ਪਟਿਆਲਾ ’ਚ ਸ਼ਡਿਊਲ ਰੋਡ ਐਕਟ ਦੀ ਉਲੰਘਣਾ
ਪੱਤਰ ਪ੍ਰੇਰਕ
ਪਟਿਆਲਾ, 30 ਜੂਨ
ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਲੋਕਾਂ ਨੂੰ ਬਦਲਾਅ ਦੀ ਉਮੀਦ ਸੀ ਪਰ ਦੇਖਣ ਵਿਚ ਇਸ ਤੋਂ ਉਲਟ ਹੋ ਰਿਹਾ ਹੈ। ਪਟਿਆਲਾ ਦਿਹਾਤੀ ਵਿਚ ਪੈਂਦੇ ਇਲਾਕੇ ਵਿੱਚ ਸ਼ਡਿਊਲ ਰੋਡ ’ਤੇ ਸ਼ਰੇਆਮ ਉਸਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸ਼ਾਹੀ ਸ਼ਹਿਰ ਵਿਚ ਨਗਰ ਨਿਗਮ ਦੇ ਹੇਠਲੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਸ਼ਡਿਊਲ ਰੋਡ ਐਕਟ ਦੀ ਭਾਰੀ ਉਲੰਘਣਾ ਕੀਤੀ ਜਾ ਰਹੀ ਹੈ। ਇਹ ਮਾਮਲਾ ਸਥਾਨਕ ਮੜ੍ਹੀਆਂ ਰੋਡ ਤ੍ਰਿਪੜੀ ਵਿੱਚ ਸਾਹਮਣੇ ਆਇਆ ਹੈ, ਜਿੱਥੇ ਇਕ ਮੋਬਾਈਲ ਰਿਪੇਅਰ ਦਾ ਸ਼ੋਅਰੂਮ ਬਣਾਏ ਜਾਣ ਦੀਆਂ ਕਨਸੋਅਾਂ ਹਨ। ਬੇਸ਼ੱਕ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਸਾਰੀਆਂ ਫ਼ੀਸਾਂ ਭਰੀਆਂ ਹੋਈਆਂ ਹਨ ਪਰ ਇਹ ਸਭ ਕੁਝ ਸ਼ਡਿਊਲ ਰੋਡ ਐਕਟ ਦੇ ਵਿਰੁੱਧ ਹੈ। ਜਾਣਕਾਰੀ ਮੁਤਾਬਕ ਸ਼ਡਿਊਲ ਰੋਡ ਨੂੰ ਕਿਸੇ ਵੀ ਸਮੇਂ ਕਿੰਨਾ ਵੀ ਖੁੱਲ੍ਹਾ ਕੀਤਾ ਜਾ ਸਕਦਾ ਹੈ। ਸਮੇਂ ਮੁਤਾਬਕ ਆਸ-ਪਾਸ ਦੀ ਜਗ੍ਹਾ ਨੂੰ ਅੈਕੁਵਾਇਰ ਕਰਨ ਦੀ ਲੋੜ ਵੀ ਪੈ ਸਕਦੀ ਹੈ। ਮਾਹਿਰਾਂ ਅਨੁਸਾਰ ਸ਼ਡਿਊਲ ਰੋਡ ’ਤੇ ਕੋਈ ਵੀ ਕਮਰਸ਼ੀਅਲ ਉਸਾਰੀ ਨਹੀਂ ਹੋ ਸਕਦੀ। ਰਿਹਾਇਸ਼ੀ ਉਸਾਰੀ ਵੀ ਅੱਗੇ ਪਿੱਛੇ ਕਾਫ਼ੀ ਜਗ੍ਹਾ ਛੱਡ ਕੇ ਕਰਨੀ ਪੈਂਦੀ ਹੈ ਤਾਂ ਕੇ ਸ਼ਡਿਊਲ ਰੋਡ ਖੁੱਲ੍ਹਾ ਕਰਨ ਸਮੇਂ ਦਿੱਕਤ ਨਾ ਆਵੇ ਅਤੇ ਐਕਟ ਮੁਤਾਬਕ ਰੋਡ ਨੂੰ ਬਣਾਇਆ ਜਾ ਸਕੇ ਪਰ ਇੱਥੇ ਅਜਿਹਾ ਕੁਝ ਵੀ ਨਹੀਂ ਹੋ ਰਿਹਾ। ਜਾਣਕਾਰੀ ਮਿਲੀ ਹੈ ਕਿ ਸ਼ਡਿਊਲ ਰੋਡ ’ਤੇ ਉਕਤ ਉਸਾਰੀ ਕਾਫ਼ੀ ਦੇਰ ਪਹਿਲਾਂ ਸ਼ੁਰੂ ਕੀਤੀ ਗਈ ਸੀ ਪਰ ਫਿਰ ਰੋਕ ਦਿੱਤੀ ਗਈ ਅਤੇ ਹੁਣ ਫਿਰ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਗੱਲਬਾਤ ਕਰਨ ’ਤੇ ਉਸਾਰੀ ਦਾ ਕੰਮਕਾਜ ਦੇਖ ਰਹੇ ਜਸਪਾਲ ਸਿੰਘ ਨੇ ਦੱਸਿਆ ਕੇ ਉਨ੍ਹਾਂ ਨੇ ਨਕਸ਼ਾ ਰਿਹਾਇਸ਼ੀ ਪਾਸ ਕਰਵਾਇਆ ਹੋਇਆ ਹੈ। ਨਿਗਮ ਦੇ ਸੀਨੀਅਰ ਅਧਿਕਾਰੀ ਨਾਲ ਉਕਤ ਮਾਮਲੇ ਸਬੰਧੀ ਗੱਲਬਾਤ ਕਰਨ ’ਤੇ ਏਟੀਪੀ ਨੀਰਜ ਭੱਟੀ ਦਾ ਕਹਿਣਾ ਹੈ ਕਿ ਉਹ ਸ਼ਿਕਾਇਤ ਤੋਂ ਬਗੈਰ ਕੋਈ ਵੀ ਕਾਰਵਾਈ ਨਹੀਂ ਕਰ ਸਕਦੇ। ਸ਼ਿਕਾਇਤ ਮਿਲਣ ’ਤੇ ਹੀ ਕਾਰਵਾਈ ਕੀਤੀ ਜਾਵੇਗੀ।