ਨੇਮਾਂ ਦੀ ਉਲੰਘਣਾ: ਸਕੂਲੀ ਬੱਸਾਂ ਦੇ ਚਲਾਨ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 21 ਨਵੰਬਰ
ਹਰਿਆਣਾ ਰਾਜ ਬਾਲ ਸੁਰੱਖਿਆ ਕਮਿਸ਼ਨ ਦੀ ਮੈਂਬਰ ਮੀਨਾ ਕੁਮਾਰੀ ਤੇ ਮੰਗੇ ਰਾਮ ਦੀ ਅਗਵਾਈ ਹੇਠ ਸਾਂਝੀ ਗਠਿਤ ਟੀਮ ਨੇ ਅੱਜ ਦੂਜੇ ਦਿਨ ਵੀ ਸ਼ਾਹਬਾਦ ਬਲਾਕ ਤਹਿਤ ਚਾਰ ਸਕੂਲਾਂ ਦੇ ਵਾਹਨਾਂ ਦੀ ਅਚਨਚੇਤੀ ਚੈਕਿੰਗ ਕੀਤੀ ਗਈ। ਇਸ ਦੌਰਾਨ ਨਿਰੀਖਣ ਦੌਰਾਨ ਕਮੀ ਪਾਏ ਗਏ ਵਾਹਨਾਂ ਤੇ ਮੋਟਰ ਵਹੀਕਲ ਐਕਟ 1988 ਦੇ ਤਹਿਤ ਕਾਰਵਾਈ ਕਰਕੇ ਚਲਾਨ ਕੱਟੇ ਗਏ। ਕਮਿਸ਼ਨ ਦੇ ਮੈਂਬਰ ਮੀਨਾ ਕੁਮਾਰੀ ਨੇ ਸਕੂਲ ਮੁਖੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਸਕੂਲ ਬੱਸਾਂ ਵਿਚ ਪਾਈਆਂ ਖਾਮੀਆਂ ਨੂੰ ਤੁਰੰਤ ਤਿੰਨ ਦਿਨਾਂ ਤਕ ਠੀਕ ਕੀਤਾ ਜਾਵੇ। ਇਸ ਦੌਰਾਨ ਕਿਸੇ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਕਮਿਸ਼ਨ ਤੇ ਸਬੰਧਤ ਟੀਮਾਂ ਸਕੂਲੀ ਬੱਸਾਂ ਦਾ ਨਿਰੀਖਣ ਕਰਦੀਆਂ ਰਹਿਣਗੀਆਂ। ਕਮਿਸ਼ਨ ਦੇ ਮੈਂਬਰਾਂ ਦੀ ਟੀਮ ਵਿੱਚ ਸ਼ਾਮਲ ਅਧਿਕਾਰੀਆਂ ਵੱਲੋਂ ਸਕੂਲੀ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਡਰਾਈਵਰਾਂ ਨੂੰ ਕਿਹਾ ਕਿ ਬੱਸਾਂ ਨੂੰ ਨਿਰਧਾਰਤ ਸਪੀਡ ’ਤੇ ਚਲਾਓ, ਬੱਸ ਨੂੰ ਓਵਰ ਟੇਕ ਨਾ ਕਰੋ, ਸ਼ਰਾਬ ਪੀ ਕੇ ਗੱਡੀ ਨਾ ਚਲਾਓ ਤੇ ਹਮੇਸ਼ਾ ਸੀਟ ਬੈਲਟ ਦੀ ਵਰਤੋਂ ਕਰੋ। ਇਸ ਮੁਹਿੰਮ ਦੌਰਾਨ ਉਨ੍ਹਾਂ ਨਾਲ ਸੁਨੀਲ ਕੁਮਾਰ ਮੋਟਰ ਵਹੀਕਲ ਅਫਸਰ, ਇੰਦੂ ਸ਼ਰਮਾ ਜ਼ਿਲ੍ਹਾ ਪ੍ਰੋਗਾਰਮ ਅਧਿਕਾਰੀ, ਰਿਚਾ ਰਾਣੀ, ਜੋਗਿੰਦਰ ਢੁੱਲ, ਗੁਰਨਾਮ ਸਿੰਘ ਐੱਸਐੱਚਓ, ਗਜੇ ਸਿੰਘ ਫਾਇਰ ਅਧਿਕਾਰੀ, ਅਰਚਨਾ ਰਾਣੀ ,ਮਦਨ ਲਾਲ, ਕੁਲਬੀਰ ਸਿੰਘ ਮੌਜੂਦ ਸਨ।