਾ ’ਚ ਲੋੜੀਂਦਾ ਸੁਧਾਰ ਨਹੀਂ ਹੋ ਰਿਹਾ। ਵਾਹਨ ਚਾਲਕਾਂ ਵੱਲੋਂ ਸ਼ਹਿਰ ਦੀ ਕਿਸੇ ਵੀ ਸੜਕ ’ਤੇ ਆਵਾਜਾਈ ਨੇਮਾਂ ਦੀ ਉਲੰਘਣਾ ਆਸਾਨੀ ਨਾਲ ਦੇਖੀ ਜਾ ਸਕਦੀ ਹੈ। ਨੌਜਵਾਨ ਬਗੈਰ ਹੈਲਮਟ ਪਾਏ ਸੜਕਾਂ ’ਤੇ ਦੋ ਅਤੇ ਚਾਰ ਪਹੀਆ ਵਾਹਨ ਤੇਜ਼ ਰਫ਼ਤਾਰ ਨਾਲ ਚਲਾਉਂਦੇ ਹਨ। ਇਸੇ ਤਰ੍ਹਾਂ ਚਾਰ ਪਹੀਆ ਵਾਹਨ ਚਾਲਕ ਉੱਚੀ ਆਵਾਜ਼ ਵਾਲੇ ਹਾਰਨ ਵਜਾਉਂਦੇ ਕਾਲਜਾਂ, ਸਕੂਲਾਂ ਅਤੇ ਹਸਪਤਾਲਾਂ ਕੋਲੋਂ ਬੇਖ਼ੌਫ਼ ਲੰਘਦੇ ਹਨ। ਮੋਟਰਸਾਈਕਲ ’ਤੇ ਤਿੰਨ ਸਵਾਰੀਆਂ ਤਾਂ ਆਮ ਗੱਲ ਹੋ ਗਈ ਹੈ। ਸ਼ਹਿਰ ਵਿੱਚ ਨਾਜਾਇਜ਼ ਕਬਜ਼ੇ, ਕਿਤੇ ਵੀ ਮਨਮਾਨੇ ਢੰਗ ਨਾਲ ਵਾਹਨ ਖੜ੍ਹੇ ਕਰਨਾ ਅਤੇ ਈ-ਰਿਕਸ਼ਾ ਚਾਲਕਾਂ ਵੱਲੋਂ ਸੜਕ ਵਿਚਾਲੇ ਹੀ ਬਰੇਕ ਮਾਰ ਕੇ ਸਵਾਰੀ ਚੁੱਕਣਾ ਰਾਹਗੀਰਾਂ ਲਈ ਮੁਸੀਬਤ ਬਣ ਗਿਆ ਹੈ। ਸੜਕ ਦੇ ਦੋਵੇਂ ਪਾਸੇ ਸਬਜ਼ੀਆਂ, ਫ਼ਲਾਂ, ਫਾਸਟ ਫੂਡ ਦੀਆਂ ਰੇਹੜੀਆਂ ਖ਼ਾਸ ਕਰਕੇ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਕਾਲਜ ਦੀ ਕੰਧ ਨਾਲ, ਬੱਸ ਅੱਡਾ ਰੋਡ, ਕਿਲਾ-ਨਾਭਾ ਰੋਡ ਤੇ ਜਰਗ ਰੋਡ ’ਤੇ ਖੜ੍ਹਦੀਆਂ ਹਨ। ਕਾਲਜ ਨੇੜੇ ਸ਼ਾਮ ਵਕਤ ਫਾਸਟ ਫੂਡ ਦੀਆਂ ਰੇਹੜੀਆਂ ਕਾਰਨ ਅਕਸਰ ਹੀ ਜਾਮ ਲੱਗ ਜਾਂਦਾ ਹੈ। ਗਰੇਵਾਲ ਚੌਕ ’ਚ ਪੁਰਾਣੇ ਬਾਈਕ ਵੇਚਣ ਵਾਲਿਆਂ ਵੱਲੋਂ ਸੜਕ ਤੱਕ ਖੜ੍ਹੇ ਕੀਤੇ ਦੋਪਹੀਆ ਵਾਹਨ ਪੈਦਲ ਚੱਲਣ ਵਾਲਿਆਂ ਲਈ ਮੁਸੀਬਤ ਹਨ। ਬਹੁਤ ਸਾਰੇ ਵਾਹਨ ਸਿਰਫ਼ ਇੱਕ ਪਾਸੇ ਵਾਲੀ ਹੈੱਡ ਲਾਈਟ ਲਾ ਕੇ ਚੱਲਦੇ ਹਨ, ਜੋ ਰਾਤ ਸਮੇਂ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ ਤੇ ਕਈਆਂ ਦੇ ਪਿੱਛੇ ਰਿਫ਼ਲੈਕਟਰ ਨਹੀਂ ਹੁੰਦੇ। ਮਾਸਟਰ ਮੇਲਾ ਸਿੰਘ ਅਤੇ ਇੰਜਨੀਅਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਦੀ ਆਵਾਜਾਈ ਵਿਵਸਥਾ ਨੂੰ ਸਿਰਫ਼ ਇਕੱਲੀ ਟਰੈਫ਼ਿਕ ਪੁਲੀਸ ਨਹੀਂ ਸੁਧਾਰ ਸਕਦੀ। ਇਸ ਲਈ ਪ੍ਰਸ਼ਾਸਨ, ਪੁਲੀਸ ਅਤੇ ਨਗਰ ਕੌਂਸਲ ਨੂੰ ਸਾਂਝੀ ਕਾਰਜ ਯੋਜਨਾ ਬਣਾਉਣੀ ਪਵੇਗੀ, ਬਾਜ਼ਾਰਾਂ ’ਚੋਂ ਨਾਜਾਇਜ਼ ਕਬਜ਼ੇ ਹਟਾਉਣੇ ਪੈਣਗੇ ਅਤੇ ਰਾਏਕੋਟ ਰੇਲਵੇ ਫਾਟਕ ਅਤੇ ਜਰਗ ਚੌਕ ਪੁਲ ਹੇਠਾਂ ਅਤੇ ਹੋਰ ਥਾਵਾਂ ਦੀ ਸ਼ਨਾਖ਼ਤ ਕਰ ਕੇ ਪਾਰਕਿੰਗ ਦਾ ਪ੍ਰਬੰਧ ਕਰਨਾ ਪਵੇਗਾ ਅਤੇ ਬਾਜ਼ਾਰਾਂ ’ਚ ਸੜਕ ਦੇ ਦੋਵੇਂ ਪਾਸੇ ਪਾਰਕਿੰਗ ਲਾਈਨ ਲਾਉਣੀ ਪਵੇਗੀ।ਟਰੈਫ਼ਿਕ ਇੰਚਾਰਜ ਗੁਰਮੁਖ ਸਿੰਘ ਲੱਡੀ ਨੇ ਕਿਹਾ ਕਿ ਸ਼ਹਿਰ ਦੇ ਆਵਾਜਾਈ ਪ੍ਰਬੰਧ ਨੂੰ ਸੁਧਾਰਨ ਲਈ ਸ਼ਹਿਰੀ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ।