ਕਾਨੂੰਨਾਂ ਦੀ ਉਲੰਘਣਾ ਕਰਕੇ ਜ਼ਮੀਨ ਤੇ ਸਾਗਰ ’ਚ ਨਵੇਂ ਤਣਾਅ ਪੈਦਾ ਹੋਏ: ਜੈਸ਼ੰਕਰ
ਨਵੀਂ ਦਿੱਲੀ, 17 ਮਈ
ਚੀਨ ਵੱਲੋਂ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਦੇ ਨਾਲ ਨਿੱਤ ਨਵੀਆਂ ਚੁਣੌਤੀਆਂ ਖੜ੍ਹੀਆਂ ਕਰਨ ਤੇ ਦੱਖਣੀ ਚੀਨ ਸਾਗਰ ਵਿਚ ਧੌਂਸਬਾਜ਼ੀ ਤੇ ਡਰਾਉਣ ਧਮਕਾਉਣ ਵਾਲੀਆਂ ਜੁਗਤਾਂ ਦਰਮਿਆਨ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਕਿਹਾ ਕਿ ਸਮਝੌਤਿਆਂ ਦਾ ਨਿਰਾਦਰ ਤੇ ਕਾਨੂੰਨ ਦੀ ਅਵੱਗਿਆ ਕਰਕੇ ਏਸ਼ੀਆ ਵਿਚ ਜ਼ਮੀਨ ਤੇ ਸਾਗਰ ਵਿਚ ਨਵੇਂ ਤਣਾਅ ਪੈਦਾ ਹੋਏ ਹਨ। ਜੈਸ਼ੰਕਰ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀਆਈਆਈ) ਵੱਲੋਂ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਵਿਦੇਸ਼ ਮੰਤਰੀ ਨੇ ਇਸ ਮੌਕੇ ਕਰੰਸੀ ਦੀ ਤਾਕਤ ਦੀ ਗੱਲ ਵੀ ਕੀਤੀ। ਉਨ੍ਹਾਂ ਗੱਲ ਕੀਤੀ ਕਿ ਆਲਮੀ ਕੂਟਨੀਤੀ ਦੇ ‘ਟੂਲਬਾਕਸ’ ਵਿਚ ‘ਪਾਬੰਦੀਆਂ ਦੇ ਖਤਰੇ’ ਦਾ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾ ਰਿਹਾ ਹੈ।
ਜੈਸ਼ੰਕਰ ਨੇ ਇਹ ਬਿਆਨ ਅਜਿਹੇ ਮੌਕੇ ਦਿੱਤਾ ਹੈ ਜਦੋਂ ਕੁਝ ਦਿਨ ਪਹਿਲਾਂ ਭਾਰਤ ਤੇ ਇਰਾਨ ਵਿਚਾਲੇ ਚਾਬਹਾਰ ਬੰਦਰਗਾਹ ਨੂੰ ਲੈ ਕੇ ਸਮਝੌਤੇ ਮਗਰੋਂ ਅਮਰੀਕਾ ਨੇ ਪਾਬੰਦੀਆਂ ਲਾਉਣ ਦੀ ਚੇਤਾਵਨੀ ਦਿੱਤੀ ਸੀ। ਵਿਦੇਸ਼ ਮੰਤਰੀ ਨੇ ਪਾਕਿਸਤਾਨ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਅਤਿਵਾਦ ਤੇ ਕੱਟੜਵਾਦ ਨੇ ਉਨ੍ਹਾਂ ਨੂੰ ਹੀ ਨਿਗਲਣਾ ਸ਼ੁਰੂ ਕਰ ਦਿੱਤਾ ਹੈ, ਜੋ ਲੰਮੇ ਸਮੇਂ ਤੋਂ ਇਸ ਦਾ ਓਟ ਆਸਰਾ ਲੈਂਦੇ ਆਏ ਹਨ। ਜੈਸ਼ੰਕਰ ਨੇ ਯੂਕਰੇਨ ਜੰਗ ਦੇ ਨਤੀਜਿਆਂ, ਪੱਛਮੀ ਏਸ਼ੀਆਂ ਵਿਚ ਹਿੰਸਾ ਦਾ ਵਧਣਾ ਅਤੇ ਵਾਤਾਵਰਨ ਨਾਲ ਜੁੜੀਆਂ ਘਟਨਾਵਾਂ, ਡਰੋਨ ਹਮਲਿਆਂ ਦੀਆਂ ਘਟਨਾਵਾਂ, ਭੂ-ਸਿਆਸੀ ਤਣਾਅ ਤੇ ਪਾਬੰਦੀਆਂ ਦੇ ਮੱਦੇਨਜ਼ਰ ਸਾਜ਼ੋ-ਸਾਮਾਨ ਸਬੰਧੀ ਅੜਿੱਕਿਆਂ ਬਾਰੇ ਤਫ਼ਸੀਲ ਵਿਚ ਚਰਚਾ ਕੀਤੀ। ਜੈਸ਼ੰਕਰ ਨੇ ਸੀਆਈਆਈ ਦੀ ਸਾਲਾਨਾ ਆਮ ਬੈਠਕ ਵਿਚ ਕਿਹਾ, ‘‘ਕੁੱਲ ਆਲਮ ਤਿੰਨ ‘ਐੱਫ’ ਭਾਵ ਫਿਊਲ, ਫੂਡ ਤੇ ਫਰਟੀਲਾਈਜ਼ਰਜ਼ (ਈਂਧਣ, ਖੁਰਾਕ ਤੇ ਯੂਰੀਆ) ਦੇ ਸੰਕਟ ਨਾਲ ਜੂਝ ਰਿਹਾ ਹੈ। ਸਮਝੌਤਿਆਂ ਦਾ ਅਨਾਦਰ ਤੇ ਕਾਨੂੰਨ ਦੇ ਰਾਜ ਦੀ ਉਲੰਘਣਾ ਕੀਤੇ ਜਾਣ ਕਰਕੇ ਏਸ਼ੀਆ ਵਿਚ ਜ਼ਮੀਨ ਤੇ ਸਾਗਰ ਵਿਚ ਨਵੇਂ ਤਣਾਅ ਪੈਦਾ ਹੋਏ ਹਨ।’’ ਉਨ੍ਹਾਂ ਕਿਹਾ, ‘‘ਭਾਰਤ ਲਈ ਅਹਿਮ ਹੈ ਕਿ ਉਹ ਖ਼ੁਦ ’ਤੇ ਇਸ ਦਾ ਘੱਟ ਤੋਂ ਘੱਟ ਅਸਰ ਪੈਣ ਦੇਵੇ ਅਤੇ ਜਿੱਥੋਂ ਤੱਕ ਸੰਭਵ ਹੋ ਸਕੇ ਕੁੱਲ ਆਲਮ ਨੂੰ ਸਥਿਰ ਕਰਨ ਵਿਚ ਯੋਗਦਾਨ ਦੇਵੇ। ‘ਭਾਰਤ ਪਹਿਲਾਂ’ ਤੇ ‘ਵਾਸੂਧੈਵ ਕੁਟੁੰਬਕਮ’ ਦਾ ਢੁੱਕਵਾਂ ਸੁਮੇਲ ਸਾਡੀ ਦਿੱਖ ਨੂੰ ‘ਵਿਸ਼ਵ ਬੰਧੂ’ ਦੇ ਰੂਪ ਵਿਚ ਪਰਿਭਾਸ਼ਤ ਕਰਦਾ ਹੈ।’’ -ਪੀਟੀਆਈ